ਧਾਰਮਿਕ ਸਮਾਰੋਹਾਂ ਦੀਆਂ ਪਰਚੀਆਂ ਕੱਟਣ ਦੀ ਆੜ ''ਚ ਕਰਦੇ ਸਨ ਘਰਾਂ ''ਚ ਚੋਰੀ, ਪੁਲਸ ਨੇ ਕੀਤਾ ਗ੍ਰਿਫ਼ਤਾਰ

10/21/2020 4:07:28 PM

ਜਲੰਧਰ(ਜ. ਬ.): ਧਾਰਮਿਕ ਸਮਾਰੋਹਾਂ ਦੀ ਆੜ 'ਚ ਘਰ-ਘਰ ਜਾ ਕੇ ਪਰਚੀਆਂ ਕੱਟਣ ਦੀ ਆੜ 'ਚ ਪ੍ਰਵਾਸੀ ਵਿਅਕਤੀਆਂ ਦੇ ਘਰਾਂ 'ਚੋਂ ਸਾਮਾਨ, ਨਕਦੀ ਅਤੇ ਮੋਬਾਇਲ ਚੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਸੀ.ਆਈ.ਏ. ਸਟਾਫ-1 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਮੁਲਜ਼ਮ ਨੇ ਫਰੀਦਕੋਟ 'ਚ ਕਤਲ ਵੀ ਕੀਤਾ ਸੀ, ਜੋ ਕਿ ਉਸ ਕੇਸ 'ਚ ਭਗੌੜਾ ਕਰਾਰ ਸੀ ਅਤੇ ਲੰਮੇ ਸਮੇਂ ਤੋਂ ਜਲੰਧਰ ਦੇ ਸੰਤੋਖਪੁਰਾ 'ਚ ਰਹਿ ਰਿਹਾ ਸੀ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 7 ਮੋਬਾਇਲ ਬਰਾਮਦ ਕੀਤੇ ਗਏ ਹਨ, ਜਦੋਂ ਕਿ ਵਾਰਦਾਤਾਂ 'ਚ ਵਰਤਿਆ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ।
ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੰਮਾ ਪਿੰਡ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਚਾਲਕ ਨੇ ਮੋਟਰਸਾਈਕਲ ਨੂੰ  ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਰਾਘਵ ਪੁੱਤਰ ਝੂਲਾ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਸੰਤੋਖਪੁਰਾ, ਗੁਲਸ਼ਨ ਕੁਮਾਰ ਉਰਫ ਪਹਿਲਵਾਨ ਪੁੱਤਰ ਕਰਚਾਗਿਰੀ ਨਿਵਾਸੀ ਨਿੰਬੂ ਵਾਲੀ ਗਲੀ ਸੰਤੋਖਪੁਰਾ ਅਤੇ ਗੌਰਵ ਉਰਫ ਗੱਗ ਪੁੱਤਰ ਸੁਰਿੰਦਰ ਗਿਰੀ ਨਿਵਾਸੀ ਸੰਤੋਖਪੁਰਾ ਵਜੋਂ ਹੋਈ ਹੈ।
ਪੁਲਸ ਵੱਲੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ 'ਚ ਮੁਲਜ਼ਮਾਂ ਨੇ ਕਬੂਲਿਆ ਕਿ ਉਹ ਪ੍ਰਵਾਸੀਆਂ ਦੇ ਘਰਾਂ ਅੰਦਰ ਦਿਨ-ਦਿਹਾੜੇ ਹੀ ਦਾਖਲ ਹੋ ਕੇ ਨਕਦੀ, ਕੀਮਤੀ ਸਾਮਾਨ ਅਤੇ ਮੋਬਾਇਲ ਚੋਰੀ ਕਰ ਲੈਂਦੇ ਸਨ। ਇਹ ਗੱਲ ਵੀ ਸਾਹਮਣੇ ਆਈ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਉਹ ਧਾਰਮਿਕ ਸਮਾਰੋਹਾਂ ਦੀਆਂ ਪਰਚੀਆਂ ਕੱਟਣ ਦੀ ਆੜ ਲੈਂਦੇ ਸਨ। ਮੁਲਜ਼ਮਾਂ ਕੋਲੋਂ ਚੋਰੀ ਦੇ 7 ਮੋਬਾਇਲ ਅਤੇ ਵਾਰਦਾਤ ਵਿਚ ਵਰਤਿਆ ਮੁਲਜ਼ਮ ਗੁਲਸ਼ਨ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਜਾਂਚ 'ਚ ਪਤਾ ਲੱਗਾ ਕਿ ਰਾਘਵ ਪਹਿਲਾਂ ਵੀ ਸਨੈਚਿਗ ਦੇ ਮਾਮਲੇ 'ਚ ਜੇਲ ਜਾ ਚੁੱਕਾ ਹੈ। ਦੂਜਾ ਮੁਲਜ਼ਮ ਗੁਲਸ਼ਨ ਪਹਿਲਾਂ ਫਰੀਦਕੋਟ ਰਹਿੰਦਾ ਸੀ। ਉਸ ਨੇ 2015 'ਚ ਆਪਣੇ ਭਰਾਵਾਂ ਨਾਲ ਮਿਲ ਕੇ ਬੇਅੰਤ ਸਿੰਘ ਨਾਂ ਦੇ ਵਿਅਕਤੀ ਨੂੰ ਕਤਲ ਕੀਤਾ ਸੀ। ਉਸ ਕੇਸ 'ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਜ਼ਮਾਨਤ ਮਿਲਣ 'ਤੇ ਉਹ ਫਰਾਰ ਹੋ ਗਿਆ ਸੀ, ਜਿਸ ਨੂੰ ਜਨਵਰੀ 2016 'ਚ ਭਗੌੜਾ ਐਲਾਨ ਦਿੱਤਾ ਗਿਆ ਸੀ। ਉਦੋਂ ਤੋਂ ਉਹ ਸੰਤੋਖਪੁਰਾ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਹੈਰਾਨੀ ਵਾਲੀ ਗੱਲ ਹੈ ਕਿ ਸਬੰਧਤ ਥਾਣੇ ਦੀ ਪੁਲਸ ਨੂੰ ਇਸ ਦੀ ਜ਼ਰਾ ਵੀ ਭਿਣਕ ਨਹੀਂ ਸੀ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿਛ ਜਾਰੀ ਹੈ।


Aarti dhillon

Content Editor

Related News