ਸਤਲੁਜ ਦਰਿਆ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ : ਚੀਫ ਇੰਜ. ਮਾਈਨਿੰਗ ਪੰਜਾਬ

Friday, May 06, 2022 - 01:35 PM (IST)

ਸਤਲੁਜ ਦਰਿਆ ’ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ : ਚੀਫ ਇੰਜ. ਮਾਈਨਿੰਗ ਪੰਜਾਬ

ਰੂਪਨਗਰ (ਵਿਜੇ) : ਪੰਜਾਬ ਸਰਕਾਰ ਨੇ ਸਤਲੁਜ ਦਰਿਆ ਵਿਖੇ ਹੋਈ ਗੈਰ-ਕਾਨੂੰਨੀ ਮਾਈਨਿੰਗ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸਦੇ ਨਾਲ ਹੀ ਸਰਕਾਰ ਵਲੋਂ ਜਲਦ ਹੀ ਨਵੀਂ ਮਾਈਨਿੰਗ ਨੀਤੀ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ’ਚ ਸਾਫ ਸੁਥਰੇ ਅਕਸ ਵਾਲੇ ਠੇਕੇਦਾਰਾਂ ਨੂੰ ਹੀ ਠੇਕੇ ਦਿੱਤੇ ਜਾਣਗੇ ਅਤੇ ਮਾਈਨਿੰਗ ਨੀਤੀ ਨੂੰ ਪਹਿਲਾਂ ਨਾਲੋਂ ਕਾਫੀ ਸਰਲ ਬਣਾਇਆ ਜਾ ਰਿਹਾ। ਸਰਕਾਰ ਛੇਤੀ ਹੀ ਪੰਜਾਬ ਦੇ ਹੋਰ ਜ਼ਿਲਿਆਂ ’ਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰ ਰਹੀ ਹੈ। ਬੀਤੇ ਦਿਨੀ ‘ਜਗ ਬਾਣੀ’ ਵਲੋਂ ਸਤਲੁਜ ਦਰਿਆ ’ਚ ਹੋ ਰਹੀ ਗੈਰ- ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ ਗਿਆ ਸੀ ਜਿਸ ਮਗਰੋਂ ਮਾਈਨਿੰਗ ਮਾਫੀਆ ਮੌਕੇ ’ਤੇ ਭੱਜ ਗਿਆ ਸੀ ਅਤੇ ਮਾਈਨਿੰਗ ਬੰਦ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਮਾਈਨਿੰਗ ਵਿਭਾਗ ਪੰਜਾਬ ਦੇ ਚੀਫ ਇੰਜ. ਦਵਿੰਦਰ ਸਿੰਘ ਗੱਪਾ ਨੇ ਦੱਸਿਆ ਕਿ ਦਰਿਆ ਸਤਲੁਜ ’ਚ ਜੋ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਉਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਤੁਰੰਤ ਹੀ ਨਵਾਂਸ਼ਹਿਰ ਦੇ ਮਾਈਨਿੰਗ ਵਿਭਾਗ ਦੇ ਐਕਸੀਅਨ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਇਸਦੀ ਪਡ਼ਤਾਲ ਕਰ ਕੇ ਰਿਪੋਰਟ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ’ਚ ਕਿਤੇ ਵੀ ਕੋਈ ਵਿਅਕਤੀ ਨਾਜਾਇਜ਼ ਮਾਈਨਿੰਗ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਤੁਰੰਤ ਅਮਲ ’ਚ ਲਿਆਂਦੀ ਜਾਵੇਗੀ। ਇੰਜ. ਗੱਪਾ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਮਾਈਨਿੰਗ ਦੀ ਜਲਦ ਹੀ ਨਵੀ ਨੀਤੀ ਲਿਆਂਦੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਸਤੇ ਰੇਟ ’ਤੇ ਰੇਤਾ ਅਤੇ ਬੱਜਰੀ ਮਿਲ ਸਕੇ। ਜੋ ਠੇਕੇਦਾਰਾਂ ਨੂੰ ਮਾਈਨਿੰਗ ਦੇ ਠੇਕੇ ਅਲਾਟ ਕੀਤੇ ਜਾਣਗੇ ਇਹ ਠੇਕੇ ਉਨ੍ਹਾਂ ਠੇਕੇਦਾਰਾਂ ਨੂੰ ਹੀ ਅਲਾਟ ਹੋਣਗੇ ਜੋ ਬਲਾਕ ਲਿਸਟ ਨਾ ਕੀਤੇ ਗਏ ਹੋਣ ਅਤੇ ਸਾਫ ਸੁਥਰੀ ਅਕਸ ਵਾਲੇ ਹੋਣ ਅਤੇ ਉਨ੍ਹਾਂ ਵਿਰੁੱਧ ਐੱਫ.ਆਈ.ਆਰ ਦਰਜ ਨਾ ਹੋਈ ਹੋਵੇ ਜਦਕਿ ਇਸਦੇ ਬਾਰੇ ’ਚ ਸਬੰਧਤ ਠੇਕੇਦਾਰ ਵਲੋਂ ਬਕਾਇਦਾ ਐਫੀਡੈਵਿਟ ਵੀ ਲਿਆ ਜਾਵੇਗਾ।

ਸਰਕਾਰ ਨਵੀਂ ਪਾਲਸੀ ਜਲਦ ਲਿਆਏ : ਲੋਕ

ਲੋਕਾਂ ਨੂੰ ਮਕਾਨ ਉਸਾਰੀ ਲਈ ਰੇਤਾ ਇਸ ਸਮੇਂ ਬਹੁਤ ਮਹਿੰਗੇ ਰੇਟਾਂ ’ਤੇ ਮਿਲ ਰਿਹਾ ਹੈ ਜਿਸ ਕਾਰਨ ਜਨਤਾ ’ਚ ਹਾਹਾਕਾਰ ਮਚੀ ਹੈ। ‘ਜਗ ਬਾਣੀ’ ਨੂੰ ਜ਼ਿਲੇ ਦੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਤ ਦਾ ਇਕ ਟਿੱਪਰ 25000 ਰੁ. ਤੱਕ ਮਿਲ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਲੋਕਾਂ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਵਾਅਦੇ ਮੁਤਾਬਕ ਜਲਦ ਤੋਂ ਜਲਦ ਮਾਈਨਿੰਗ ਨਵੀਂ ਨੀਤੀ ਲਾਗੂ ਕਰੇ ਤਾਂ ਜੋ ਉਨ੍ਹਾਂ ਨੂੰ ਮਕਾਨ ਉਸਾਰੀ ਲਈ ਵਾਜਬ ਭਾਅ ’ਤੇ ਰੇਤ/ਬੱਜਰੀ ਮਿਲ ਸਕੇ ਅਤੇ ਗੈਰ ਕਾਨੂੰਨੀ ਮਾਈਨਿੰਗ ’ਤੇ ਵੀ ਨਕੇਲ ਕਸੀ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News