ਹੁਸ਼ਿਆਰਪੁਰ ''ਚ ''ਘਰ-ਘਰ ਰੋਜ਼ਗਾਰ ਯੋਜਨਾ'' ਤਹਿਤ ਸੌਂਪੇ ਨਿਯੁਕਤੀ ਪੱਤਰ

07/08/2020 11:03:23 PM

ਹੁਸ਼ਿਆਰਪੁਰ : ਕੋਵਿਡ-19 ਮਹਾਂਮਾਰੀ ਨੇ ਜਿੱਥੇ ਪੂਰੇ ਵਿਸ਼ਵ ਨੂੰ ਆਰਥਿਕ ਤੌਰ 'ਤੇ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਪੰਜਾਬ ਸਰਕਾਰ ਨੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿਵਾ ਕੇ ਮੁਰਝਾਏ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ਸੂਬਾ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ 'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਨੌਜਵਾਨਾਂ ਨੂੰ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਤਾਲਾਬੰਦੀ ਦੌਰਾਨ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲਾ ਹੁਸ਼ਿਆਰਪੁਰ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿੱਥੇ 'ਘਰ-ਘਰ ਰੋਜ਼ਗਾਰ ਯੋਜਨਾ' ਸ਼ੁਰੂ ਕੀਤੀ ਗਈ ਹੈ, ਉਥੇ ਜ਼ਿਲਿਆਂ 'ਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੀ ਖੋਲੇ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਕੀਤੀ ਗਈ ਤਾਲਾਬੰਦੀ ਦੌਰਾਨ ਬਿਊਰੋ ਵਲੋਂ ਜਾਰੀ ਕੀਤੇ ਆਨਲਾਈਨ ਲਿੰਕ ਜ਼ਰੀਏ ਜ਼ਿਲੇ ਦੇ ਕਰੀਬ 500 ਵਿਅਕਤੀਆਂ ਦੀ ਪਲੇਸਮੈਂਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਲ 1500 ਅਸਾਮੀਆਂ ਪੂਰੀਆਂ ਕਰਵਾਈਆਂ ਜਾਣੀਆਂ ਹਨ, ਜਿਸ ਮੁਤਾਬਕ ਕਰੀਬ 1000 ਹੋਰ ਨੌਕਰੀਆਂ ਵੱਖ-ਵੱਖ ਅਦਾਰਿਆਂ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਮਾਰੀ ਦੇ ਨਾਜ਼ੁਕ ਦੌਰ 'ਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਦੇ ਅਧਿਕਾਰੀਆਂ ਵਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਬਣਾਏ ਜਾ ਰਹੇ ਵੁੱਡ ਪਾਰਕ ਤੋਂ ਇਲਾਵਾ ਰੋਜ਼ਗਾਰ ਦੇ ਹੋਰ ਮੌਕੇ ਵੀ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਜਿੱਥੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਮੁਬਾਰਕਬਾਦ ਦਿੱਤੀ, ਉਥੇ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਅੱਜ ਕੇਵਲ 40 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ, ਜਿਨਾਂ ਵਿੱਚ 23 ਲੜਕੀਆਂ ਅਤੇ 17 ਲੜਕੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਿਹੜੇ ਕਰੀਬ 500 ਵਿਅਕਤੀਆਂ ਦੀ ਪਲੇਸਮੈਂਟ ਕਰਵਾਈ ਗਈ ਹੈ, ਉਨ੍ਹਾਂ 'ਚ ਤਿੰਨ ਮੈਡੀਕਲ ਅਫ਼ਸਰਾਂ ਤੋਂ ਇਲਾਵਾ, ਡੇਂਗੂ ਜਾਂਚ ਟੀਮ ਦੇ 50 ਵਲੰਟੀਅਰ, ਲੈਬ ਟੈਕਨੀਸ਼ੀਅਨ 4, ਇਕ ਮਾਈਕਰੋ ਬਾਇਓਲੋਜਿਸਟ, ਕੋਵਿਡ ਸਰਵੇਅਰ 44, ਹਾਕਿੰਗਜ਼ 'ਚ 122 ਟਰੇਨੀ, ਊਸ਼ਾ ਮਾਰਟਿਨ 'ਚ 8 ਹੈਲਪਰ, ਕੋਟੈਕ ਲਾਈਫ ਇਨਸ਼ੋਰੈਂਸ 'ਚ 3 ਏਜੰਸੀ ਐਸੋਸੀਏਟ, ਫਿਊਚਰ ਜਨਰਲ ਲਾਈਫ ਇਨਸ਼ੋਰੈਂਸ 'ਚ 2 ਇਨਸ਼ੋਰੈਂਸ ਮੈਨੇਜਰ, ਮਾਈਨਿੰਗ ਵਿਭਾਗ ਵਿੱਚ 20 ਡਾਟਾ ਐਂਟਰੀ ਓਪਰੇਟਰ, ਸਿਵਲ ਹਸਪਤਾਲ ਵਿੱਚ 10 ਕੰਪਿਊਟਰ ਓਪਰੇਟਰ ਸ਼ਾਮਿਲ ਹਨ। ਇਨਾਂ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਵਪਾਰਕ ਅਦਾਰਿਆਂ ਵਿੱਚ ਯੋਗਤਾ ਮੁਤਾਬਕ ਵੱਖ-ਵੱਖ ਅਹੁਦਿਆਂ 'ਤੇ ਪਲੇਸਮੈਂਟ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਈ-ਸਵੈ-ਰੋਜ਼ਗਾਰ ਤਹਿਤ ਆਪਣਾ ਕੰਮ-ਧੰਦਾ ਸ਼ੁਰੂ ਕਰਨ ਲਈ ਕਰੀਬ 1800 ਬਿਨੈ ਪੱਤਰ ਪ੍ਰਾਪਤ ਹੋਏ ਹਨ, ਜਿਨਾਂ ਲਈ ਕਰਜ਼ਾ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵਲੋਂ ਜੋ ਉਨਾਂ ਨੂੰ ਪੈਰਾਂ ਸਿਰ ਖੜ•ਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ਼੍ਰੀ ਕਰਮ ਚੰਦ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕਰੀਅਰ ਕੌਂਸਲਰ ਸ਼੍ਰੀ ਅਦਿੱਤਿਆ ਰਾਣਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
 


Deepak Kumar

Content Editor

Related News