ਘਰਾਂ ’ਚੋਂ ਕੂੜਾ ਇਕੱਠਾ ਕਰਨ ਵਾਲੇ ਰੈਗ ਪਿਕਰਸ ਨੂੰ ਸਰਕਾਰ ਦਵੇਗੀ 5 ਰੁਪਏ ਪ੍ਰਤੀ ਘਰ
Saturday, Jan 02, 2021 - 11:55 AM (IST)
ਜਲੰਧਰ(ਖੁਰਾਣਾ): ਜਲੰਧਰ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਸੈਗਰੀਗੇਸ਼ਨ ਮੁਹਿੰਮ, ਜਿਸ ਤਹਿਤ ਘਰਾਂ ਵਿਚੋਂ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾਣਾ ਹੈ, ਭਾਵੇਂ ਸ਼ਹਿਰ ਵਿਚ ਕਾਫ਼ੀ ਹੌਲੀ ਰਫਤਾਰ ਨਾਲ ਚੱਲ ਰਹੀ ਹੈ ਪਰ ਕੇਂਦਰ ਸਰਕਾਰ ਨੇ ਇਸ ਮੁਹਿੰਮ ਨੂੰ ਰਫ਼ਤਾਰ ਦੇਣ ਦੇ ਉਦੇਸ਼ ਨਾਲ ਇਕ ਪ੍ਰਾਜੈਕਟ ਤਿਆਰ ਕੀਤਾ ਹੈ, ਜਿਸ ਤਹਿਤ ਸਰਕਾਰ ਸਵੱਛ ਭਾਰਤ ਮਿਸ਼ਨ ਤਹਿਤ ਘਰਾਂ ਵਿਚੋਂ ਕੂੜਾ ਇਕੱਠਾ ਕਰਨ ਵਾਲੇ ਰੈਗ ਪਿਕਰਸ ਨੂੰ ਪ੍ਰਤੀ ਘਰ 5 ਰੁਪਏ ਦਿਆ ਕਰੇਗੀ।
ਇਹ ਪ੍ਰਾਜੈਕਟ ਜਲੰਧਰ ਨਿਗਮ ਨੂੰ ਭੇਜ ਦਿੱਤਾ ਗਿਆ ਹੈ, ਜਿਸ ਦੇ ਲਈ ਸਬੰਧਤ ਅਧਿਕਾਰੀ ਡਾਟਾ ਇਕੱਠਾ ਕਰ ਰਹੇ ਹਨ। ਕਰੀਬ 30 ਵਾਰਡਾਂ ਵਿਚ ਕੰਮ ਕਰ ਰਹੇ ਰੈਗ ਪਿਕਰਸ ਦਾ ਡਾਟਾ ਇਕੱਠਾ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਆਧਾਰ ਕਾਰਡ ਅਤੇ ਬੈਂਕ ਅਕਾਊਂਟ ਦੀ ਡਿਟੇਲ ਨਿਗਮ ਅਧਿਕਾਰੀਆਂ ਨੇ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ ਹੈ। ਜਲਦ ਪੂਰੇ ਸ਼ਹਿਰ ਦਾ ਸਰਵੇ ਕਰ ਕੇ ਸਰਕਾਰ ਨੂੰ ਡਾਟਾ ਭਿਜਵਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਨ੍ਹਾਂ ਰੈਗ ਪਿਕਰਸ ਨੂੰ ਸਿੱਧਾ ਬੈਂਕ ਅਕਾਊਂਟ ਵਿਚ ਪੈਸੇ ਟਰਾਂਸਫਰ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਕਈ ਵਾਰਡਾਂ ਵਿਚ ਇਹ ਮੁਹਿੰਮ ਸ਼ੁਰੂ ਕਰ ਚੁੱਕਾ ਹੈ। ਇਕੱਲੇ ਮਾਡਲ ਟਾਊਨ ਡੰਪ ’ਤੇ ਹੀ 95 ਰੈਗ ਪਿਕਰਸ ਘਰਾਂ ਵਿਚੋਂ ਇਕੱਠਾ ਕੀਤਾ ਕੂੜਾ ਲਿਆ ਰਹੇ ਹਨ, ਜਿਸ ਵਿਚ 70 ਫੀਸਦੀ ਕੂੜਾ ਸੈਗਰੀਗੇਟ ਕੀਤਾ ਹੋਇਆ ਹੁੰਦਾ ਹੈ।