ਗੰਨਮੈਨ ਖ਼ੁਦਕੁਸ਼ੀ ਮਾਮਲਾ, ACP ਨਾਰਥ ਦੀ ਸਰਕਾਰੀ ਗੱਡੀ ਤੇ ਸਰਵਿਸ ਵੈਪਨ ਪੁਲਸ ਨੇ ਕਬਜ਼ੇ ’ਚ ਲਏ
Thursday, Jun 02, 2022 - 03:29 PM (IST)
ਜਲੰਧਰ (ਜ. ਬ.)–ਗੜ੍ਹਾ ਰੋਡ ’ਤੇ ਅਰਬਨ ਅਸਟੇਟ ਫੇਜ਼-1 ’ਚ ਰਹਿਣ ਵਾਲੇ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਘਰ ਤੋਂ ਫ਼ਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੇਸ ਦਰਜ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਉਹ ਘਰ ਤੋਂ ਗਾਇਬ ਹੋ ਗਏ ਸਨ, ਹਾਲਾਂਕਿ ਏ. ਸੀ. ਪੀ. ਆਪਣਾ ਸਰਵਿਸ ਵੈਪਨ ਅਤੇ ਸਰਕਾਰੀ ਬੈਲੋਰੋ ਗੱਡੀ ਘਰ ਹੀ ਛੱਡ ਗਏ ਸਨ। ਪੁਲਸ ਨੇ ਏ. ਸੀ. ਪੀ. ਸੁਖਜਿੰਦਰ ਸਿੰਘ ਦੀ ਸਰਕਾਰੀ ਗੱਡੀ ਅਤੇ ਸਰਵਿਸ ਵੈਪਨ ਆਪਣੇ ਕਬਜ਼ੇ ’ਚ ਲੈ ਲਏ ਹਨ। ਏ. ਸੀ. ਪੀ. ਦੇ ਫ਼ਰਾਰ ਹੋਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਲਈ ਘਰ ’ਤੇ ਪੁਲਸ ਦਾ ਪਹਿਰਾ ਵੀ ਲਗਾ ਦਿੱਤਾ ਹੈ। ਹਾਲਾਂਕਿ ਪਰਿਵਾਰ ਵਾਲਿਆਂ ਨੇ ਪੁਲਸ ਦਾ ਪਹਿਰਾ ਲਗਾਉਣ ਦਾ ਵਿਰੋਧ ਕੀਤਾ, ਜਿਸ ਕਾਰਨ ਪੁਲਸ ਜਲਦ ਹੀ ਏ. ਸੀ. ਪੀ. ਦੇ ਘਰ ਦੇ ਬਾਹਰ ਤਾਇਨਾਤ ਕੀਤੀ ਗਈ ਪੁਲਸ ਟੀਮ ਨੂੰ ਵਾਪਸ ਬੁਲਾ ਸਕਦੀ ਹੈ।
ਖ਼ੁਦਕੁਸ਼ੀ ਕਰਨ ਵਾਲੇ ਏ. ਸੀ. ਪੀ. ਦੇ ਗੰਨਮੈਨ ਸਰਵਣ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਗਾਉਣ ਤੋਂ ਬਾਅਦ ਉਨ੍ਹਾਂ ਦਾ ਗੁੱਸਾ ਦੇਖਦੇ ਹੋਏ ਏ. ਸੀ. ਪੀ. ਦੇ ਘਰ ਦੇ ਬਾਹਰ ਸੁਰੱਖਿਆ ਵਧਾਈ ਗਈ ਸੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਸਾਰੇ ਮਾਮਲੇ ਦੀ ਰਿਪੋਰਟ ਤਿਆਰ ਕਰ ਕੇ ਡੀ. ਜੀ. ਪੀ. ਆਫਿਸ ਚੰਡੀਗੜ੍ਹ ਵਿਚ ਪਹੁੰਚਾ ਦਿੱਤੀ ਗਈ ਹੈ। ਉਥੋਂ ਇਹ ਮਾਮਲਾ ਪੰਜਾਬ ਦੇ ਗ੍ਰਹਿ ਮੰਤਰਾਲਾ ਤੱਕ ਪਹੁੰਚੇਗਾ ਅਤੇ ਫਿਰ ਏ. ਸੀ. ਪੀ. ਸੁਖਜਿੰਦਰ ਸਿੰਘ ਨੂੰ ਸਸਪੈਂਡ ਕਰਨ ਦੀ ਤਿਆਰੀ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਮਾਮਲੇ ਵਿਚ ਸਰਵਣ ਸਿੰਘ ਦੇ ਪਰਿਵਾਰਕ ਮੈਂਬਰ ਸਾਫ ਕਰ ਚੁੱਕੇ ਹਨ ਕਿ ਉਹ ਇਨਸਾਫ ਲੈਣ ਲਈ ਹਰ ਦਰਵਾਜ਼ੇ ਤੱਕ ਪਹੁੰਚ ਸਕਦੇ ਹਨ, ਜਿਸ ਕਾਰਨ ਰਾਜ਼ੀਨਾਮੇ ਦੀ ਕੋਈ ਗੁੰਜਾਇਸ਼ ਨਹੀਂ ਹੈ। ਮੰਗਲਵਾਰ ਨੂੰ ਗੰਨਮੈਨ ਸਰਵਣ ਸਿੰਘ ਦੇ ਅੰਤਿਮ ਸੰਸਕਾਰ ਤੋਂ ਬਾਅਦ ਵੀ ਪਰਿਵਾਰਕ ਮੈਂਬਰਾਂ ਵਿਚ ਰੋਸ ਦੇਖਿਆ ਗਿਆ ਸੀ, ਜੋ ਏ. ਸੀ. ਪੀ. ਸੁਖਜਿੰਦਰ ਿਸੰਘ ਸਮੇਤ ਉਸਦੇ ਸਾਥੀ ਰਾਜੀਵ ਅਗਰਵਾਲ ਅਤੇ ਗੁਰਇਕਬਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ।