ਰਿਕਵਰੀ ਲਈ ਆਏ ਬੈਂਕ ਦੇ ਮੁਲਾਜ਼ਮਾਂ ’ਤੇ ਕੁੜੀ ਨੇ ਲਾਏ ਧੱਕਾਮੁੱਕੀ ਕਰਦੇ ਚੇਨ ਖੋਹਣ ਦੇ ਦੋਸ਼, ਮਾਮਲਾ ਦਰਜ
Monday, May 15, 2023 - 04:00 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪਿੰਡ ਝਾਵਾਂ ਵਿਚ ਲੋਨ ਦੀ ਰਿਕਵਰੀ ਕਰਨ ਆਏ ਬੈਂਕ ਦੇ ਮੁਲਾਜ਼ਮਾਂ ’ਤੇ ਲੜਕੀ ਵੱਲੋਂ ਪਿਸਤੌਲ ਵਿਖਾਉਣ ਅਤੇ ਧੱਕਾਮੁੱਕੀ ਕਰਦੇ ਹੋਏ ਸੋਨੇ ਦੀ ਚੇਨ ਖੋਹਣ ਦਾ ਦੋਸ਼ ਲਾਇਆ ਗਿਆ ਹੈ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਟਾਂਡਾ ਪੁਲਸ ਨੇ 6 ਵਿਅਕਤੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 395 ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਉਧਰ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਆਖਿਆ ਹੈ ਕਿ ਉਹ ਤਾਂ ਟਰੈਕਟਰ ਲਈ ਲਏ ਗਏ ਲੋਨ ਦੀ ਰਿਕਵਰੀ ਕਰਨ ਆਏ ਸਨ। ਪੁਲਸ ਮਾਮਲੇ ਦੀ ਸੱਚਾਈ ਦਾ ਪਤਾ ਲਾਉਣ ਲਈ ਜਾਂਚ ਕਰ ਰਹੀ ਹੈ। ਪੁਲਸ ਨੇ ਇਹ ਮਾਮਲਾ ਕੈਨੇਡਾ ਰਹਿੰਦੀ ਹਰਕੀਰਤ ਕੌਰ ਪੁੱਤਰੀ ਕਸ਼ਮੀਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਅਸ਼ਨੀ ਅਤੇ 5 ਹੋਰ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ - ਮੋਬਾਇਲ ’ਤੇ ਆ ਰਹੇ ਅਜਿਹੇ ਮੈਸੇਜ ਤੋਂ ਰਹੋ ਸਾਵਧਾਨ, ਹੋ ਸਕਦੈ ਵੱਡਾ ਆਰਥਿਕ ਨੁਕਸਾਨ
ਆਪਣੇ ਬਿਆਨ ਵਿਚ ਹਰਕੀਰਤ ਨੇ ਦੱਸਿਆ ਕਿ ਉਹ ਆਪਣੇ ਪਿੰਡ ਛੁੱਟੀ ਕੱਟਣ ਆਈ ਹੋਈ ਹੈ। 13 ਮਈ ਦੀ ਦੁਪਹਿਰ ਨੂੰ ਜਦੋਂ ਉਹ ਘਰ ਵਿਚ ਕੰਮ ਕਰਨ ਵਾਲੀ ਚਾਚੀ ਬਲਬੀਰ ਕੌਰ ਸਮੇਤ ਮੌਜੂਦ ਸੀ ਤਾਂ ਉਕਤ ਮੁਲਜ਼ਮ ਗੇਟ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਉਸ ਕੋਲੋਂ ਟਰੈਕਟਰ ਦੀਆਂ ਚਾਬੀਆਂ ਮੰਗਣ ਲੱਗੇ। ਜਦੋਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਤਾਂ ਉਨ੍ਹਾਂ ਨੇ ਉਸ ਨੂੰ ਚਪੇੜਾਂ ਮਾਰਦੇ ਹੋਏ ਧੱਕਾਮੁੱਕੀ ਕੀਤੀ। ਉਸ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਜਾਂਦੇ ਸਮੇਂ ਇਕ ਨੌਜਵਾਨ ਨੇ ਉਸ ਨੂੰ ਪਿਸਤੌਲ ਦਾ ਡਰਾਵਾ ਦਿੰਦੇ ਹੋਏ ਧਮਕਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਸੱਚਾਈ ਦਾ ਪਤਾ ਲਾਉਣ ਲਈ ਕਈ ਗੱਲਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਦਾ ਦਿਹਾਂਤ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।