ਹੁਸ਼ਿਆਰਪੁਰ ਜ਼ਿਲ੍ਹੇ ''ਚ 44 ਨਵੇਂ ਪਾਜ਼ੇਟਿਵ ਮਰੀਜ਼ ਆਏ, ਕੁੱਲ ਗਿਣਤੀ 7137 ਹੋਈ
Sunday, Dec 06, 2020 - 12:59 AM (IST)

ਹੁਸ਼ਿਆਰਪੁਰ,(ਘੁੰਮਣ)-ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 1512 ਨਵੇਂ ਸੈਂਪਲ ਲੈਣ, 1506 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਅਤੇ ਪਾਜ਼ੇਟਿਵ ਮਰੀਜ਼ਾਂ ਦੇ 44 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 7137 ਹੋ ਗਈ ਹੈ। ਜ਼ਿਲ੍ਹੇ 'ਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 2,02,589 ਹੋ ਗਈ ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 1,94,399 ਸੈਂਪਲ ਨੈਗੇਟਿਵ, ਜਦ ਕਿ 2440 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। 149 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 263 ਹੈ। ਐਕਟਿਵ ਕੇਸਾਂ ਦੀ ਗਿਣਤੀ 213 ਹੈ, ਜਦਕਿ ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 6661 ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿਚ 44 ਪਾਜ਼ੇਟਿਵ ਕੇਸ ਆਏ ਹਨ, ਹੁਸ਼ਿਆਰਪੁਰ ਸ਼ਹਿਰ ਨਾਲ 21 ਕੇਸ ਸਬੰਧਤ ਹਨ, ਜਦਕਿ ਬਾਕੀ ਜ਼ਿਲੇ ਦੇ ਸਿਹਤ ਕੇਂਦਰਾਂ ਦੇ 23 ਪਾਜ਼ੇਟਿਵ ਮਰੀਜ਼ ਹਨ। ਹੁਸ਼ਿਆਰਪੁਰ ਜ਼ਿਲੇ ਵਿਚ ਕੋਰੋਨਾ ਨਾਲ ਦੋ ਮੌਤਾਂ ਹੋਈਆਂ ਹਨ। 47 ਸਾਲਾ ਵਿਅਕਤੀ ਵਾਸੀ ਉੜਮੁੜ ਟਾਂਡਾ ਦੀ ਮੌਤ ਨਿੱਜੀ ਹਸਪਤਾਲ ਜਲੰਧਰ ਅਤੇ 75 ਸਾਲਾ ਔਰਤ ਵਾਸੀ ਬੱਸੀ ਕਲਾਂ ਦੀ ਮੌਤ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹੋਈ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬੀਮਾਰੀ ਦਾ ਜਲਦ ਪਤਾ ਲੱਗਣ 'ਤੇ ਇਸ 'ਤੇ ਕੰਟਰੋਲ ਕੀਤਾ ਜਾ ਸਕੇ।