ਲਿੰਗ ਨਿਰਧਾਰਨ ਕਰਨ ''ਤੇ ਬਾਘਾ ਹਸਪਤਾਲ ਦਾ ਸਟਿੰਗ ਆਪਰੇਸ਼ਨ

12/05/2020 10:59:56 AM

ਜਲੰਧਰ (ਵਰੁਣ)— ਚੰਡੀਗੜ੍ਹ ਦੀ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸਿਜ਼ ਦੀ ਟੀਮ ਵੱਲੋਂ ਕੀਤੇ ਗਏ ਸਟਿੰਗ ਆਪਰੇਸ਼ਨ ਤੋਂ ਬਾਅਦ ਚੰਡੀਗੜ੍ਹ, ਐੱਸ. ਬੀ. ਐੱਸ. ਨਗਰ ਅਤੇ ਜਲੰਧਰ ਦੇ ਸਿਹਤ ਮਹਿਕਮੇ ਨੇ ਪਠਾਨਕੋਟ ਰੋਡ 'ਤੇ ਸਥਿਤ ਬਾਘਾ ਹਸਪਤਾਲ 'ਚ ਲਿੰਗ ਨਿਰਧਾਰਨ ਦੇ ਦੋਸ਼ 'ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਹਸਪਤਾਲ ਦੇ ਡਾ. ਸੁਰਜੀਤ ਸਿੰਘ ਕਾਂਗ ਫ਼ਰਾਰ ਹੋ ਗਏ ਪਰ ਪੁਲਸ ਅਤੇ ਸਿਹਤ ਮਹਿਕਮੇ ਦੀ ਟੀਮ ਨੇ ਹਸਪਤਾਲ 'ਚ ਤੈਅ ਕੀਤੀ ਗਈ ਕੀਮਤ 'ਚੋਂ 16 ਹਜ਼ਾਰ ਰੁਪਏ ਰਿਕਵਰ ਕਰ ਲਏ ਹਨ। ਇਸ ਟੈਸਟ ਦਾ ਸੌਦਾ 20 ਹਜ਼ਾਰ ਰੁਪਏ ਵਿਚ ਤੈਅ ਹੋਇਆ ਸੀ।

ਜਾਣਕਾਰੀ ਦਿੰਦੇ ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਆਈ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਬਾਘਾ ਹਸਪਤਾਲ ਵਿਚ ਲਿੰਗ ਨਿਰਧਾਰਨ ਕਰਨ ਦੀ ਡੀਲ ਚੱਲ ਰਹੀ ਹੈ ਇਸ ਦਾ ਸਟਿੰਗ ਆਪ੍ਰੇਸ਼ਨ ਵੀ ਹੋਇਆ ਹੈ। ਇਸ 'ਚ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਖੁਦ ਟੈਸਟ ਕਰ ਰਹੇ ਹਨ। ਅਜਿਹੇ ਵਿਚ ਪੁਲਸ ਨੇ ਚੰਡੀਗੜ੍ਹ ਸਮੇਤ ਲੁਧਿਆਣਾ, ਨਵਾਂਸ਼ਹਿਰ ਅਤੇ ਜਲੰਧਰ ਤੋਂ ਆਈਆਂ ਸਿਹਤ ਮਹਿਕਮੇ ਦੀਆਂ ਟੀਮਾਂ ਦੇ ਨਾਲ ਮਿਲ ਕੇ ਹਸਪਤਾਲ ਵਿਚ ਛਾਪੇਮਾਰੀ ਕੀਤੀ।

ਸਿਹਤ ਮਹਿਕਮੇ ਦੇ ਨਾਲ-ਨਾਲ ਪੁਲਸ ਵੀ ਮੌਕੇ 'ਤੇ ਮੌਜੂਦ ਸੀ। ਇਨ੍ਹਾਂ ਨੇ ਤੈਅ ਕੀਤੀ ਰਕਮ 20 ਹਜ਼ਾਰ ਰੁਪਏ ਵਿਚੋਂ 16 ਹਜ਼ਾਰ ਰੁਪਏ ਹਸਪਤਾਲ 'ਚੋਂ ਬਰਾਮਦ ਕਰ ਲਏ। ਛਾਪੇਮਾਰੀ ਤੋਂ ਪਹਿਲਾਂ ਹੀ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਫ਼ਰਾਰ ਹੋ ਚੁੱਕੇ ਸਨ। ਸਿਹਤ ਮਹਿਕਮੇ ਦੀ ਟੀਮ ਦਾ ਕਹਿਣਾ ਹੈ ਕਿ ਹਸਪਤਾਲ ਵਿਚ 20 ਹਜਾਰ ਰੁਪਏ ਵਿਚ ਲਿੰਗ ਨਿਰਧਾਰਨ ਦਾ ਟੈਸਟ ਕੀਤਾ ਜਾਂਦਾ ਸੀ ਉਥੇ ਹੀ ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣੇ 'ਚ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਕਾਂਗ ਦੇ ਖ਼ਿਲਾਫ਼ ਇਹ ਪਹਿਲਾ ਮਾਮਲਾ ਨਹੀਂ ਹੈ, ਉਨ੍ਹਾਂ ਖਿਲਾਫ ਪਹਿਲਾਂ ਵੀ ਅਜਿਹੇ ਕਈ ਕੇਸ ਦਰਜ ਹਨ। ਉਨ੍ਹਾਂ ਨੇ ਇਸੇ ਦੋਸ਼ਾਂ ਦੇ ਕਾਰਨ ਭੋਗਪੁਰ 'ਚ ਵੀ ਆਪਣਾ ਹਸਪਤਾਲ ਬੰਦ ਕੀਤਾ ਸੀ ਜਦਕਿ ਅੰਬਾਲਾ 'ਚ ਵੀ ਲਿੰਗ ਨਿਰਧਾਰਨ ਦੇ ਕੇਸਾਂ ਵਿਚ ਉਹ ਨਾਮਜ਼ਦ ਹੋ ਚੁੱਕੇ ਹਨ।


shivani attri

Content Editor

Related News