ਹਿਆਤਪੁਰ ਦੀ ਪੰਚਾਇਤ ਨੇ ਵੱਡੀ ਤਾਦਾਦ ''ਚ ਖੈਰ ਸਕੈਂਡਲ ਕੀਤਾ ਬੇਨਕਾਬ!
Friday, Apr 18, 2025 - 08:41 PM (IST)

ਨੂਰਪੁਰਬੇਦੀ, (ਸੰਜੀਵ ਭੰਡਾਰੀ)- ਬੀਤੀ ਰਾਤ ਇਲਾਕੇ ਦੇ ਪਿੰਡ ਹਿਆਤਪੁਰ ਦੇ ਜੰਗਲਾਂ 'ਚੋਂ ਵੱਡੀ ਤਦਾਦ 'ਚ ਕੱਟ ਕੇ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਡੰਪ ਕੀਤੀ ਹੋਈ ਖੈਰ ਦੀ ਬੇਸ਼ਕੀਮਤੀ ਲੱਕੜ ਨੂੰ ਗ੍ਰਾਮ ਪੰਚਾਇਤ ਵੱਲੋਂ ਆਪਣੇ ਕਬਜ਼ੇ 'ਚ ਲੈ ਕੇ ਖੈਰ ਮਾਫੀਆ ਦਾ ਵੱਡਾ ਸਕੈਂਡਲ ਬੇਨਕਾਬ ਕੀਤਾ ਹੈ।
ਇਸ ਪੂਰੀ ਘਟਨਾ ਸਬੰਧੀ ਪਿੰਡ ਹਿਆਤਪੁਰ ਦੀ ਮੌਜੂਦਾ ਸਰਪੰਚ ਦੇ ਲੜਕੇ ਤੇ ਸਾਬਕਾ ਸਰਪੰਚ ਪਰਮਿੰਦਰ ਸਿੰਘ, ਨੰਬਰਦਾਰ ਅਜੇ ਰਾਣਾ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿੰਡ ਦੇ ਭੱਠੇ ਲਾਗੇ ਕਰੀਬ 150 ਤੋਂ 200 ਕੁਇੰਟਲ ਖੈਰ ਦੇ ਵੱਢੇ ਗਏ ਦਰੱਖਤਾਂ ਨੂੰ ਪੰਚਾਇਤ ਵੱਲੋਂ ਆਪਣੇ ਕਬਜ਼ੇ 'ਚ ਲਿਆ ਗਿਆ ਹੈ। ਜਦਕਿ ਬੀਤੇ ਕਈ ਦਿਨਾਂ ਤੋਂ ਪੰਚਾਇਤ ਦੇ ਜੰਗਲਾਂ 'ਚ ਖੈਰ ਦੀ ਨਾਜਾਇਜ਼ ਕਟਾਈ ਕਰਨ ਵਾਲਿਆਂ ''ਤੇ ਉਨ੍ਹਾਂ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਪਿੰਡ ਦੇ ਪੰਚਾਇਤੀ ਰਕਬੇ ਦੇ ਨਾਲ ਕੁਝ ਵਿਅਕਤੀਆਂ ਵੱਲੋਂ ਆਪਣੀ ਨਿੱਜੀ ਮਲਕੀਅਤ 'ਚੋਂ ਕਈ ਦਿਨਾਂ ਤੋਂ ਖੈਰ ਕੱਟੀ ਜਾ ਰਹੀ ਸੀ। ਜਦਕਿ ਕੁਝ ਦਿਨ ਪਹਿਲਾਂ ਡੀ.ਐੱਫ.ਓ. ਰੂਪਨਗਰ ਵੱਲੋਂ ਅਗਜਨੀ ਦਾ ਮੌਸਮ ਹੋਣ ਦੇ ਚੱਲਦਿਆਂ ਹਰ ਪ੍ਰਕਾਰ ਦੀ ਕਟਾਈ ''ਤੇ ਰੋਕ ਲਗਾਈ ਹੋਈ ਸੀ। ਉਨ੍ਹਾਂ ਕਿਹਾ ਕਿ ਸਾਨੂੰ ਖਦਸ਼ਾ ਸੀ ਕਿ ਉਪਰੋਕਤ ਵਿਅਕਤੀਆਂ ਵੱਲੋਂ ਪੰਚਾਇਤੀ ਰਕਬੇ 'ਚੋਂ ਵੀ ਕਟਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਜਿਸ ਦੇ ਤਹਿਤ ਉਹ ਇਸ ਸਭ ''ਤੇ ਨਿਗਰਾਨੀ ਰੱਖ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਸਾਡੇ ਪੰਚਾਇਤੀ ਰਕਬੇ 'ਚੋਂ ਵੱਡੇ ਪੱਧਰ ''ਤੇ ਖੈਰ ਦੇ ਦਰੱਖਤਾਂ ਦੀਆਂ ਜੜ੍ਹਾਂ ਪਟਾਉਣ ਤੇ ਕਟਾਉਣ ਦਾ ਵੀ ਪਤਾ ਚੱਲਿਆ ਹੈ ਅਤੇ ਉਕਤ ਕੱਟੀ ਹੋਈ ਲੱਕੜ ਪਿੰਡ ਦੇ ਇਕ ਭੱਠੇ ਲਾਗੇ ਸਟੋਰ ਕੀਤੀ ਗਈ ਹੈ। ਜਦੋਂ ਉਥੋਂ ਕੁਝ ਵਿਅਕਤੀ ਕਰੀਬ 150 ਤੋਂ 200 ਕੁਇੰਟਲ ਖੈਰ ਦੇ ਦਰਖਤਾਂ ਨੂੰ ਮੌਕੇ ਤੋਂ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸਾਬਕਾ ਸਰਪੰਚ ਵੱਲੋਂ ਪੰਚਾਇਤ ਨੂੰ ਨਾਲ ਲੈ ਕੇ ਅਤੇ ਮੌਕੇ ''ਤੇ ਪਹੁੰਚ ਕੇ ਇਸ ਕਾਰਵਾਈ ਨੂੰ ਰੋਕ ਦਿੱਤਾ ਗਿਆ।
ਸਾਬਕਾ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਪਿੰਡ ਦੀ ਪੰਚਾਇਤ ਤੇ ਪਤਵੰਤੇ ਸੱਜਣਾਂ ਨੇ ਮੁੜ ਹਿਆਤਪੁਰ ਪਿੰਡ ਦੇ ਪੰਚਾਇਤੀ ਜੰਗਲ ਦੇ ਰਕਬੇ 'ਚ ਮਹਿਕਮੇ ਦੇ ਕਰਮਚਾਰੀਆਂ ਨਾਲ ਮਿਲ ਕੇ ਛਾਣਬੀਣ ਕੀਤੀ ਤਾਂ ਪਹਿਲੇ ਦਿਨ ਉਨ੍ਹਾਂ ਨੂੰ 65 ਦਰਖਤਾਂ ਦਾ ਜੜ ਮੁੰਡੋ ਪੁੱਟ ਤੇ ਕੱਟਣ ਦਾ ਪਤਾ ਚੱਲਿਆ। ਜਿਸਦੀ ਪੰਚਾਇਤ ਵੱਲੋਂ ਬਕਾਇਦਾ ਵੀਡੀਓਗ੍ਰਾਫੀ ਵੀ ਕੀਤੀ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਾਰਾ ਕੁਝ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਪਰ ਹੁਣ ਤੱਕ ਖੈਰ ਮਾਫੀਆ ''ਤੇ ਕੋਈ ਵੀ ਸਖਤ ਕਾਰਵਾਈ ਕਰਨ 'ਚ ਵਿਭਾਗ ਨਾਕਾਮ ਰਿਹਾ ਹੈ।
ਮਾਮਲੇ ਦੀ ਵਿਜੀਲੈਂਸ ਜਾਂ ਈ.ਡੀ. ਤੋਂ ਕਰਵਾਈ ਜਾਵੇ ਜਾਂਚ : ਗੌਰਵ ਰਾਣਾ
ਇਸ ਮੌਕੇ ਪਿੰਡ ਵਾਸੀਆਂ ਦੇ ਸੱਦੇ ''ਤੇ ਪਹੁੰਚੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਵੀ ਤੇ ਲੰਬੇ ਸਮੇਂ ਤੋਂ ਨੂਰਪੁਰਬੇਦੀ-ਭੱਦੀ ਮਾਰਗ ''ਤੇ ਖੈਰ ਮਾਫੀਆ ਵੱਲੋਂ ਵੱਡੇ ਪੱਧਰ ''ਤੇ ਖੈਰ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਤਾਜ਼ਾ ਮਾਮਲੇ 'ਚ ਭਾਰੀ ਤਾਦਾਦ 'ਚ ਕਾਬੂ ਕੀਤੀ ਗਈ ਖੈਰ ਸਮੁੱਚੀ ਗੈਰ ਕਾਨੂੰਨੀ ਕਟਾਈ ਦੀ ਤਸਵੀਰ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਮਹਿਕਮੇ ਦੇ ਕੁਝ ਕਰਮਚਾਰੀ ਬੇਸ਼ੱਕ ਜੰਗਲ 'ਚ ਖੈਰ ਮਾਫੀਆ ਨੂੰ ਕਾਬੂ ਕਰਨ ਲਈ ਜਦੋਜਹਿਦ ਕਰਦੇ ਨਜ਼ਰ ਆਉਂਦੇ ਹਨ ਪਰ ਵੱਡੇ ਅਧਿਕਾਰੀ ਮਸਲੇ ਵੱਲ ਜਿਆਦਾ ਧਿਆਨ ਨਹੀਂ ਦੇ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਲਾਗਲੇ ਪਿੰਡਾਂ ਦੇ ਪੰਚਾਇਤੀ ਰਕਬੇ 'ਚੋਂ ਵੱਡੇ ਪੱਧਰ ''ਤੇ ਖੈਰ ਦੇ ਦਰਖਤਾਂ ਨੂੰ ਜੜ੍ਹੋਂ ਪੁੱਟਣ ਦਾ ਮਾਮਲਾ ਉਜਾਗਰ ਕੀਤਾ ਸੀ। ਜਿਸ ਕਰਕੇ ਮਹਿਕਮੇ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਨੂੰ ਅੰਜਾਮ ਦਿੰਦਿਆਂ ਇਸ ਸਕੈਂਡਲ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਇਸ ਲਈ ਉਹ ਇਸ ਪੂਰੇ ਮਾਮਲੇ ਦੀ ਪੰਜਾਬ ਵਿਜੀਲੈਂਸ ਅਤੇ ਕੇਂਦਰ ਦੀ ਈ.ਡੀ. ਏਜੰਸੀ ਤੋਂ ਉਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰਦੇ ਹਨ।
ਨਾਜਾਇਜ ਕਟਾਈ ਕਰਨ ਵਾਲਿਆਂ ਖਿਲਾਫ ਥਾਣੇ ਵਿਖੇ ਸ਼ਿਕਾਇਤ ਕੀਤੀ ਗਈ ਹੈ : ਰੇਂਜ ਅਫਸਰ
ਇਸ ਸਬੰਧੀ ਨੂਰਪੁਰਬੇਦੀ ਦੇ ਵਣ ਰੇਂਜ ਅਧਿਕਾਰੀ ਸੁਖਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੀ ਵਿਅਕਤੀ ਵੱਲੋਂ ਲਾਗਲੀ ਜਮੀਨ 'ਚ ਕੀਤੀ ਜਾ ਰਹੀ ਖੁੱਲ੍ਹੀ ਕਟਾਈ ਦੀ ਆੜ 'ਚ ਪੰਚਾਇਤੀ ਜੰਗਲ 'ਚੋਂ ਨਾਜਾਇਜ਼ ਖੈਰ ਦੀ ਕਟਾਈ ਕੀਤੀ ਗਈ ਹੈ। ਜਿਸ ਸਬੰਧੀ 31 ਮਾਰਚ ਨੂੰ ਬਾਕਾਇਦਾ ਕਟਾਈ ਰੁਕਵਾ ਦਿੱਤੀ ਗਈ ਸੀ। ਮਗਰ ਪੰਚਾਇਤੀ ਜੰਗਲ 'ਚੋਂ ਉਕਤ ਕਟਾਈ ਕੀਤੇ ਜਾਣ ਦੀ ਪੰਚਾਇਤ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਦਿਆਂ ਉਕਤ ਕੱਟੀ ਹੋਈ ਲੱਕੜ ਅਤੇ ਮੌਕੇ ''ਤੋਂ ਕਟਾਈ ਕਰਨ ਵਾਲੇ ਵਿਅਕਤੀਆਂ ਦੇ ਬਰਾਮਦ ਕੀਤੇ ਗਏ 2 ਮੋਟਰਸਾਈਕਲਾਂ ਨੂੰ ਬਾਕਾਇਦਾ 16 ਮਾਰਚ ਨੂੰ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਅੱਜ ਪੰਚਾਇਤ ਨਾਲ ਮਿਲ ਕੇ ਉਕਤ ਜੰਗਲ 'ਚ ਕੀਤੀ ਗਈ ਕਟਾਈ ਨੂੰ ਦੇਖਿਆ ਗਿਆ। ਜਿਸਦ ਦੌਰਾਨ ਪਾਇਆ ਕਿ ਕੱਟੇ ਗਏ 65 ਖੈਰ ਦੇ ਦਰੱਖਤਾਂ 'ਚੋਂ 46 ਦਰੱਖਤ ਤਾਜੇ ਕੱਟੇ ਗਏ ਹਨ। ਜਦਕਿ 16 ਪਹਿਲਾਂ ਕੱਟੇ ਗਏ ਦਰੱਖਤਾਂ ਦੇ ਨਿਸ਼ਾਨ ਸਨ। ਉਨ੍ਹਾਂ ਆਖਿਆ ਕਿ ਵਿਭਾਗ ਵੱਲੋਂ ਪੰਚਾਇਤੀ ਜਮੀਨ 'ਚੋਂ ਨਾਜਾਇਜ਼ ਕਟਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਅੱਜ ਨੂਰਪੁਰਬੇਦੀ ਥਾਨੇ ਵਿਖੇ ਸ਼ਿਕਾਇਤ ਕੀਤੀ ਗਈ ਹੈ।