5ਵੇਂ ਦਿਨ ਵੀ ਜਾਰੀ ਰਹੀ ਪਵਿੱਤਰ ਨਗਰੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਭੁੱਖ ਹੜਤਾਲ

12/14/2019 8:12:45 PM

ਸੁਲਤਾਨਪੁਰ ਲੋਧੀ,(ਸੋਢੀ) : ਪੰਜਾਬ ਸਰਕਾਰ ਵਲੋਂ 2010 ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੋਂ ਬਾਅਦ ਵੀ ਗੁਰੂ ਨਗਰੀ 'ਚ ਸ਼ਰੇਆਮ ਮੀਟ, ਸ਼ਰਾਬ ਤੇ ਤੰਬਾਕੂ ਆਦਿ ਵਿਕ ਰਿਹਾ ਹੈ ਤੇ ਹੋਟਲਾਂ, ਪੈਲਸਾਂ 'ਚ ਪਰੋਸਿਆ ਜਾ ਰਿਹਾ ਹੈ। ਜਿਸ ਨੂੰ ਬੰਦ ਕਰਵਾਉਣ ਲਈ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਨਸ਼ਾ ਮੁਕਤ ਕਰਵਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸੰਤਾਂ-ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਵੱਡਾ ਅੰਦੋਲਨ ਛੇੜ ਦਿੱਤਾ ਗਿਆ ਹੈ । ਇਸ ਸੰਬੰਧੀ ਗੁਰੂ ਨਗਰੀ ਨੂੰ ਨਸ਼ਾ ਮੁਕਤ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਈ ਲਖਵੀਰ ਸਿੰਘ ਮਹਾਲਮ ਵਲੋਂ ਆਰੰਭ ਕੀਤੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ, ਜੋ ਕਿ 15 ਦਸੰਬਰ ਨੂੰ 5ਵੇਂ ਦਿਨ ਚ ਸ਼ਾਮਿਲ ਹੋ ਜਾਵੇਗੀ । ਭੁੱਖ ਹੜਤਾਲ 'ਤੇ ਬੈਠੇ ਭਾਈ ਲਖਵੀਰ ਸਿੰਘ ਦੀ ਸਿਹਤ ਦਾ ਚੈਕਅੱਪ ਕਰਨ ਲਈ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਸਿਵਲ ਹਸਪਤਾਲ ਸੁਲਤਾਨਪੁਰ ਦੇ ਡਿਊਟੀ ਡਾਕਟਰ ਰਵਿੰਦਰਪਾਲ ਸ਼ੁਭ ਪੁੱਜੇ ਤੇ ਸਿਹਤ ਦਾ ਮੁਆਇਨਾ ਕੀਤਾ ।

PunjabKesari

ਅੱਜ ਇਸ ਅੰਦੋਲਨ ਦਾ ਸਮਰਥਨ ਕਰਨ ਲਈ ਬਾਬਾ ਬਿਧੀ ਚੰਦ ਦਲ ਸੰਪਰਦਾਇ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਵੱਡੀ ਗਿਣਤੀ 'ਚ ਸਾਥੀਆਂ ਸਮੇਤ ਪੁੱਜੇ ਤੇ ਭੁੱਖ ਹੜਤਾਲ 'ਤੇ ਬੈਠੇ ਸਿੱਖ ਭਾਈ ਮਹਾਲਮ ਨਾਲ ਗੁਰਦੁਆਰਾ ਬੇਰ ਸਾਹਿਬ ਰੋਡ 'ਤੇ ਲਗਾਏ ਰੋਸ ਧਰਨੇ 'ਚ ਬੈਠੇ। ਜਿਨ੍ਹਾਂ ਸਰਕਾਰ ਨੂੰ ਭਾਈ ਮਹਾਲਮ ਦੀ ਮੰਗ ਮੰਨਣ ਦੀ ਅਪੀਲ ਕਰਦੇ ਹੋਏ ਸੁਲਤਾਨਪੁਰ ਲੋਧੀ ਸ਼ਹਿਰ 'ਚੋਂ ਤੰਬਾਕੂ, ਮੀਟ, ਸ਼ਰਾਬ ਆਦਿ ਬੰਦ ਕਰਨ ਦੀ ਅਪੀਲ ਕੀਤੀ । ਬਾਬਾ ਅਵਤਾਰ ਸਿੰਘ ਨੇ ਸਮੂਹ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਅੰਦੋਲਨ 'ਚ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ । ਇਸ ਤੋਂ ਇਲਾਵਾ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ , ਭਾਈ ਸੋਹਣ ਸਿੰਘ ਲੁਧਿਆਣਾ , ਦਸ਼ਮੇਸ਼ ਅਕੈਡਮੀ ਦੇ ਚੇਅਰਮੈਨ ਭਾਈ ਸਵਰਨ ਸਿੰਘ ਖਾਲਸਾ , ਭਾਈ ਦਵਿੰਦਰ ਸਿੰਘ ਗੋਟੀ ,ਭਾਈ ਗੁਰਭੇਜ ਸਿੰਘ ਜੈਮਲ ਸਿੰਘ ਵਾਲਾ ਮੁਖੀ ਨਸ਼ਾ ਮੁਕਤ ਜਨ ਅੰਦੋਲਨ ਕਮੇਟੀ ਫਿਰੋਜ਼ਪੁਰ ,ਭਾਈ ਮਲੂਕ ਸਿੰਘ ਰਾਜ ਕਰੇਗਾ ਖਾਲਸਾ ਕਮੇਟੀ , ਭਾਈ ਗੁਰਮੁਖ ਸਿੰਘ ਮਾਨ ,  ਏਕਨੂਰ ਖਾਲਸਾ ਫੌਜ ਫਿਰੋਜ਼ਪੁਰ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ । ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਹੜਤਾਲ ਦੇ ਸਮਰਥਨ ਚ ਆਏ ਸਮੂਹ ਸੰਤਾਂ ਮਹਾਂਪੁਰਸ਼ਾਂ ਤੇ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਇਸ ਸ਼ੰਘਰਸ਼ ਤੋਂ ਘਬਰਾ ਗਈ ਹੈ ਤੇ ਭੁੱਖ ਹੜਤਾਲ ਤੇ ਸ਼ਾਂਤਮਈ ਬੈਠੇ ਭਾਈ ਮਹਾਲਮ ਤੇ ਮੈਨੂੰ ਜਬਰੀ ਚੁੱਕਣ ਦੀ ਤਾਕ ਵਿੱਚ ਹੈ ।  


Related News