ਲਾਡੋਵਾਲੀ ਰੋਡ ''ਤੇ ਦੁਕਾਨਦਾਰਾਂ ਨੇ ਕਬਜ਼ੇ ਛੱਡੇ, ਪੁਲਸ ਨੇ ਕੀਤੀ ਵੀਡੀਓਗ੍ਰਾਫੀ

11/21/2019 5:24:13 PM

ਜਲੰਧਰ (ਵਰੁਣ)— ਲਾਡੋਵਾਲੀ ਰੋਡ 'ਤੇ ਸੜਕਾਂ ਤੇ ਫੁੱਟਪਾਥ 'ਤੇ ਕੀਤੇ ਕਬਜ਼ਿਆਂ ਨੂੰ ਜ਼ਿਆਦਾਤਰ ਦੁਕਾਨਦਾਰਾਂ ਨੇ ਬੁੱਧਵਾਰ ਹੀ ਛੱਡ ਦਿੱਤਾ। ਟ੍ਰੈਫਿਕ ਪੁਲਸ ਨੇ ਮੌਕੇ 'ਤੇ ਜਾ ਕੇ ਕਬਜ਼ੇ ਵਾਲੀ ਰੋਡ ਦੀ ਵੀਡੀਓਗ੍ਰਾਫੀ ਵੀ ਕੀਤੀ ਪਰ ਅਜੇ ਵੀ ਕੁਝ ਦੁਕਾਨਦਾਰ ਅਜਿਹੇ ਹਨ, ਜਿਨ੍ਹਾਂ ਨੇ ਕਬਜ਼ੇ ਨਹੀਂ ਛੱਡੇ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਅਤੇ ਟ੍ਰੈਫਿਕ ਪੁਲਸ ਦੀ ਟੀਮ ਨੇ ਲਾਡੋਵਾਲੀ ਰੋਡ 'ਤੇ ਜਾ ਕੇ ਮੁਆਇਨਾ ਕੀਤਾ, ਜਿਸ 'ਚ 90 ਫੀਸਦੀ ਦੁਕਾਨਦਾਰ ਅਜਿਹੇ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਅੰਦਰ ਕਰ ਲਿਆ ਸੀ, ਜਦੋਂ ਕਿ 10 ਦੁਕਾਨਦਾਰ ਅਜਿਹੇ ਸਨ, ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਸੀ। 

ਉਨ੍ਹਾਂ ਕਿਹਾ ਕਿ ਦੁਬਾਰਾ ਉਨ੍ਹਾਂ ਦੁਕਾਨਦਾਰਾਂ ਨੂੰ ਕਬਜ਼ੇ ਛੱਡਣ ਲਈ ਕਿਹਾ ਗਿਆ ਹੈ। ਜੇਕਰ ਵੀਰਵਾਰ ਨੂੰ ਕਿਸੇ ਵੀ ਦੁਕਾਨਦਾਰ ਵੱਲੋਂ ਕਬਜ਼ਾ ਕੀਤਾ ਹੋਇਆ ਮਿਲਿਆ ਤਾਂ ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕੀਤਾ ਜਾਵੇਗਾ ਤੇ ਲੋੜ ਪੈਣ 'ਤੇ ਧਾਰਾ 283 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ। ਟ੍ਰੈਫਿਕ ਪੁਲਸ ਨੇ ਰੋਡ 'ਤੇ ਰੇਹੜੀਆਂ ਲਾਉਣ ਵਾਲੇ ਲੋਕਾਂ ਨੂੰ ਵੀ ਰੇਹੜੀਆਂ ਸਹੀ ਢੰਗ ਨਾਲ ਖੜ੍ਹੀਆਂ ਕਰਨ ਲਈ ਕਿਹਾ।
ਦੱਸਣਯੋਗ ਹੈ ਕਿ ਟ੍ਰੈਫਿਕ ਪੁਲਸ ਨੇ ਲਾਡੋਵਾਲੀ ਰੋਡ ਦੇ ਦੁਕਾਨਦਾਰਾਂ ਨਾਲ ਕਾਫੀ ਸਮਾਂ ਪਹਿਲਾਂ ਹੀ ਮੀਟਿੰਗ ਕਰ ਕੇ ਫੁੱਟਪਾਥ 'ਤੇ ਕੀਤੇ ਕਬਜ਼ੇ ਛੱਡਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਤੇ ਨਿਗਮ ਦੀਆਂ ਟੀਮਾਂ ਨੇ ਦੁਕਾਨਦਾਰਾਂ ਨੂੰ ਸਾਮਾਨ ਅੰਦਰ ਰੱਖਣ ਦੀ ਚਿਤਾਵਨੀ ਦਿੱਤੀ ਸੀ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਇਸ ਵਾਰ ਸਾਰੇ ਕਬਜ਼ੇ ਹਰ ਹਾਲਤ ਵਿਚ ਛੁਡਵਾਏ ਜਾਣਗੇ।


shivani attri

Content Editor

Related News