ਹੜ੍ਹ ਪੀੜਤਾਂ ਨਾਲ ਖਹਿਬੜਿਆ ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ਦਾ ਪੀ.ਏ., ਵੀਡੀਓ ਵਾਇਰਲ
Sunday, Sep 08, 2019 - 05:42 PM (IST)

ਸ਼ਾਹਕੋਟ— ਰੂਪਨਗਰ 'ਚ ਹੜ੍ਹ ਪੀੜਤਾਂ ਨਾਲ ਕਾਂਗਰਸੀ ਪ੍ਰਧਾਨ ਦੇ ਖਹਿਬੜਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਜਲੰਧਰ ਦੇ ਸ਼ਾਹੋਕਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ. ਏ. ਸੁਖਦੀਪ ਸਿੰਘ ਸੋਨੂੰ ਦੀ ਵੀਡੀਓ ਵਾਇਰਲ ਹੋਈ ਹੈ। ਮੰਡਾਲਾ ਛੰਨਾ ਬਲਾਕ ਲੋਹੀਆਂ ਵਿਖੇ ਹੜ੍ਹ ਪੀੜਤਾਂ ਕੋਲ ਪਹੁੰਚੇ ਲਾਡੀ ਸ਼ੋਰੇਵਾਲੀਆ ਦਾ ਨਿੱਜੀ ਪੀ. ਏ. ਸੁਖਦੀਪ ਸਿੰਘ ਹੜ੍ਹ ਪੀੜਤਾਂ ਦੇ ਨਾਲ ਖਹਿਬੜਿਆ। ਵਾਇਰਲ ਹੋਈ ਵੀਡੀਓ 'ਚ ਸਾਫ-ਸਾਫ ਦਿਸ ਰਿਹਾ ਹੈ ਕਿ ਲੋਕਾਂ ਵੱਲੋਂ ਸਵਾਲ ਪੁੱਛਣ 'ਤੇ ਪੀ. ਏ. ਦੀ ਹੜ੍ਹ ਪੀੜਤਾਂ ਦੇ ਨਾਲ ਬਹਿਸ ਹੋ ਜਾਂਦੀ ਹੈ।
ਇਸੇ ਦੌਰਾਨ ਇਕ ਨੌਜਵਾਨ ਇਸ ਦੀ ਵੀਡੀਓ ਬਣਾ ਰਿਹਾ ਹੁੰਦਾ ਹੈ ਅਤੇ ਸ਼ੇਰੋਵਾਲੀਆ ਦਾ ਪੀ. ਏ. ਵੀਡੀਓ ਬਣਾਉਣ ਤੋਂ ਰੋਕਦਾ ਹੈ। ਇੰਨਾ ਹੀ ਨਹੀਂ ਸਗੋਂ ਪੀ. ਏ. ਵੀਡੀਓ ਬਣਾ ਰਹੇ ਵਿਅਕਤੀ ਨੂੰ ਥੱਪੜ ਮਾਰਨ ਦੀ ਵੀ ਗੱਲ ਕਰਦਾ ਹੈ। ਵਾਇਰਲ ਵੀਡੀਓ 'ਚ ਇਕ ਵਿਅਕਤੀ ਇਹ ਕਹਿ ਰਿਹਾ ਹੈ ਕਿ ਲਾਡੀ ਦਾ ਪੀ. ਏ. ਬੰਨ੍ਹ 'ਤੇ ਆ ਕੇ ਲੋਕਾਂ ਦੀ ਸਾਰ ਲੈਣ ਦੀ ਬਜਾਏ ਉਨ੍ਹਾਂ ਨਾਲ ਝਗੜਾ ਕਰਨ ਲੱਗ ਜਾਂਦਾ ਹੈ। ਉਕਤ ਵਿਅਕਤੀ ਕਹਿੰਦਾ ਹੈ ਕਿ ਇਥੇ ਤਾਂ ਪਹਿਲਾਂ ਹੀ ਲੋਕ ਹੜਾਂ ਦੀ ਮਾਰ ਝੱਲ ਰਹੇ ਹਨ।