ਰੂਪਨਗਰ ''ਚ ਸ਼ਰੇਆਮ ਨਾਜਾਇਜ਼ ਮਾਈਨਿੰਗ ਜਾਰੀ, NGT ਦੇ ਹੁਕਮਾਂ ਦਾ ਉੱਡਿਆ ਮਜ਼ਾਕ

10/30/2019 6:37:51 PM

ਰੂਪਨਗਰ (ਕੈਲਾਸ਼)— ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦਾ ਜ਼ਿਲੇ 'ਚ ਨਾਜਾਇਜ਼ ਮਾਈਨਿੰਗ ਮਾਫੀਏ ਅੱਗੇ ਮਜ਼ਾਕ ਉਡਾਇਆ ਗਿਆ ਹੈ। ਆਰ. ਟੀ. ਆਈ. ਰਾਹੀਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਆਪਣੇ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕਰਦੇ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਦੱਸਿਆ ਕਿ 9 ਮਹੀਨੇ ਬਾਅਦ ਵੀ ਨਾਜਾਇਜ਼ ਮਾਈਨਿੰਗ ਸਬੰਧੀ ਐੱਨ. ਜੀ. ਟੀ. ਦੇ ਹੁਕਮ 'ਤੇ ਜ਼ਿਲੇ 'ਚ ਜ਼ੀਰੋ ਕਾਰਵਾਈ ਹੋਈ ਹੈ।

ਉਨ੍ਹਾਂ ਦੱਸਿਆ ਕਿ 31 ਜਨਵਰੀ 2019 ਨੂੰ ਉਨ੍ਹਾਂ ਵੱਲੋਂ ਪਾਈ ਪਟੀਸ਼ਨ 'ਚ ਐੱਨ. ਜੀ. ਟੀ. ਨੇ ਰੂਪਨਗਰ ਜ਼ਿਲੇ 'ਚ ਨਾਜਾਇਜ਼ ਮਾਈਨਿੰਗ ਨੂੰ ਰੋਕਣ, ਨਾਜਾਇਜ਼ ਮਾਈਨਿੰਗ ਨਾਲ ਹੋਏ ਨੁਕਸਾਨ ਦੇ ਸਰਵੇਖਣ ਕਰਨ, ਨਾਜਾਇਜ਼ ਮਾਈਨਿੰਗ ਨਾਲ ਕੁਦਰਤੀ ਸਰੋਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਸਬੰਧੀ ਰਿਪੋਰਟ ਤਿਆਰ ਕਰਨ, ਜ਼ਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ ਕਰਨ, ਨਾਜਾਇਜ਼ ਮਾਈਨਿੰਗ 'ਚ ਵਰਤੇ ਵ੍ਹੀਕਲਾਂ ਨੂੰ ਉਨ੍ਹਾਂ ਦੀ ਸ਼ੋਅਰੂਮ ਦੀ ਕੀਮਤ ਦਾ 50 ਫੀਸਦੀ ਵਸੂਲੇ ਬਿਨਾਂ ਰਿਲੀਜ਼ ਨਾ ਕਰਨ ਦੇ ਹੁਕਮ ਕੀਤੇ ਸਨ। ਪਰ ਚੱਢਾ ਵੱਲੋਂ ਆਰ. ਟੀ. ਆਈ. ਰਾਹੀਂ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੀ ਸਥਿਤੀ ਬਾਰੇ ਵਿਭਾਗ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਇਨ੍ਹਾਂ ਹੁਕਮਾਂ ਦਾ ਕਿਸ ਤਰ੍ਹਾਂ ਮਜ਼ਾਕ ਉਡਾਇਆ ਗਿਆ ਹੈ। 

PunjabKesari

ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਐੱਨ. ਜੀ. ਟੀ. ਵੱਲੋਂ ਬਣਾਈ ਕਮੇਟੀ ਦੀ ਨੋਡਲ ਏਜੰਸੀ ਪ੍ਰਦੂਸ਼ਣ ਕੰਟਰੋਲ ਬੋਰਡ ਮੋਹਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਐੱਨ. ਜੀ. ਟੀ. ਦੇ ਹੁਕਮਾਂ ਨੂੰ ਲਾਗੂ ਕਰਨ ਦੀ ਇਕ ਰਿਪੋਰਟ ਬਣਾ ਕੇ ਏ. ਡੀ. ਸੀ. ਕਮ ਨੋਡਲ ਅਫਸਰ ਮਾਈਨਿੰਗ ਨੂੰ ਫਰਵਰੀ 2019 'ਚ ਭੇਜੀ ਗਈ ਸੀ। ਪ੍ਰਦੂਸ਼ਣ ਬੋਰਡ ਵੱਲੋਂ ਕਈ ਵਾਰ ਕਾਰਵਾਈ ਕਰਵਾਉਣ ਲਈ ਯਤਨ ਕਰਨ ਦੇ ਬਾਵਜੂਦ ਇਸ ਰਿਪੋਰਟ ਨੂੰ ਏ. ਡੀ. ਸੀ. ਕਮ ਨੋਡਲ ਅਫਸਰ ਮਾਈਨਿੰਗ ਦੇ ਦਫਤਰ ਕਿਸੇ ਨਾ ਕਿਸੇ ਬਹਾਨੇ 5 ਮਹੀਨਿਆਂ ਤੱਕ ਲਟਕਾ ਕੇ ਰੱਖਿਆ ਗਿਆ। ਪ੍ਰਦੂਸ਼ਣ ਬੋਰਡ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਾ ਤਾਂ ਮਾਈਨਿੰਗ ਅਫਸਰ ਵੱਲੋਂ ਜਾਣਕਾਰੀ ਦਿੱਤੀ ਅਤੇ ਨਾ ਹੀ ਏ. ਡੀ. ਸੀ. ਵੱਲੋਂ ਅਗਲੇਰੀ ਕਾਰਵਾਈ ਕੀਤੀ।

PunjabKesari

ਚੱਢਾ ਨੇ ਦੱਸਿਆ ਕਿ ਇਸ ਆਰ. ਟੀ. ਆਈ. ਦੀ ਜਾਣਕਾਰੀ ਨਾਲ ਇਹ ਤੱਥ ਸ਼ਰੇਆਮ ਸਾਬਤ ਹੋ ਗਿਆ ਹੈ ਕਿ ਰੂਪਨਗਰ ਜ਼ਿਲੇ 'ਚ ਐੱਨ. ਜੀ. ਟੀ. ਦੇ ਹੁਕਮਾਂ 'ਤੇ ਕਾਰਵਾਈ ਹੋਣਾ ਤਾਂ ਦੂਰ ਦੀ ਗੱਲ ਸਗੋਂ ਇਨ੍ਹਾਂ ਹੁਕਮਾਂ ਨਾਲ ਕਿਸੇ ਦੇ ਕੰਨ 'ਤੇ ਜੂੰ ਵੀ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਏ. ਡੀ. ਸੀ. ਕਮ ਨੋਡਲ ਅਫਸਰ ਮਾਈਨਿੰਗ, ਐੱਸ. ਡੀ. ਐੱਮ. ਅਨੰਦਪੁਰ ਸਾਹਿਬ, ਮਾਈਨਿੰਗ ਵਿਭਾਗ ਦੇ ਅਧਿਕਾਰੀਆਂ, ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਅਨੇਕਾਂ ਪੱਤਰ, ਕਾਨੂੰਨੀ ਨੋਟਿਸ ਇਨ੍ਹਾਂ 9 ਮਹੀਨਿਆਂ 'ਚ ਲਿਖੇ ਗਏ ਪਰ ਐੱਨ. ਜੀ. ਟੀ. ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ। ਚੱਢਾ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਦੀ ਬਜਾਏ ਹੁਣ ਗੁੰਡਾ ਪਰਚੀ ਕਟਵਾ ਕੇ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ। ਚੱਢਾ ਨੇ ਦੱਸਿਆ ਕਿ ਐੱਨ. ਜੀ. ਟੀ. ਦੇ ਹੁਕਮਾਂ ਦੇ ਉੱਡਾਏ ਇਸ ਮਜ਼ਾਕ ਬਾਰੇ ਉਨ੍ਹਾਂ ਵੱਲੋਂ ਐੱਨ. ਜੀ. ਟੀ. ਨੂੰ ਜਾਣਕਾਰੀ ਭੇਜੀ ਜਾ ਚੁੱਕੀ ਹੈ। ਚੱਢਾ ਨੇ ਕਿਹਾ ਕਿ ਰੂਪਨਗਰ ਜ਼ਿਲੇ 'ਚ ਕੁਦਰਤੀ ਸ੍ਰੋਤਾਂ ਦੀ ਰੋਜ਼ਾਨਾ ਕਰੋੜਾਂ ਦੀ ਹੋ ਰਹੀ ਲੁੱਟ ਤੇ ਗੁੰਡਾ ਪਰਚੀ ਮਾਫੀਆ ਬਾਰੇ ਜ਼ਿਲੇ ਦੇ ਚੁਣੇ ਨੁਮਾਇੰਦੇ 'ਚ ਚੁੱਪ ਵੱਟੀ ਬੈਠੇ ਹਨ।


shivani attri

Content Editor

Related News