ਪਤੀ ਅਤੇ ਪੁੱਤਰ ਦੀ ਕੁੱਟਮਾਰ ਤੋਂ ਦੁੱਖੀ ਔਰਤ ਨੇ ਲਾਈ ਇਨਸਾਫ ਦੀ ਗੁਹਾਰ
Thursday, Feb 07, 2019 - 02:39 PM (IST)

ਗੜ੍ਹਸ਼ੰਕਰ (ਅਮਰੀਕ) - ਸਬ ਡਿਵੀਜਨ ਗੜ੍ਹਸ਼ੰਕਰ ਦੇ ਪਿੰਡ ਭਾਤਪੁਰ ਜੱਟਾਂ 'ਚ ਪਤੀ ਅਤੇ ਬੇਟੇ ਵਲੋਂ ਬੇਘਰ ਕੀਤੀ ਔਰਤ ਆਪਣੀ ਬੱਚੀ ਨਾਲ ਪਸ਼ੂਆਂ ਦੇ ਵਾੜੇ 'ਚ ਰਹਿਣ ਲਈ ਮਜ਼ਬੂਰ ਹੋ ਰਹੀ ਹੈ। ਉਕਤ ਔਰਤ ਨੇ ਪੁਲਸ ਨੂੰ ਕੁੱਟਮਾਰ ਕਰਨ ਦੀ ਸ਼ਿਕਾਇਤ ਦਰਜ ਕਰਾਉਂਦਿਆਂ ਇਨਸਾਫ ਦੀ ਗੁਹਾਰ ਲਾਈ ਹੈ। ਪੀੜਤ ਔਰਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਜੀਤ ਸਿੰਘ ਨੇ ਕਰੀਬ 6 ਮਹੀਨੇ ਪਹਿਲੇ ਰਾਜਵਿੰਦਰ ਕੌਰ ਜਿਸਦਾ ਵਿਆਹ ਹਰਪ੍ਰੀਤ ਸਿੰਘ ਅੰਮ੍ਰਿਤਸਰ ਨਾਲ ਹੋਇਆ, ਨਾਲ ਨਾਜਾਇਜ਼ ਤੌਰ 'ਤੇ ਘਰ 'ਚ ਰਹਿ ਰਿਹਾ ਹੈ। ਇਸ ਤੋਂ ਇਲਾਵਾ ਹਰਸ਼ਰਨ ਸਿੰਘ ਜੋ ਗੈਰਕਾਨੂੰਨੀ ਤਰੀਕੇ ਨਾਲ ਆਪਣੇ ਪਿੰਡ 'ਚ ਮਾਈਨਿੰਗ ਦਾ ਕੰਮ ਕਰਦਾ ਹੈ ਅਤੇ ਆਪਣੇ ਆਪ ਨੂੰ ਕਾਂਗਰਸ ਦਾ ਆਗੂ ਦੱਸਦਾ ਹੈ।
ਪੀੜਤ ਮਹਿੰਦਰ ਕੌਰ ਦਾ ਇਹ ਵੀ ਕਹਿਣਾ ਹੈ ਕਿ ਉਸ ਦੀ ਅਤੇ ਉਸ ਦੀ ਬੇਟੀ ਦੀ ਕੁੱਟਮਾਰ ਰਾਜਵਿੰਦਰ ਕੌਰ ਦੇ ਕਹਿਣ 'ਤੇ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹ ਪਸ਼ੂਆਂ ਦੇ ਵਾੜੇ 'ਚ ਰਹਿ ਰਹੀਆਂ ਹਨ। ਕੁਝ ਦਿਨ ਪਹਿਲਾਂ ਪਤੀ ਅਤੇ ਬੇਟੇ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ ਸਨ। ਉਨ੍ਹਾਂ ਦੋਵਾਂ ਨੇ ਘਰੋਂ ਭੱਜ ਕੇ ਕਿਸੀ ਤਰ੍ਹਾਂ ਆਪਣੀ ਜਾਨ ਬਚਾ ਲਈ ਅਤੇ ਪਿੰਡ ਵਾਸੀਆਂ ਨੇ ਪੁਲਸ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖਿਲ ਕਰਵਾਇਆ। ਇਸ ਸਬੰਧ 'ਚ ਏ.ਐੱਸ.ਆਈ. ਸ਼ਾਮ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।