ਨਵੇਂ ਸਾਲ ਦੀ ਠੰਡ ’ਚ ਹਿਮਾਚਲ ਦਾ ਰੂਟ ਪੰਜਾਬ ਰੋਡਵੇਜ਼ ਲਈ ਬਣਿਆ ‘ਹੌਟ’!

12/31/2020 5:04:36 PM

ਜਲੰਧਰ (ਪੁਨੀਤ)— ਸ਼ਿਮਲਾ, ਡਲਹੌਜੀ ਅਤੇ ਮਨਾਲੀ ਸਮੇਤ ਹਿੱਲ ਸਟੇਸ਼ਨਾਂ ’ਚ ਸੈਲਾਨੀ ਬਰਫਬਾਰੀ ਦਾ ਆਨੰਦ ਲੈ ਰਹੇ ਹਨ, ਜਿਸ ਕਾਰਣ ਨਵੇਂ ਸਾਲ ਦੀ ਠੰਡ ’ਚ ਹਿਮਾਚਲ ਦਾ ਰੂਟ ਪੰਜਾਬ ਰੋਡਵੇਜ਼ ਲਈ ਹੌਟ ਬਣਿਆ ਹੋਇਆ ਹੈ। ਦੂਜੇ ਲੰਬੇ ਰੂਟਾਂ ਦੇ ਮੁਕਾਬਲੇ ਹੁਣ ਮਹਿਕਮੇ ਨੇ ਹਿਮਾਚਲ ਜਾਣ ਵਾਲੀਆਂ ਬੱਸਾਂ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਕਿਉਂਕਿ ਵੱਡੀ ਗਿਣਤੀ ਵਿਚ ਸੈਲਾਨੀ ਪਹਾੜਾਂ ’ਚ ਜਾਣ ਲਈ ਬੱਸਾਂ ਨੂੰ ਮਹੱਤਵ ਦੇ ਰਹੇ ਹਨ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਪਿਛਲੇ ਦਿਨੀਂ ਹੋਈ ਬਰਫਬਾਰੀ ਕਾਰਨ ਸੈਂਕੜੇ ਵਾਹਨ ਫਸ ਗਏ ਸਨ, ਜਿਨ੍ਹਾਂ ਨੂੰ ਰੈਸਕਿਊ ਕਰਨ ਲਈ ਪ੍ਰਸ਼ਾਸਨ ਨੂੰ ਸਖ਼ਤ ਮਿਹਨਤ ਕਰਨੀ ਪਈ ਸੀ। ਆਪਣੇ ਵਾਹਨਾਂ ਨੂੰ ਲੈ ਕੇ ਜਾਣ ਵਿਚ ਖਤਰੇ ਨੂੰ ਵੇਖਦੇ ਹੋਏ ਲੋਕ ਜਾਂ ਤਾਂ ਟੈਕਸੀ ਕਰ ਰਹੇ ਹਨ ਅਤੇ ਜਾਂ ਫਿਰ ਬੱਸਾਂ ਰਾਹੀਂ ਸ਼ਿਮਲਾ, ਮਨਾਲੀ ਵਰਗੇ ਹਿੱਲ ਸਟੇਸ਼ਨਾਂ ’ਤੇ ਪਹੁੰਚ ਰਹੇ ਹਨ। ਪੰਜਾਬ ਦੇ ਲੋਕਾਂ ਲਈ ਧਰਮਸ਼ਾਲਾ ਦਾ ਰੂਟ ਵੀ ਪਸੰਦ ਦਾ ਕੇਂਦਰ ਬਣ ਗਿਆ ਹੈ ਕਿਉਂਕਿ ਸ਼ਿਮਲਾ ਅਤੇ ਮਨਾਲੀ ਦੇ ਮੁਕਾਬਲੇ ਧਰਮਸ਼ਾਲਾ ਪੰਜਾਬ ਦੇ ਨੇੜੇ ਪੈਂਦਾ ਹੈ ਅਤੇ ਇਥੇ ਜ਼ਿਆਦਾ ਬਰਫਬਾਰੀ ਨਹੀਂ ਹੁੰਦੀ, ਜਿਸ ਕਾਰਣ ਇਥੇ ਬਰਫ ਪੈਣ ਨਾਲ ਰਸਤਾ ਬੰਦ ਹੋਣ ਦਾ ਖਤਰਾ ਘੱਟ ਰਹਿੰਦਾ ਹੈ। ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਆਪਣੇ ਡਿਪੂਆਂ ਨੂੰ ਸਾਰੇ ਟਾਈਮ ਟੇਬਲ ’ਤੇ ਬੱਸਾਂ ਰਵਾਨਾ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਲੋਕਾਂ ਨੂੰ ਸਹੂਲਤ ਹੋਣ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਨੂੰ ਇਨਕਮ ਵੀ ਹੋ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਹਿਮਾਚਲ ਵਿਚ ਬੱਸਾਂ ਭੇਜਣ ਨਾਲ ਨੁਕਸਾਨ ਹੋ ਰਿਹਾ ਸੀ ਪਰ ਨਵਾਂ ਸਾਲ ਮਨਾਉਣ ਵਾਲੇ ਲੋਕਾਂ ਦੇ ਹਿਮਾਚਲ ਵੱਲ ਜਾਣ ਨਾਲ ਘਾਟਾ ਲਾਭ ’ਚ ਤਬਦੀਲ ਹੋ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਿਮਲਾ ਬਾਰੇ ਜਾਣਕਾਰੀ ਲੈ ਕੇ ਹੀ ਰਵਾਨਾ ਹੋ ਰਹੇ ਹਨ। ਸ਼ਿਮਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਜਾਣ ਨਾਲ ਰਸਤਿਆਂ ਵਿਚ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਇਸ ਲਈ ਗੱਡੀ ਲਾਉਣ ਲਈ ਪਾਰਕਿੰਗ ਵਿਚ ਵੀ ਥਾਂ ਨਹੀਂ ਹੈ। ਇਸ ਕਾਰਣ ਲੋਕ ਬੱਸਾਂ ਵਿਚ ਜਾ ਕੇ ਹੀ ਸਬਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਘੁੰਮਣ ਲਈ ਕਿਤੇ ਜਾਣਾ ਹੈ ਤਾਂ ਉਥੇ ਲੋਕਲ ਟੈਕਸੀ ਲਾਹੇਵੰਦ ਰਹਿੰਦੀ ਹੈ।

ਇਹ ਵੀ ਪੜ੍ਹੋ :  ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ

PunjabKesari

ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਿਮਾਚਲ ਲਈ ਬੱਸ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਯਾਤਰੀਆਂ ਦੀ ਹਰੇਕ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ। ਉਥੇ ਹੀ ਹਿੱਲ ਸਟੇਸ਼ਨਾਂ ਵਿਚ ਆਉਣ ਵਾਲੀਆਂ ਬੱਸਾਂ ਅਤੇ ਹੋਰ ਵਾਹਨਾਂ ਨੂੰ ਆਉਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ, ਇਸ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਥਾਂ-ਥਾਂ ਰਸਤੇ ਵਿਚੋਂ ਬਰਫ ਹਟਾਉਣ ਵਾਲੀਆਂ ਗੱਡੀਆਂ ਦੇਖਣ ਨੂੰ ਮਿਲ ਰਹੀਆਂ ਹਨ। ਰਾਹਗੀਰ ਦੱਸਦੇ ਹਨ ਕਿ ਕਈ ਥਾਵਾਂ ’ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਆਇੰਟ ਬਣਾਏ ਗਏ ਹਨ।

ਸ਼ਿਮਲਾ ਦੇ ਗੇਯਟੀ ਥੀਏਟਰ ਲੱਕੜ ਬਾਜ਼ਾਰ ’ਚ ਲੱਗ ਰਹੀ ਹੈ ਭਾਰੀ ਭੀੜ
ਸ਼ਿਮਲਾ ਤੋਂ ਮਿਲੀਆਂ ਖਬਰਾਂ ਮੁਤਾਬਕ ਬਾਜ਼ਾਰਾਂ ਨੇੜੇ ਹੋਟਲਾਂ ’ਚ ਕਮਰੇ ਬੁੱਕ ਹੋ ਚੁੱਕੇ ਹਨ, ਜਿਸ ਕਾਰਨ ਬਿਨਾਂ ਬੁਕਿੰਗ ਕਰਵਾਏ ਜਾਣ ਵਾਲੇ ਲੋਕਾਂ ਨੂੰ ਕੁਝਦੂਰੀ ’ਤੇ ਹੋਟਲ ਆਦਿ ਲੈਣੇ ਪੈ ਰਹੇ ਹਨ,ਉਥੇ ਹੀ ਡਲਹੌਜੀ ਜਾਣ ਵਾਲੇ ਵਿਪੁਨ ਕੁਮਾਰ ਨੇ ਦੱਿਸਆ ਕਿ ਉਸਨੇ ਇਕ ਹੋਟਲ ਵੱਲੋਂ ਕਮਰਾ ਨਾ ਹੋਣ ਦੀ ਗੱਲ ਕਹੀ ਗਈ ਪਰ ਜ਼ੋਰ ਪਾਉਣ ’ਤੇ ਜ਼ਿਆਦਾ ਕੀਮਤ ’ਤੇ ਕਮਰਾ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹੋਟਲਾਂ ਕੋਲ ਜੋ ਕਮਰੇ ਬਚੇ ਹਨ, ਉਹ ਉਨ੍ਹਾਂ ਨੂੰ ਮਹਿੰਗੇ ਭਾਅ ਦੇ ਰਹੇ ਹਨ। ਉਥੇ ਹੀ ਉਹ ਬੁੱਧਵਾਰ ਦੁਪਹਿਰ ਨੂੰ ਸ਼ਿਮਲਾ ਪਹੁੰਚੇ ਹਨ ਅਤੇ ਉਥੇ ਨੇੜਲੇ ਇਲਾਕਿਆਂ ਵਿਚ ਜੰਮੀ ਬਰਫ ਵਿਚ ਪਰਿਵਾਰ ਸਮੇਤ ਫੋਟੋਗ੍ਰਾਫੀ ਦਾ ਆਨੰਦ ਲੈਂਦੇ ਰਹੇ। ਸੈਲਾਨੀਆਂ ਨੇ ਕਿਹਾ ਕਿ ਸ਼ਿਮਲਾ ਦੇ ਗੇਯਟੀ ਥੀਏਟਰ ਅਤੇ ਲੱਕੜ ਬਾਜ਼ਾਰ ਵਿਚ ਲੋਕਾਂ ਦੀ ਭਾਰੀ ਭੀੜ ਲੱਗ ਰਹੀ ਹੈ।\

ਇਹ ਵੀ ਪੜ੍ਹੋ : ਆਦਮਪੁਰ ਤੋਂ ਮੁੰਬਈ ਦੀ ਫਲਾਈਟ 10 ਜਨਵਰੀ ਤੋਂ ਬਾਅਦ ਨਹੀਂ ਭਰੇਗੀ ਉਡਾਣ, ਜਾਣੋ ਕਿਉਂ

ਸ਼੍ਰੀ ਜਵਾਲਾ ਜੀ ਜਾਣ ਵਾਲੀ ਬੱਸ ਹੋਈ ਖਰਾਬ
ਉਥੇ ਹੀ ਜਲੰਧਰ ਬੱਸ ਅੱਡੇ ’ਤੇ ਿਹਮਾਚਲ ਵਿਚ ਜਾਣ ਵਾਲੀਆਂ ਬੱਸਾਂ ਵਿਚ ਜ਼ਿਆਦਾ ਸਵਾਰੀਆਂ ਦੇਖੀਆਂ ਗਈਆਂ। ਇਸ ਸੰਦਰਭ ਵਿਚ ਜਿਥੇ ਪੰਜਾਬ ਵੱਲੋਂ ਵੱਡੀ ਗਿਣਤੀ ਿਵਚ ਬੱਸਾਂ ਚਲਾਈਆਂ ਜਾ ਰਹੀਆਂ ਹਨ, ਉਥੇ ਹੀ ਹਿਮਾਚਲ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਵੀ ਭਾਰੀ ਗਿਣਤੀ ਵਿਚ ਪੰਜਾਬ ਪਹੁੰਚ ਰਹੀਆਂ ਹਨ। ਹਿਮਾਚਲ ਵੱਲੋਂ ਵੀ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਆਉਣ ਵਾਲੇ ਲੋਕਾਂ ਨੂੰ ਹਿਮਾਚਲ ਪਹੁੰਚਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।
ਜਲੰਧਰ ਤੋਂ ਚੱਲ ਕੇ ਜਵਾਲਾ ਜੀ ਨੂੰ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਹੁਸ਼ਿਆਰਪੁਰ ਨੇੜੇ ਖਰਾਬ ਹੋ ਗਈ। ਉਕਤ ਬੱਸ ਦੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ, ਇਸ ਲਈ ਵਿਭਾਗੀ ਅਧਿਕਾਰੀਆਂ ਦੇ ਹੁਕਮਾਂ ’ਤੇ ਦੂਜੇ ਡਿਪੂ ਦੀ ਬੱਸ ਵਿਚ ਸਵਾਰੀਆਂ ਨੂੰ ਸ਼ਿਫਟ ਕੀਤਾ ਗਿਆ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News