ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਲਈ ਕਿਸਾਨਾਂ ਦਾ 1 ਕਰੋੜ ਰੁਪਏ ਤੋਂ ਵੱਧ ਦਾ ਲੱਗਾ ਡੀਜ਼ਲ

Sunday, May 17, 2020 - 06:57 PM (IST)

ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਲਈ ਕਿਸਾਨਾਂ ਦਾ 1 ਕਰੋੜ ਰੁਪਏ ਤੋਂ ਵੱਧ ਦਾ ਲੱਗਾ ਡੀਜ਼ਲ

ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਸਤਲੁਜ ਦਰਿਆ ਦੀ ਚੱਲ ਰਹੀ ਕਾਰ ਸੇਵਾ ਦੌਰਾਨ ਕਿਸਾਨਾਂ ਨੇ 1 ਕਰੋੜ 26 ਲੱਖ ਤੋਂ ਵੱਧ ਦਾ ਡੀਜ਼ਲ ਆਪਣੀਆਂ ਕਿਰਤ ਕਮਾਈਆਂ 'ਚੋਂ ਪਾ ਕੇ ਸਤਲੁਜ ਦਰਿਆ 'ਚ ਗਿੱਦੜਪਿੰਡੀ ਪੁਲ ਹੇਠੋਂ ਮਿੱਟੀ ਕੱਢ ਕੇ ਧੁੱਸੀ ਬੰਨ੍ਹ ਉੱਚਾ ਤੇ ਮਜ਼ਬੂਤ ਕਰ ਲਿਆ ਹੈ। ਸਤਲੁਜ ਦਰਿਆ 'ਤੇ ਬਣੇ ਇਸ ਰੇਲਵੇ ਪੁਲ ਦੇ 21 ਦੱਰੇ ਹਨ, ਜਿੰਨਾਂ 'ਚੋਂ ਪਾਣੀ ਲੰਘਦਾ ਹੈ। ਇੰਨ੍ਹਾਂ 'ਚੋਂ ਹੁਣ ਤਕ 12 ਦੱਰੇ ਸਾਫ਼ ਹੋ ਚੁੱਕੇ ਹਨ। ਬਾਕੀ ਦੇ ਦਰਿਆਂ 'ਚੋਂ ਵੀ ਮਿੱਟੀ ਕੱਢੀ ਜਾਣੀ ਹੈ ਪਰ ਦਰਿਆ 'ਚ ਪਾਣੀ ਛੱਡੇ ਜਾਣ ਕਾਰਨ ਕਾਰ ਸੇਵਾ ਦਾ ਕੰਮ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਹੈ। ਲਾਕਡਾਊਨ ਦੌਰਾਨ ਇਲਾਕੇ ਦੇ ਲੋਕਾਂ ਨੇ ਸਤਲੁਜ ਦਰਿਆ ਦੇ ਵਿੰਗ ਨੂੰ ਸਿੱਧਾ ਕਰ ਲਿਆ ਸੀ।

PunjabKesari

ਜਾਣੀਆ ਚਾਹਲ ਬੰਨ੍ਹ 'ਤੇ ਮਾਸਕ ਬੰਨ੍ਹੀ ਕਿਸਾਨਾਂ ਨੇ ਇਸ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਅਗਾਊਂ ਪ੍ਰਬੰਧਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੇ ਇਲਾਕੇ ਨੇ ਆਪਣਾ ਭਵਿੱਖ ਬਚਾਉਣਾ ਹੈ ਤਾਂ ਸਤਲੁਜ ਦਰਿਆ 'ਚ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ 18 ਫੁੱਟ ਤੱਕ ਮਿੱਟੀ ਕੱਢਣ ਦੀ ਚੱਲ ਰਹੀ ਕਾਰ ਸੇਵਾ 'ਚ ਸਹਿਯੋਗ ਕਰੀਏ। ਇਸ ਮੌਕੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਤਲੁਜ ਦਰਿਆ 'ਚੋਂ ਮਿੱਟੀ ਕੱਢਣ ਲਈ ਜਿਹੜੀ ਵੀ ਪੰਜਾਬ ਸਰਕਾਰ ਤੋਂ ਮੱਦਦ ਚਾਹੀਦੀ ਹੋਵੇਗੀ ਤਾਂ ਉਹ ਆਪ ਇਸ ਬਾਰੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਪਿੱਛਲੇ ਸਾਲ ਅਗਸਤ ਮਹੀਨੇ 'ਚ ਆਏ ਹੜ੍ਹਾਂ ਨੇ ਲੋਹੀਆਂ ਤੇ ਸੁਲਤਾਨਪੁਰ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਸੀ ਤੇ ਵੱਡੇ ਪੱਧਰ 'ਤੇ ਕਿਸਾਨਾਂ ਦਾ ਹਾਜ਼ਾਰਾਂ ਏਕੜ ਝੋਨਾ ਬਰਬਾਦ ਹੋ ਗਿਆ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਤੋਂ ਸਾਵਧਾਨੀਆਂ ਨਾਲ ਬਚਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਸਹਿਯੋਗ ਨਾਲ ਸਰਕਾਰੀ ਅੜਚਨਾਂ ਦੂਰ ਹੋ ਸਕੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਆਉਂਦੀਆਂ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਰੇਲਵੇ ਪੁਲ ਦੇ ਬਾਕੀ ਰਹਿੰਦੇ ਦੱਰੇ ਵੀ ਸਾਫ ਕੀਤੇ ਜਾਣਗੇ। ਸੰਤ ਸੀਚੇਵਾਲ ਨੇ ਦੱਸਿਆ ਕਿ ਜਿਹੜਾ ਸਵਾ ਕਰੋੜ ਤੋਂ ਵੱਧ ਦਾ ਡੀਜ਼ਲ ਲੱਗਾ ਹੈ ਉਸ ਦੇ ਸਾਰੇ ਪੈਸੇ ਐਨ.ਆਰ.ਆਈਜ਼ ਤੇ ਦਰਿਆ ਕੰਢੇ ਵੱਸਦੇ ਪਿੰਡਾਂ ਵਾਲਿਆਂ ਨੇ ਇੱਕਠੇ ਕੀਤੇ ਸਨ। ਸਾਰੇ ਕੰਮ ਵਿੱਚ ਪਾਰਦਰਸ਼ਤਾ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਿਆ ਕੰਢੇ ਵਾਲੇ ਪਿੰਡ ਮੁੜ ਨਾ ਉਜੜਣ ਇਸ ਲਈ ਪਿੱਛਲੇ 9 ਮਹੀਨਿਆਂ ਤੋਂ ਲਗਾਤਾਰ ਕੰਮ ਜਾਰੀ ਹੈ। ਇਸ ਮੌਕੇ ਦਲਜੀਤ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ, ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਕਾਲਾ, ਫੁੰਮਣ ਸਿੰਘ, ਅਜੀਤ ਸਿੰਘ, ਸਰੂਪ ਸਿੰਘ, ਬਲਬੀਰ ਸਿੰਘ, ਨੇਕ ਸਿੰਘ, ਹਰਮੇਲ ਸਿੰਘ, ਮੇਜਰ ਸਿੰਘ, ਮੰਗਲ ਸਿੰਘ, ਸੁਰਜੀਤ ਸਿੰਘ ਸ਼ੰਟੀ ਤੇ ਹੋਰ ਇਲਾਕੇ ਦੇ ਲੋਕ ਹਾਜ਼ਰ ਸਨ।


author

Deepak Kumar

Content Editor

Related News