6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ 1 ਦਿਨ ਦੇ ਪੁਲਸ ਰਿਮਾਂਡ ''ਤੇ
Saturday, Dec 21, 2019 - 12:05 PM (IST)

ਜਲੰਧਰ (ਮਹੇਸ਼)— ਥਾਣਾ ਪਤਾਰਾ ਅਧੀਨ ਆਉਂਦੇ ਇਕ ਪਿੰਡ ਦੇ ਪ੍ਰਾਈਵੇਟ ਸਕੂਲ ਦੀ 6 ਸਾਲ ਦੀ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਪੁਲਸ ਵੱਲੋਂ ਫੜੇ ਗਏ ਮੁਲਜ਼ਮਾਂ ਨੂੰ ਬੀਤੇ ਦਿਨ ਅਦਾਲਤ 'ਚ ਪੇਸ਼ ਕੀਤਾ ਗਿਆ। ਇਥੋਂ ਅਦਾਲਤ ਨੇ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਐੱਸ. ਐੱਚ. ਓ. ਪਤਾਰਾ ਦਲਜੀਤ ਸਿੰਘ ਨੇ ਕਿਹਾ ਕਿ ਪੁਲਸ ਮੁਲਜ਼ਮਾਂ ਹਰਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਨਾਰੰਗਪੁਰ ਥਾਣਾ ਪਤਾਰਾ ਜਲੰਧਰ ਅਤੇ ਦਲਵੀਰ ਸਿੰਘ ਪੁੱਤਰ ਲਕਸ਼ਮਣ ਸਿੰਘ ਵਾਸੀ ਹਰਿਪੁਰ ਥਾਣਾ ਆਦਮਪੁਰ ਜਲੰਧਰ ਤੋਂ ਪੁੱਛਗਿੱਛ ਕਰ ਰਹੀ ਹੈ। ਵੀਰਵਾਰ ਦਿਨ ਢਲੇ ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਵਿਖਾਈ ਸੀ, ਜਦਕਿ ਸਕੂਲ ਦੇ ਪ੍ਰਬੰਧਕਾਂ ਨੇ ਉਨ੍ਹਾਂ ਦੋਵਾਂ ਨੂੰ 3 ਦਿਨ ਪਹਿਲਾਂ ਹੀ ਪੁਲਸ ਹਵਾਲੇ ਕਰ ਦਿੱਤਾ ਸੀ।
ਹਾਲਾਂਕਿ ਪੁਲਸ ਨੇ ਮਾਮਲਾ ਆਪਣੇ ਧਿਆਨ 'ਚ ਆਉਂਦਿਆਂ ਹੀ ਇਸ ਸਬੰਧੀ ਬੁੱਧਵਾਰ ਦੀ ਰਾਤ ਨੂੰ ਹੀ ਮੁਕੱਦਮਾ ਦਰਜ ਕਰ ਲਿਆ ਸੀ। ਐੱਸ. ਐੱਚ. ਓ. ਦਲਜੀਤ ਸਿੰਘ ਨੇ ਕਿਹਾ ਕਿ ਪੁਲਸ ਹਰ ਪਹਿਲੂ ਤੋਂ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਦੂਜੇ ਪਾਸੇ ਫੜੇ ਗਏ ਮੁਲਜ਼ਮ ਆਪਣੇ ਆਪ ਨੂੰ ਇਸ ਮਾਮਲੇ 'ਚ ਬੇਕਸੂਰ ਦੱਸ ਰਹੇ ਹਨ ਅਤੇ ਉਨ੍ਹਾਂ ਦੇ ਸਮਰਥਨ 'ਚ ਵੀ ਅੱਜ ਥਾਣਾ ਪਤਾਰਾ 'ਚ ਕਈ ਲੋਕ ਪੁੱਜੇ ਹੋਏ ਸਨ ਪਰ ਪੁਲਸ ਇਸ ਮਾਮਲੇ 'ਚ ਮੀਡੀਆ ਨੂੰ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ।