ਹਨੇਰੀ ਨੇ ਮਚਾਈ ਤਬਾਹੀ, 10 ਮਿੰਟਾਂ ’ਚ 1900 ਫਾਲਟਾਂ ਨਾਲ 5 ਘੰਟੇ ਹਨੇਰੇ ’ਚ ਡੁੱਬਿਆ ਰਿਹਾ ਅੱਧਾ ਸ਼ਹਿਰ

04/15/2022 5:06:56 PM

ਜਲੰਧਰ (ਪੁਨੀਤ)–ਵੀਰਵਾਰ ਸ਼ਾਮੀਂ ਲੱਗਭਗ 5 ਵਜੇ ਆਈ 10 ਮਿੰਟ ਦੀ ਤੇਜ਼ ਹਨੇਰੀ ਨੇ ਸ਼ਹਿਰ ’ਚ ਤਬਾਹੀ ਮਚਾ ਕੇ ਰੱਖ ਦਿੱਤੀ, ਜਿਸ ਨਾਲ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ। ਇਸ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਰਾਤ 10 ਵਜੇ ਤੱਕ ਸ਼ਹਿਰ ਦੇ 20 ਫੀਸਦੀ ਇਲਾਕੇ ’ਚ ਬਿਜਲੀ ਵਿਵਸਥਾ ਬਹਾਲ ਨਹੀਂ ਹੋ ਸਕੀ ਸੀ। 5 ਘੰਟੇ ਤੱਕ ਅੱਧੇ ਸ਼ਹਿਰ ’ਚ ਹਨੇਰਾ ਛਾਇਆ ਰਿਹਾ। ਹਨੇਰੀ ਨਾਲ ਕਈ ਦਰੱਖਤ ਵੀ ਉੱਖੜ ਗਏ। ਕਈ ਥਾਵਾਂ ’ਤੇ ਦਰੱਖਤ ਨੇੜੇ ਖੜ੍ਹੀਆਂ ਗੱਡੀਆਂ ਅਤੇ ਦੋਪਹੀਆ ਵਾਹਨਾਂ ’ਤੇ ਜਾ ਡਿੱਗੇ, ਜਿਸ ਕਾਰਨ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਖ਼ੂਬਸੂਰਤ ਤਸਵੀਰਾਂ

ਹਨੇਰੀ ਨਾਲ ਕੱਚੀਆਂ ਦੁਕਾਨਾਂ ਦਾ ਵੀ ਭਾਰੀ ਨੁਕਸਾਨ ਹੋਇਆ। ਕਈ ਦੁਕਾਨਾਂ ਦੀਆਂ ਟੀਨ ਦੀਆਂ ਛੱਤਾਂ ਉੱਡ ਗਈਆਂ ਤੇ ਅੰਦਰ ਪਿਆ ਸਾਮਾਨ ਵੀ ਨੁਕਸਾਨਿਆ ਗਿਆ। ਕਈ ਪੱਕੀਆਂ ਦੁਕਾਨਾਂ ’ਤੇ ਲੱਗੇ ਬੋਰਡ ਆਦਿ ਟੁੱਟੇ ਪਾਏ ਗਏ, ਹਾਲਾਂਕਿ ਬਾਰਿਸ਼ ਨਹੀਂ ਹੋਈ ਪਰ ਤਾਪਮਾਨ ’ਚ ਕੁਝ ਗਿਰਾਵਟ ਦਰਜ ਹੋਈ ਅਤੇ ਭਾਰੀ ਗਰਮੀ ਤੋਂ ਕੁਝ ਰਾਹਤ ਮਿਲੀ। ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਅੱਗੇ ਪਾਵਰਕਾਮ ਬਿਲਕੁਲ ਬੇਵੱਸ ਹੈ। ਅੱਜ 10 ਮਿੰਟ ਦੀ ਹਨੇਰੀ ਵਿਚ ਬਿਜਲੀ ਦੇ 1900 ਤੋਂ ਵੱਧ ਫਾਲਟ ਪੈਣ ਦੀਆਂ ਸ਼ਿਕਾਇਤਾਂ ਦਰਜ ਹੋਈਆਂ। ਸਾਵਧਾਨੀ ਅਪਣਾਉਂਦਿਆਂ ਵਿਭਾਗ ਵੱਲੋਂ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਲਗਭਗ 20-25 ਮਿੰਟ ਤੱਕ ਪੂਰੇ ਸ਼ਹਿਰ ਦੀ ਬਿਜਲੀ ਬੰਦ ਰੱਖਣੀ ਪਈ। ਉਥੇ ਹੀ ਫਾਲਟ ਕਾਰਨ 5 ਘੰਟੇ ਤੱਕ ਅੱਧੇ ਸ਼ਹਿਰ ਵਿਚ ਬਲੈਕਆਊਟ ਰਿਹਾ। ਕਈ ਬਾਜ਼ਾਰਾਂ ’ਚ ਬੱਤੀ ਬੰਦ ਹੋਣ ਕਾਰਨ ਦੁਕਾਨਦਾਰਾਂ ਨੇ ਸਮੇਂ ਤੋਂ ਪਹਿਲਾਂ ਦੁਕਾਨਾਂ ਬੰਦ ਕਰ ਦਿੱਤੀਆਂ।

PunjabKesari

ਰਾਤ 10 ਵਜੇ ਤੱਕ 10-12 ਫੀਡਰ ਬੰਦ ਸਨ, ਜਿਨ੍ਹਾਂ ’ਤੇ ਪਾਵਰਕਾਮ ਵੱਲੋਂ ਰਿਪੇਅਰ ਦਾ ਕੰਮ ਕਰਵਾਇਆ ਜਾ ਰਿਹਾ ਸੀ। ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਫੀਡਰਾਂ ਵਿਚ ਲਾਂਬੜਾ ਦੇ 4, ਕੈਂਟ ਡਵੀਜ਼ਨ ਦੇ 6 ਅਤੇ ਮਾਡਲ ਟਾਊਨ ਦੇ 2 ਫੀਡਰ ਦੱਸੇ ਗਏ। ਮਾਡਲ ਟਾਊਨ ਸਮੇਤ ਪਾਸ਼ ਇਲਾਕਿਆਂ ’ਚ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਪਾਵਰਕਾਮ ਦੇ ਅਧਿਕਾਰੀਆਂ ਦੇ ਫੋਨ ਲਗਾਤਾਰ ਵੱਜਦੇ ਰਹੇ। ਸੀਨੀਅਰ ਅਧਿਕਾਰੀ ਸਪਲਾਈ ਚਾਲੂ ਕਰਵਾਉਣ ਲਈ ਫੀਲਡ ਸਟਾਫ ਨਾਲ ਲਗਾਤਾਰ ਸੰਪਰਕ ਵਿਚ ਰਹੇ ਪਰ ਕਈ ਥਾਵਾਂ ’ਤੇ ਤਾਰਾਂ ਆਦਿ ਟੁੱਟ ਜਾਣ ਕਾਰਨ ਬਿਜਲੀ ਚਾਲੂ ਹੋਣ ਵਿਚ ਕਈ ਘੰਟੇ ਲੱਗ ਗਏ। ਕਈ ਇਲਾਕਿਆਂ ਵਿਚ ਸਪਲਾਈ ਸਮੇਂ ’ਤੇ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਉਥੇ ਹੀ 1900 ਫਾਲਟ ਪੈਣ ’ਤੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਕ ਫੀਡਰ ਤੋਂ ਹਜ਼ਾਰਾਂ ਖਪਤਕਾਰਾਂ ਦੀ ਸਪਲਾਈ ਚੱਲਦੀ ਹੈ। ਲਾਈਨ ਬੰਦ ਹੋਣ ’ਤੇ ਹਰੇਕ ਫੀਡਰ ਦੇ ਸੈਂਕੜੇ ਲੋਕ ਸ਼ਿਕਾਇਤਾਂ ਦਰਜ ਕਰਵਾ ਦਿੰਦੇ ਹਨ। ਜਦੋਂ ਇਕ ਫੀਡਰ ਚਾਲੂ ਹੁੰਦਾ ਹੈ ਤਾਂ ਸੈਂਕੜੇ ਸ਼ਿਕਾਇਤਾਂ ਹੱਲ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰਾਤ 10 ਵਜੇ ਤੱਕ 80 ਫੀਸਦੀ ਸ਼ਹਿਰ ਵਿਚ ਸਪਲਾਈ ਚਾਲੂ ਕਰ ਦਿੱਤੀ ਗਈ ਸੀ। ਬਾਕੀ ਇਲਾਕਿਆਂ ਵਿਚ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਠੱਗਾਂ ਨੇ ਲੱਭਿਆ ਨਵਾਂ ਤਰੀਕਾ, ਬਿਜਲੀ ਬੰਦ ਹੋਣ ਦਾ ਮੈਸੇਜ ਭੇਜ ਇੰਝ ਮਾਰ ਰਹੇ ਨੇ ਠੱਗੀ
 
ਸਟਾਫ ਦੀ ਕਮੀ ਬਣੀ ਪ੍ਰੇਸ਼ਾਨੀ ਦਾ ਸਬੱਬ
ਪਾਵਰਕਾਮ ਕੋਲ ਫੀਲਡ ਵਿਚ ਕੰਮ ਕਰਨ ਵਾਲੇ ਲਾਈਨਮੈਨ, ਸਹਾਇਕ ਲਾਈਨਮੈਨ ਅਤੇ ਹੋਰ ਸਟਾਫ ਦੀ ਬਹੁਤ ਕਮੀ ਹੈ। ਜਦੋਂ ਵੀ ਸ਼ਿਕਾਇਤਾਂ ਵਧਦੀਆਂ ਹਨ ਤਾਂ ਮੌਜੂਦਾ ਸਟਾਫ ’ਤੇ ਵਰਕਲੋਡ ਬਹੁਤ ਵਧ ਜਾਂਦਾ ਹੈ। ਪੱਕੇ ਕਰਮਚਾਰੀਆਂ ਦੀ ਕਮੀ ਕਾਰਨ ਵਿਭਾਗ ਨੇ ਠੇਕੇ ’ਤੇ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਰੱਖੇ ਹੋਏ ਹਨ ਪਰ ਵੱਡੀਆਂ ਲਾਈਨਾਂ ’ਤੇ ਕੰਮ ਕਰਨ ਲਈ ਜੇ. ਈ. ਦਾ ਮੌਕੇ ’ਤੇ ਮੌਜੂਦ ਰਹਿਣਾ ਜ਼ਰੂਰੀ ਹੁੰਦਾ ਹੈ। ਜੇ. ਈਜ਼ ਦੀ ਕਮੀ ਕਾਰਨ ਕਈ ਇਲਾਕਿਆਂ ਵਿਚ ਰਿਪੇਅਰ ਦਾ ਕੰਮ ਚਾਲੂ ਹੋਣ ਵਿਚ ਦੇਰੀ ਹੋਈ ਜੋ ਕਿ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ।

PunjabKesari

1912 ਜਲਦੀ ਮਿਲਦਾ ਨਹੀਂ, ਕੰਪਲੇਂਟ ਸੈਂਟਰਾਂ ’ਤੇ ਲਟਕਦੇ ਮਿਲੇ ਤਾਲੇ
ਫਾਲਟ ਪੈਣ ’ਤੇ ਖਪਤਕਾਰ ਵੱਲੋਂ 1912 ’ਤੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਪਰ ਆਲਮ ਇਹ ਹੈ ਕਿ ਜਦੋਂ ਵੀ ਸ਼ਿਕਾਇਤਾਂ ਵਧਦੀਆਂ ਹਨ ਤਾਂ 1912 ਨੰਬਰ ਜਲਦੀ ਮਿਲ ਨਹੀਂ ਪਾਉਂਦਾ। ਖਪਤਕਾਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ 1912 ਨੰਬਰ ਦੀਆਂ ਲਾਈਨਾਂ ਵਧਾਉਣੀਆਂ ਚਾਹੀਦੀਆਂ ਹਨ। ਖਪਤਕਾਰ ਜੀਵਨ ਕੁਮਾਰ ਨੇ ਕਿਹਾ ਕਿ 1912 ਨੰਬਰ ਨਾ ਮਿਲਣ ’ਤੇ ਉਹ ਐੱਸ. ਡੀ. ਕਾਲਜ ਰੋਡ ’ਤੇ ਕੰਪਲੇਂਟ ਸੈਂਟਰ ਵਿਚ ਪੁੱਜੇ ਤਾਂ ਕਿ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ ਪਰ ਉਥੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਕੰਪਲੇਂਟ ਸੈਂਟਰ ਨੂੰ ਤਾਲੇ ਲੱਗੇ ਹੋਏ ਮਿਲੇ। ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ।

ਸ਼ਾਮ ਨੂੰ 75 ਫੀਸਦੀ ਇਲਾਕਿਆਂ ’ਚ ਬੰਦ ਰਹੀ ਪਾਣੀ ਦੀ ਸਪਲਾਈ
ਹਨੇਰੀ ਕਾਰਨ ਵਿਭਾਗ ਵੱਲੋਂ ਕੁਝ ਸਮੇਂ ਲਈ ਬਿਜਲੀ ਬੰਦ ਰੱਖੀ ਗਈ ਸੀ। ਫਾਲਟ ਪੈਣ ਕਾਰਨ 75 ਫੀਸਦੀ ਇਲਾਕਿਆਂ ਵਿਚ ਸ਼ਾਮ ਨੂੰ ਪਾਣੀ ਦੀ ਸਪਲਾਈ ਬੰਦ ਰਹੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਲੋਕ ਵਾਰ-ਵਾਰ ਮੋਟਰਾਂ ਚਲਾ ਕੇ ਪਾਣੀ ਆਉਣ ਦੀ ਉਡੀਕ ਕਰ ਰਹੇ ਸਨ ਪਰ ਵਧੇਰੇ ਇਲਾਕਿਆਂ ਵਿਚ ਪਾਣੀ ਨਹੀਂ ਆਇਆ।
 


Manoj

Content Editor

Related News