ਗੁਰਨਾਮ ਚਢੂਨੀ ਵੱਲੋਂ ਮਿਸ਼ਨ ਪੰਜਾਬ ਦਾ ਆਗਾਜ਼, ਬਲਬੀਰ ਰਾਜੇਵਾਲ 'ਤੇ ਦਿੱਤਾ ਵੱਡਾ ਬਿਆਨ

08/03/2021 4:15:54 PM

ਗੜ੍ਹਸ਼ੰਕਰ (ਸ਼ੋਰੀ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਪੰਜਾਬ ਵਿੱਚ ਆਪਣੇ ਰਾਜਨੀਤਿਕ ਦਸਤਕ ਦਿੰਦੇ ਹੋਏ ਮਿਸ਼ਨ ਪੰਜਾਬ ਦਾ ਰਸਮੀ ਤੌਰ ’ਤੇ ਬਿਗਲ ਵਜਾ ਦਿੱਤਾ। ਗੜ੍ਹਸ਼ੰਕਰ ਦੇ ਹੋਟਲ ਪਿੰਕ ਰੋਜ਼ ਵਿਚ ਹੋਏ ਇਕ ਭਰਵੇਂ ਇਕੱਠ ਦੌਰਾਨ ਉਨ੍ਹਾਂ ਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਕਿਸਾਨ ਮਸਲਿਆਂ ਦੇ ਹੱਲ ਲਈ ਸਾਨੂੰ ਰਾਜਨੀਤਿਕ ਮੈਦਾਨ ਵਿਚ ਆਉਣਾ ਪਵੇਗਾ ਅਤੇ ਪੰਜਾਬ ਵਿੱਚ ਸਰਕਾਰ ਬਣਾ ਕੇ ਦੋ ਸਾਲ ਦੀ ਆਪਣੀ ਚੰਗੀ ਕਾਰਗੁਜ਼ਾਰੀ ਪੇਸ਼ ਕਰਦੇ ਹੋਏ ਮਿਸ਼ਨ ਭਾਰਤ 2024 ਲਿਆ ਕੇ ਦੇਸ਼ ਅੰਦਰ ਆਪਣੀ ਸਰਕਾਰ ਬਣਾਈ ਜਾਵੇਗੀ।

ਇਹ ਵੀ ਪੜ੍ਹੋ : ਘਰੋਂ ਜ਼ਿਆਦਾ ਮਾਲ ਨਹੀਂ ਮਿਲਿਆ ਤਾਂ ਚੋਰਾਂ ਨੇ 1 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਪਾ ਲਿਆ ਬੈਗ ’ਚ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਕਿਸੇ ਕਿਸਾਨ ਯੂਨੀਅਨ ਦੇ ਬੈਨਰ ਹੇਠ ਇਹ ਚੋਣ ਨਹੀਂ ਲੜੀ ਜਾਵੇਗੀ ਬਲਕਿ ਮਿਸ਼ਨ ਪੰਜਾਬ ਦੇ ਬੈਨਰ ਹੇਠ 117 ਸੀਟਾਂ ਤੇ ਉਮੀਦਵਾਰ ਉਤਾਰੇ ਜਾਣ ਦੀ ਉਨ੍ਹਾਂ ਨੇ ਪੇਸ਼ਕਸ਼ ਲੋਕਾਂ ਅੱਗੇ ਕੀਤੀ ਹੈ ਅਤੇ ਇਹ ਭਵਿੱਖ ਦੇ ਗਰਭ ਵਿਚ ਹੈ ਕਿ ਕਿੰਨੇ ਇਸ ਪ੍ਰਸਤਾਵ ਦੀ ਹਾਮੀ ਭਰਦੇ ਹਨ ਅਤੇ ਕਿੰਨੇ ਲੜਦੇ ਹਨ।ਸਵਾਲਾਂ ਦੇ ਉੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਮਿਸ਼ਨ ਪੰਜਾਬ ਦੀ ਅਗਵਾਈ ਕੌਣ ਕਰੇਗਾ ਇਹ ਮਾਲਕ ਜਾਣਦਾ ਹੈ, ਖ਼ੁਦ ਗੁਰਨਾਮ ਸਿੰਘ ਚੜੂਨੀ ਚੋਣ ਲੜਨਗੇ ਇਸ ਸਬੰਧੀ ਉਨ੍ਹਾਂ ਤੈਅ ਨਹੀਂ ਕੀਤਾ, ਪਰ ਮਿਸ਼ਨ ਪੰਜਾਬ ਦਾ ਬੜੀ ਜਲਦੀ ਗਠਨ ਹੋ ਜਾਵੇਗਾ।ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਰਾਜਨੀਤੀ ਵਿਚ ਆਉਣ ਦਾ ਵਿਰੋਧ ਕਰਦੀਆਂ ਹਨ ਉਨ੍ਹਾਂ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਵੋਟਾਂ ਦਾ ਪ੍ਰੋਗਰਾਮ ਨਹੀਂ ਬਣਾਉਂਦੇ ਤਾਂ ਲੋਕ ਇਸੇ ਤਰ੍ਹਾਂ ਲੁੱਟੇ ਜਾਂਦੇ ਰਹਿਣਗੇ। ਕਿਸਾਨ ਆਗੂ ਰਾਜੇਵਾਲ ਦੇ 51 ਸਾਲ ਦੇ ਸੰਘਰਸ਼ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੇ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨਾਲ ਪੰਜਾਬ ਦਾ ਕੀ ਸੁਧਰਿਆ ਹੈ।  

ਇਹ ਵੀ ਪੜ੍ਹੋ : ਬੇਅਦਬੀ ਅਤੇ ਵਿਵਾਦਿਤ ਪੋਸਟਰ ਮਾਮਲੇ ’ਚ ਨਾਮਜ਼ਦ 6 ਡੇਰਾ ਪ੍ਰੇਮੀਆਂ ਦੀ ਹੋਈ ਪੇਸ਼ੀ, ਸੌਂਪੀਆਂ ਚਲਾਨ ਦੀਆਂ ਕਾਪੀਆਂ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਘੱਟ ਡੰਡੇ ਮਾਰੇ ਪਰ ਹਰਿਆਣੇ ਦੀ ਪੁਲਸ ਅਨੇਕਾਂ ਕਿਸਾਨਾਂ ਦੇ ਡੰਡਿਆਂ ਨਾਲ ਸਿਰ ਪਾੜ ਚੁੱਕੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਚੜੂਨੀ ਪੰਜਾਬ ਵਿੱਚ ਮੁੱਖ ਮੰਤਰੀ ਬਣਾਇਆ ਹੈ ਤਾਂ ਕੀ ਫਿਰ ਪੰਜਾਬ ਵਿਚ ਬਾਦਲ ਜਾਂ ਅਮਰਿੰਦਰ ਮੁੜ ਮੁੱਖ ਮੰਤਰੀ ਚਾਹੀਦਾ।  ਦਿੱਲੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚ 60 ਫ਼ੀਸਦੀ ਅਕਾਲੀ ਦਲ ਦੇ ਵਰਕਰ ਹੋਣ ਦਾ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਦਾਅਵੇ ਤੇ ਪਲਟਵਾਂ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਵਰਕਰ ਬਿਨਾਂ ਦੇਰੀ ਵਾਪਸ ਸੱਦ ਲਵੇ।ਰਵਨੀਤ ਬਿੱਟੂ ਦੇ ਨਾਲ ਕੁਝ ਕਾਂਗਰਸੀ ਮੈਂਬਰ ਪਾਰਲੀਮੈਂਟਾਂ ਵੱਲੋਂ ਕੀਤੇ ਸੰਘਰਸ਼ ਅਤੇ ਹਾਊਸ ਵਿੱਚ ਕੀਤੇ ਸਵਾਲਾਂ ਨੂੰ ਉਨ੍ਹਾਂ ਨੇ ਕਾਂਗਰਸ ਦਾ ਸਿਰਫ ਇਕ ਸਿਆਸੀ ਡਰਾਮਾ ਕਰਾਰ ਦਿੱਤਾ।ਪੰਜਾਬ ਦੀਆਂ ਹੋਰ ਜਥੇਬੰਦੀਆਂ ਕਦ ਮਿਸ਼ਨ ਪੰਜਾਬ ਵਿੱਚ ਸ਼ਾਮਲ ਹੋ ਜਾਣਗੀਆਂ ਇਸ ਸਬੰਧੀ ਉਨ੍ਹਾਂ ਕਿਹਾ ਕਿ ਬਾਕੀ ਜਥੇਬੰਦੀਆਂ ਵੀ ਜਲਦੀ ਪਟੜੀ ਤੇ ਆ ਜਾਣਗੀਆਂ ਥੋੜ੍ਹੇ ਸਮੇਂ ਦਾ ਇੰਤਜਾਰ ਕਰੋ। ਚੜੂਨੀ ਨੇ ਕਿਹਾ ਕਿ ਅੰਨਾ ਹਜ਼ਾਰੇ ਦੇ ਸੰਘਰਸ਼ ਦੀ ਆਊਟਪੁਟ ਸਿਰਫ਼ ਆਮ ਆਦਮੀ ਪਾਰਟੀ ਹੈ, ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਕਿਸੇ ਪ੍ਰਕਾਰ ਦੀ ਮੇਲ ਮਿਲਾਪ ਦੀ ਕੋਈ ਗੁੰਜਾਇਸ਼ ਨਹੀਂ ਹੈ।  

ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਦਾਦਾ-ਦਾਦੀ ਤੇ ਪੋਤੇ ਨਾਲ ਵਾਪਰਿਆ ਭਾਣਾ, ਤਿੰਨਾਂ ਦੀ ਹੋਈ ਮੌਤ

ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਇਸ ਪ੍ਰੋਗਰਾਮ ਦੇ ਸੂਤਰਧਾਰ ਰਸ਼ਪਾਲ ਸਿੰਘ ਰਾਜੂ ਸਾਬਕਾ ਆਗੂ ਬਹੁਜਨ ਸਮਾਜ ਪਾਰਟੀ ਨੇ ਅਕਾਲੀਆਂ ਨੂੰ ਖੂਬ ਰਗੜੇ ਬਣਦੇ ਹੋਏ ਨਸ਼ਿਆਂ, ਬੇਅਦਬੀਆਂ ਲਈ ਕਸੂਰਵਾਰ ਠਹਿਰਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ (ਬਾਦਲ) ਨਾਲ ਸਮਝੌਤਾ ਹੋਇਆ ਹੈ ਜਦਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਸੋਚ ਵਾਲੀ ਬਹੁਜਨ ਸਮਾਜ ਪਾਰਟੀ ਦੇ ਵਰਕਰ ਅੱਜ ਇਸ ਪੰਡਾਲ ਵਿਚ ਸ਼ਰੇਆਮ ਇਸ ਸਮਝੌਤੇ ਦੇ ਖ਼ਿਲਾਫ਼ ਬੈਠੇ ਹੋਏ ਹਨ।ਇਸ ਇਕੱਠ ਦੌਰਾਨ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਨੇ ਆਪਣੀਆਂ ਅਸਰਦਾਰ ਅਤੇ ਤਰਕ ਭਰਪੂਰ ਤਕਰੀਰਾਂ ਰਾਹੀਂ ਕਿਸਾਨਾਂ ਮਜਦੂਰਾਂ ਦੇ ਹੱਕ ਦੀ ਗੱਲ ਕੀਤੀ ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News