ਰੇਕੀ ਕਰਕੇ ਨਾਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼, ਦੋ ਚੜ੍ਹੇ ਪੁਲਸ ਅੜਿੱਕੇ

02/23/2019 6:27:10 PM

ਮਾਹਿਲਪੁਰ (ਅਮਰੀਕ)— ਬਲਾਕ ਮਾਹਿਲਪੁਰ ਦੇ ਪਿੰਡ ਮਨੋਲੀਆਂ ਵਿਖੇ ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਮਾਈਨਿੰਗ ਮਾਫੀਆ ਵੱਲੋਂ ਪਿੰਡ ਦੇ ਪੰਚਾਇਤੀ ਰਕਬੇ 'ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਨੂੰ ਅੱਜ ਤੜਕਸਾਰ ਰੰਗੇ ਹੱਥੀਂ ਕਾਬੂ ਕਰਕੇ ਜੰਗਲਾਤ ਅਤੇ ਸਬੰਧਤ ਵਿਭਾਗ ਦੇ ਹਵਾਲੇ ਕੀਤਾ ਗਿਆ। ਮੌਕੇ 'ਤੇ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਵੱਲੋਂ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਬੁਲਾ ਕੇ ਤੁਰੰਤ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ। ਦੱਸਣਯੋਗ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਪਿਛਲੇ 10 ਦਿਨਾਂ ਤੋਂ ਪੰਚਾਇਤੀ ਜ਼ਮੀਨ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਅਤੇ ਮਾਈਨਿੰਗ ਮਾਫੀਆ ਨੂੰ ਕਾਬੂ ਕਰਨ ਲਈ ਪਹਿਰੇ ਲਗਾਏ ਹੋਏ ਸਨ ਅਤੇ ਨਾਕਾਬੰਦੀ ਕੀਤੀ ਹੋਈ ਸੀ। 

PunjabKesari
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨੋਲੀਆਂ ਦੇ ਸਰਪੰਚ ਬਲਵਿੰਦਰ ਸਿੰਘ ਬੱਬੂ, ਗੁਰਦੀਪ ਸਿੰਘ ਪੰਚ, ਅਮਰਜੀਤ ਸਿੰਘ ਬਿੱਲੂ, ਤਾਰਾ ਚੰਦ ਪੰਚ, ਕੁਲਦੀਪ ਸਿੰਘ, ਵਰਿੰਦਰਜੀਤ ਸਿੰਘ ਫਲੌਰਾ ਨੇ ਜੰਗਲਾਤ ਵਿਭਾਗ, ਮਾਈਨਿੰਗ ਵਿਭਾਗ ਸਮੇਤ ਮਾਹਿਲਪੁਰ ਪੁਲਸ ਨੂੰ ਦਿੱਤੀਆਂ ਸ਼ਿਕਾਇਤਾਂ 'ਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਮਨੋਲੀਆਂ ਦੇ ਬਾਹਰਵਾਰ ਮਾਈਨਿੰਗ ਮਾਫੀਆ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਚਾਇਤੀ ਰਕਬੇ 'ਚ ਜੇ. ਸੀ. ਬੀ. ਮਸ਼ੀਨ ਨਾਲ ਮਾਈਨਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਮਾਈਨਿੰਗ ਵਾਲੀ ਇਸ ਥਾਂ 'ਤੇ ਪਿਛਲੇ ਕਈ ਦਿਨਾਂ ਤੋਂ ਨਾਕਾਬੰਦੀ ਲਗਾ ਕੇ ਰੇਤ ਮਾਫੀਆ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੀ ਰਾਤ ਢਾਈ ਵਜੇ ਦੇ ਕਰੀਬ ਉਨ੍ਹਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਤੜਕਸਾਰ ਹੀ ਜੇ. ਸੀ. ਬੀ. ਅਤੇ ਇਕ ਟਰੈਕਟਰ-ਟਰਾਲੀ ਵਾਲੇ ਨੇ ਆ ਕੇ ਪੰਚਾਇਤੀ ਜਮੀਨ 'ਚੋਂ ਰੇਤਾ ਦੀ ਚੋਰੀ ਸ਼ੁਰੂ ਕਰ ਦਿੱਤੀ। 
ਉਨ੍ਹਾਂ ਦੱਸਿਆ ਕਿ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਜਿਨ੍ਹਾਂ ਪਹਿਲਾਂ ਹੀ ਨਾਕਾਬੰਦੀ ਕੀਤੀ ਹੋਈ ਸੀ ਤੁੰਰਤ ਘੇਰਾ ਪਾ ਕੇ ਟਰੈਕਟਰ ਚਾਲਕ ਰਮਨਦੀਪ ਸਿੰਘ ਵਾਸੀ ਸਰਹਾਲਾ ਅਤੇ ਗੁਰਨਾਮ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੁਝ ਵਿਅਕਤੀ ਦੌੜਨ 'ਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁੰਰਤ ਜੰਗਲਾਤ ਵਿਭਾਗ ਨੂੰ ਮੌਕੇ 'ਤੇ ਬੁਲਾ ਲਿਆ। ਮਸ਼ੀਨ ਅਤੇ ਟਰੈਕਟਰ ਉਨ੍ਹਾਂ ਦੇ ਹਵਾਲੇ ਕਰਕੇ ਮਾਈਨਿੰਗ ਵਿਭਾਗ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ। ਪੰਚਾਇਤ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਮਿਹਨਤ ਨਾਲ ਜੀਵਨ ਖਤਰੇ ਵਿਚ ਪਾ ਕੇ ਟਰੈਕਟਰ ਟਰਾਲੀ ਅਤੇ ਜੇ. ਸੀ. ਬੀ. ਮਸ਼ੀਨ ਕਾਬੂ ਕਰਕੇ ਜੰਗਲਾਤ ਵਿਭਾਗ ਦੇ ਹਵਾਲ ਕਰਕੇ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਪਰ ਤਿੰਨ ਵਜੇ ਤੱਕ ਕਿਸੇ ਵੀ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਕਰਨ ਤੋਂ ਆਨਾਕਾਨੀ ਕੀਤੀ ਗਈ।


shivani attri

Content Editor

Related News