ਸਿੱਖਾਂ ਪ੍ਰਤੀ ਸਰਕਾਰ ਦੇ ਬੇਪ੍ਰਵਾਹ ਵਤੀਰੇ ਖਿਲਾਫ਼ ਭਾਈਚਾਰੇ ’ਚ ਭਾਰੀ ਗੁੱਸਾ : ਜੀ. ਕੇ.

10/03/2022 5:01:03 PM

ਨਵੀਂ ਦਿੱਲੀ : ਪੰਥਕ ਆਗੂ ਜਥੇਦਾਰ ਸੰਤੋਖ ਸਿੰਘ ਦੀ ਪੰਥ ਪ੍ਰਤੀ ਸੋਚ ਨੂੰ ਸਮਰਪਿਤ ਨਿਰੋਲ ਧਾਰਮਿਕ ਪਾਰਟੀ ‘ਜਾਗੋ’ ਦਾ ਅੱਜ ਚੌਥਾ ਸਥਾਪਨਾ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਜੌਰੀ ਗਾਰਡਨ ਵਿਖੇ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਦੌਰਾਨ ਪਾਰਟੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਇਸ ਵੇਲੇ ਸਿੰਘ ਸਭਾ ਲਹਿਰ ਦੇ 149 ਸਾਲ ਪੂਰੇ ਹੋਣ ’ਤੇ ਅਰਧ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਵੀ ਸ਼ੁਰੂਆਤ ਹੋਈ।ਕੇਂਦਰ ਸਰਕਾਰ ਦੇ ਖਿਲਾਫ਼ ਸਿੱਖਾਂ ’ਚ ਰੋਸ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਜਥੇਦਾਰ ਸੰਤੋਖ ਸਿੰਘ ਜੀ ਦੀ 70 ਸਾਲਾਂ ਦੀ ਮਹਾਨ ਵਿਰਾਸਤ ਹੈ। ਜੀ. ਕੇ. ਨੇ ਹਰਿਆਣਾ ਕਮੇਟੀ ਦੀ ਆੜ ਵਿਚ ਸ਼੍ਰੋਮਣੀ ਕਮੇਟੀ ਨੂੰ ਤੋੜਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਤੋਂ ਪੰਥ ਨੂੰ ਸੁਚੇਤ ਕੀਤਾ।

ਬੰਦੀ ਸਿੰਘਾਂ ਦੇ ਮਾਮਲੇ ਵਿਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਦਾ ਜ਼ਿਕਰ ਕਰਦਿਆਂ ਜੀ. ਕੇ. ਨੇ ਸਵਾਲ ਕੀਤਾ ਕਿ ਜੇਕਰ ਜਬਰ-ਜ਼ਨਾਹ ਦੇ ਮੁਲਜ਼ਮ ਰਾਮ ਰਹੀਮ ਨੂੰ ਪੈਰੋਲ ਤੇ ਫਰਲੋ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਅਤੇ ਬਿਲਕਿਸ ਬਾਨੋ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਦੇ ਪਰਿਵਾਰਕ ਜੀਆਂ ਨੂੰ ਮਾਰਨ ਵਾਲਿਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਫਿਰ ਬੰਦੀ ਸਿੰਘਾਂ ਵੇਲੇ ਇਹ ਰਿਆਇਤਾਂ ਕਿੱਥੇ ਚਲੀਆਂ ਜਾਂਦੀਆਂ ਹਨ? ਜੀ. ਕੇ. ਨੇ ਦਾਅਵਾ ਕੀਤਾ ਸਰਕਾਰ ਦੇ ਸਿੱਖਾਂ ਖ਼ਿਲਾਫ਼ ਅਜਿਹੇ ਬੇਪ੍ਰਵਾਹ ਵਤੀਰੇ ਕਰ ਕੇ ਹੀ ਅੱਜ ਸਰਕਾਰ ਦੇ ਖਿਲਾਫ਼ ਸਿੱਖਾਂ ਵਿਚ ਭਾਰੀ ਗੁੱਸਾ ਹੈ।

ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਵੱਲੋਂ ਪੜ੍ਹੇ ਗਏ 4 ਮਤਿਆਂ ਸੰਵਿਧਾਨ ਅਤੇ ਇਨਸਾਫ਼ ਦੀ ਰੌਸ਼ਨੀ ਵਿਚ ਸਮੂਹ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਸ਼੍ਰੋਮਣੀ ਕਮੇਟੀ ਦੀ ਅਖੰਡਤਾ ਨਾਲ ਛੇੜਛਾੜ ਦੀ ਗਲਤੀ  ਕਰੇ ਅਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਸਰਕਾਰ ਤੁਰੰਤ ਸਿੱਖਾਂ ਦੇ ਹਵਾਲੇ ਕਰੇ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੌਰਾਨ ਤੇ ਮੈਟਰੋ ਸਟੇਸ਼ਨਾਂ ’ਤੇ ਸਿੱਖ ਕਕਾਰਾਂ ਨੂੰ ਲੈ ਕੇ ਸਿੱਖਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਸਾਹਮਣੇ ਆਉਂਦੇ ਰੁਝਾਨ ਨੂੰ ਰੋਕਣ ਵਾਸਤੇ ਕੇਂਦਰ ਸਰਕਾਰ ਵਲੋਂ ਯੋਗ ਕਦਮ ਚੁੱਕਣੇ ਚਾਹੀਦੇ ਹਨ। ਸਾਰੀ ਸੰਗਤ ਵੱਲੋਂ ਇਸ ਮਤੇ' ਨੂੰ ਪ੍ਰਵਾਨਗੀ ਦਿੱਤੀ ਗਈ।

ਇਸ ਮੌਕੇ ਸਰਬਸੰਮਤੀ ਨਾਲ ਮਨਜੀਤ ਸਿੰਘ ਜੀ. ਕੇ. ਨੂੰ ਅਗਲੇ ਇਕ ਸਾਲ ਲਈ ਪਾਰਟੀ ਦਾ ਪ੍ਰਧਾਨ ਥਾਪਣ ਦਾ ਮਤਾ ਪਾਸ ਕੀਤਾ ਗਿਆ। ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਪ੍ਰਧਾਨ ਚਮਨ ਸਿੰਘ ਅਤੇ ਕਨਵੀਨਰ ਅਵਤਾਰ ਸਿੰਘ ਕਾਲਕਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ (ਬੰਦੀ ਸਿੰਘ) ਵੱਲੋਂ ਜੀ. ਕੇ. ਨੂੰ ਸਿਰੋਪਾਓ ਭੇਟ ਕੀਤਾ। ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਸਨਮਾਨਿਤ ਕਰਨ ਮੌਕੇ ਮਹਿੰਦਰ ਸਿੰਘ ਜੱਬਲ, ਡਾ. ਪਰਮਿੰਦਰਪਾਲ ਸਿੰਘ, ਪਰਮਜੀਤ ਸਿੰਘ ਰਾਣਾ ਤੇ ਹੋਰ ਸੱਜਣ ਮੌਜੂਦ ਸਨ।


 


Anuradha

Content Editor

Related News