ਹਾਈਵੇਅ ਤੇ ਟਰੱਕਾਂ ਦੇ ਟਾਇਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਮੁਲਜ਼ਮ ਆਏ ਪੁਲਸ ਅੜਿੱਕੇ

Tuesday, Sep 01, 2020 - 10:19 AM (IST)

ਹਾਈਵੇਅ ਤੇ ਟਰੱਕਾਂ ਦੇ ਟਾਇਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਮੁਲਜ਼ਮ ਆਏ ਪੁਲਸ ਅੜਿੱਕੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ, ਕੁਲਦੀਸ਼): ਟਾਂਡਾ ਪੁਲਸ ਨੇ ਹਾਈਵੇ ਤੇ ਖੜ੍ਹੇ ਟਰੱਕਾਂ ਟਰਾਲਿਆਂ ਦੇ ਟਾਇਰ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਐੱਸ.ਐੱਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਥਾਣਾ ਮੁਖੀ ਬਿਕਰਮ ਸਿੰਘ, ਥਾਣੇਦਾਰ ਮਹੇਸ਼ ਕੁਮਾਰ, ਸੁਰਿੰਦਰਪਾਲ ਸਿੰਘ, ਇਕ਼ਬਾਲ ਸਿੰਘ, ਜਸਪਾਲ ਸਿੰਘ ਅਤੇ ਪ੍ਰਭਜੋਤ ਸਿੰਘ ਦੀ ਟੀਮ ਨੇ ਇਹ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕਾਬੂ ਆਏ ਮੁਲਜਮਾਂ ਦੀ ਪਛਾਣ ਬਲਬੀਰ ਸਿੰਘ ਬੀਰਾ ਪੁੱਤਰ ਕੁਲਦੀਪ ਸਿੰਘ ਵਾਸੀ ਪਧਿਆਣਾ (ਆਦਮਪੁਰ), ਮਨਜੀਤ ਸਿੰਘ ਮੋਨੂੰ ਪੁੱਤਰ ਬੀਰ ਵਾਸੀ ਸਮਲੈੜਾ(ਹਮੀਰਪੁਰ) ਹਿਮਾਚਲ ਪ੍ਰਦੇਸ਼, ਗੁਰਚਰਨ ਸਿੰਘ ਬੰਟੀ ਪੁੱਤਰ ਹਰਜੀਤ ਸਿੰਘ ਵਾਸੀ ਨੂੰਹੇਰਤਨ (ਅਨੰਦਪੁਰ ਸਾਹਿਬ) ਅਤੇ ਜਸਵੰਤ ਸਿੰਘ ਕੰਨੁ ਪੁੱਤਰ ਛੋਟੂ ਰਾਮ ਵਾਸੀ ਮਹਿਦਲੀ (ਅਨੰਦਪੁਰ ਸਾਹਿਬ) ਦੇ ਰੂਪ 'ਚ ਹੋਈ ਹੈ। ਡੀ.ਐੱਸ.ਪੀ. ਖੱਖ ਨੇ ਦੱਸਿਆ ਕਿ ਜਦੋਂ ਪੁਲਸ ਦੀ ਟੀਮ ਦਾਰਾਪੁਰ ਬਾਈਪਾਸ ਨਜ਼ਦੀਕ ਗਸ਼ਤ ਦੌਰਾਨ ਮੌਜੂਦ ਸੀ ਤਾਂ ਕਿਸੇ ਦੇਸ਼ ਭਗਤ ਨੇ ਇਸ ਗਿਰੋਹ ਬਾਰੇ ਜਾਣਕਾਰੀ ਦਿੱਤੀ ਕਿ ਇਹ ਗਿਰੋਹ ਹਾਈਵੇ ਤੇ ਖੜ੍ਹੇ ਕੀਤੇ ਜਾਣ ਵਾਲੇ ਟਰੱਕਾਂ ਟਰਾਲਿਆਂ ਦੇ ਟਾਇਰ ਚੋਰੀ ਕਰਦੇ ਹਨ ਅਤੇ ਇਕ ਟਰੱਕ ਅਤੇ ਇਨੋਵਾ ਕਾਰ ਸਮੇਤ ਇਲਾਕੇ 'ਚ ਮੌਜੂਦ ਹਨ। ਇਸਦੇ ਨਾਲ ਹੀ ਇਹ ਵੀ ਦੱਸਿਆ ਕਿ ਇਨ੍ਹਾਂ ਨੇ ਬੀਤੇ ਦਿਨੀਂ ਸਟਾਰ ਢਾਬੇ ਦੇ ਸਾਹਮਣੇ ਖੜ੍ਹੇ ਕੀਤੇ ਖੱਖ ਪਿੰਡ ਵਾਸੀ ਗੁਰਦੇਵ ਸਿੰਘ ਦੇ ਟਰੱਕ ਦੇ ਟਾਇਰ ਵੀ ਚੋਰੀ ਕੀਤੇ ਹਨ। ਪੁਲਸ ਦੀ ਟੀਮ ਨੇ ਸੂਚਨਾ ਦੇ ਆਧਾਰ ਤੇ ਨੂਰ ਢਾਬਾ ਕੁਰਾਲਾ ਨਜ਼ਦੀਕ ਇਨ੍ਹ੍ਹਾਂ ਮੁਲਜਮਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹ੍ਹ੍ਹਾਂ ਦੇ ਕਬਜ਼ੇ 'ਚੋਂ ਟਰੱਕ, ਇਨੋਵਾ ਗੱਡੀ, ਚੋਰੀ ਸ਼ੁਦਾ 12 ਟਾਇਰ, ਜੈੱਕ ਅਤੇ ਰਾੜਾ ਆਦਿ ਬਰਾਮਦ ਕਰਕੇ ਪੁੱਛਗਿਛ ਸ਼ੁਰੂ ਕੀਤੀ ਹੈ। 


author

Shyna

Content Editor

Related News