ਗੜਸ਼ੰਕਰ ਦੇ ਛੋਟੇ-ਛੋਟੇ ਮਸਲੇ ਬਣ ਸਕਦੇ ਹਨ ਕੌਂਸਲ ਚੋਣਾਂ ਦਾ ਮੁੱਦਾ

12/20/2020 7:56:56 PM

ਗੜਸ਼ੰਕਰ,(ਸ਼ੋਰੀ)- ਸੂਬਾ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਗੜਸ਼ੰਕਰ ਦੇ 13 ਵਾਰਡਾਂ ਵਿਚ ਚੋਣਾਂ ਹੋਣ ਵਾਲੀਆਂ ਹਨ। ਇਨਾਂ ਚੋਣਾਂ ਵਿੱਚ ਸਰਗਰਮ ਤੌਰ 'ਤੇ ਆਪਣੇ ਉਮੀਦਵਾਰ ਉਤਾਰਨ ਵਾਲੀਆਂ ਰਾਜਨੀਤਕ ਪਾਰਟੀਆਂ ਅਤੇ ਸਥਾਨਕ ਧੜਿਆਂ ਨੇ ਆਪਣੇ ਪੱਧਰ 'ਤੇ ਮੈਦਾਨ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 
ਮਜ਼ੇਦਾਰ ਗੱਲ ਇਹ ਹੈ ਕਿ ਕੁਝ ਇਕ ਨੂੰ ਛੱਡ ਕੇ ਜਿਆਦਾਤਰ ਉਮੀਦਵਾਰ ਆਪਣੇ ਵਾਰਡ ਦੇ ਵਿਕਾਸ ਸਬੰਧੀ ਆਪਣੇ ਵਿਜ਼ਨ ਨੂੰ ਦਿਖਾਉਣ ਦੀ ਬਜਾਏ ਇਸ ਗੱਲ 'ਤੇ ਜ਼ਿਆਦਾ ਤਵੱਜੋ ਦੇ ਰਹੇ ਹਨ ਕਿ ਉਨਾਂ ਨੂੰ ਕਿਸ ਪਾਰਟੀ ਦਾ, ਕਿਸ ਆਗੂ ਦਾ ਅਤੇ ਕਿਸ ਧੜੇ ਦਾ ਅਸ਼ੀਰਵਾਦ ਪ੍ਰਾਪਤ ਹੈ।
ਗੱਲ ਜੇਕਰ ਆਮ ਲੋਕਾਂ ਦੀ ਕੀਤੀ ਜਾਵੇ ਤਾਂ ਹਰ ਉਮੀਦਵਾਰ  ਨੂੰ ਆਮ ਲੋਕ ਖਿੜੇ ਮੱਥੇ ਮਿਲ ਰਹੇ ਹਨ ਅਤੇ ਕਿਸੇ ਦਾ ਵੀ ਹੌਸਲਾ ਪਸਤ ਨਹੀਂ ਹੋਣ ਦੇ ਰਹੇ। ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ ਅਤੇ ਮੈਦਾਨ ਵਿੱਚ ਕੰਮ ਕਰਨ ਲਈ ਉਤਸਾਹਿਤ ਕਰ ਰਹੇ ਹਨ।

ਕੀ ਹਨ ਗੜਸ਼ੰਕਰ ਦੀਆਂ ਸਮੱਸਿਆਵਾਂ ਜੋ ਮੁੱਦਾ ਬਣ ਸਕਦੀਆਂ ਹਨ  

ਆਮ ਲੋਕਾਂ ਨੂੰ ਨਗਰ ਕੌਂਸਲ ਦੇ ਦਫਤਰ ਵਿੱਚ ਮੁੱਖ ਤੌਰ 'ਤੇ ਸਫਾਈ, ਪੀਣ ਵਾਲੇ ਪਾਣੀ , ਗਲੀਆਂ ਦੇ ਨਿਰਮਾਣ ਅਤੇ ਸਟ੍ਰੀਟ ਲਾਈਟਾਂ ਨਾਲ ਜੁੜੇ ਮਾਮਲਿਆਂ ਵਿੱਚ ਸ਼ਿਕਾਇਤ ਰਹਿੰਦੀ ਹੈ ਅਤੇ ਇਨਾਂ ਮਸਲਿਆਂ ਨੂੰ ਲੈ ਕੇ ਅਕਸਰ ਆਮ ਲੋਕ ਆਪਣੇ ਕੌਂਸਲਰ ਕੋਲੋ ਜਨਤਕ ਤੌਰ 'ਤੇ ਜਵਾਬ ਮੰਗਦੇ ਹਨ। ਪਰ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਅਨੇਕਾਂ ਮਸਲੇ ਹਨ ਜਿਨਾਂ ਸੰਬਧੀ ਉਮੀਦਵਾਰਾਂ ਤੋਂ ਲੋਕ ਜਵਾਬ ਇਸ ਚੋਣ ਪ੍ਰਚਾਰ ਦੌਰਾਨ ਮੰਗ ਸਕਦੇ ਹਨ।

ਮਸਲਨ ਜਿਵੇਂ ਕਿ ਗੜਸ਼ੰਕਰ ਦੇ ਮੁੱਖ ਬੱਸ ਸਟੈਂਡ ਤੇ ਬੱਸਾਂ ਕਿਉਂ ਨਹੀਂ ਜਾਂਦੀਆਂ, ਕਿਉਂ ਸ਼ਹਿਰ ਵਿੱਚ ਨਾਲਿਆਂ ਦੀ ਨਿਰੰਤਰ ਸਫਾਈ ਨਹੀਂ ਹੁੰਦੀ, ਕਿਉਂ ਅੱਧਾ ਦਰਜਨ ਤੋਂ ਵੱਧ ਨਾਜਾਇਜ਼ ਬੱਸ ਸਟੈਂਡ ਗਡਸ਼ੰਕਰ ਵਿੱਚ ਬਣੇ ਹੋਏ ਹਨ, ਕਿਉਂ ਡਿਵਾਈਡਰਾਂ ਤੇ ਲਾਈਟਾਂ ਆਮ ਤੌਰ ਤੇ ਬੰਦ ਰਹਿੰਦੀਆਂ ਹਨ, ਕਿਉਂ ਡਿਵਾਈਡਰ ਤੇ ਰਿਫਲੈਕਟਰ ਅੱਜ ਤਕ ਨਹੀਂ ਲੱਗੇ, ਕਿਉਂ ਮੁੱਖ ਚੌਕਾਂ ਵਿਚ ਅੱਜ ਤੱਕ ਪੀਲੀਆਂ ਲਾਈਟਾਂ ਨਹੀਂ ਲੱਗ ਸਕਿਆ ਜਿਸ ਨਾਲ ਕਿ ਹਾਦਸਿਆਂ ਤੇ ਰੋਕ ਲੱਗ ਸਕਦੀ ਹੈ, ਕਿਉਂ ਸ੍ਰੀ ਆਨੰਦਪੁਰ ਸਾਹਿਬ  ਚੌਕ ਵਿੱਚ ਪਿਛਲੇ ਦੋ ਸਾਲਾਂ ਤੋਂ ਟੁੱਟੀ ਹੋਈ ਸਿਰਫ ਦੋ ਫੁੱਟ ਦੀ ਪੁਲੀ ਦੀ ਅੱਜ ਤੱਕ ਮੁਰੰਮਤ ਨਹੀਂ ਕਰਵਾਈ ਜਾ ਸਕੀ, ਕਿਉਂ ਅੱਜ ਤਕ ਰੇਹੜੀ ਮਾਰਕੀਟ ਸ਼ਹਿਰ ਵਿਚ ਨਹੀਂ ਬਣ ਸਕੀ, ਕਿਉਂ ਗਲੀਆਂ ਵਿੱਚ ਬਣੇ ਨਜਾਇਜ ਰੈਂਪ ਅੱਜ ਅੱਜ ਤਕ ਕਾਇਮ ਹਨ, ਕਿਉਂ ਸ਼ਹਿਰ ਵਿੱਚ ਅੱਜ ਤਕ ਕੋਈ ਵੱਡੀ ਪਾਰਕ ਵੱਡੇ ਸ਼ਹਿਰਾਂ ਦੀ ਤਰਜ਼ ਤੇ ਨਹੀਂ ਬਣ ਸਕੀ, ਕਿਉਂ ਸ਼ਹਿਰ ਵਿੱਚ ਅੱਜ ਤਕ ਕੋਈ ਅਜਿਹੀ ਗਰਾਉਂਡ ਨਹੀਂ ਬਣ ਸਕੀ ਜਿਸ ਵਿੱਚ ਸ਼ਹਿਰ ਦੀਆਂ ਲੜਕੀਆਂ ਅਤੇ ਮਹਿਲਾਵਾਂ ਆਪਣੀਆਂ ਖੇਡਾਂ ਨਾਲ ਜੁੜੀਆਂ ਗਤੀਵਿਧੀਆਂ ਕਰ ਸਕਣ, ਖੈਰ ਅਜਿਹੇ ਹੋਰ ਵੀ ਮੁੱਦੇ ਹਨ ਪਰ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਵੋਟ ਮੰਗਣ ਵਾਲੇ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਤੋਂ ਆਮ ਲੋਕ ਕੀ ਇਹ ਸਵਾਲ ਪੁੱਛਣਗੇ ਜਾਂ ਫਿਰ ਪਹਿਲਾਂ ਦੀ ਤਰਾਂ ਜਾਤ, ਧਰਮ, ਪਾਰਟੀ ਅਤੇ ਆਪਣੇ ਧੜੇ ਨੂੰ ਦੇਖਦੇ ਵੋਟਾਂ ਦਾ ਕੇਂਦਰੀਕਰਨ ਇੱਕ ਵਾਰ ਫਿਰ ਹੋਵੇਗਾ।

ਕਿਸ ਤਰਾਂ ਹੁੰਦੀ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ
ਸ਼ਹਿਰ ਦੇ ਆਮ ਲੋਕਾਂ ਵੱਲੋਂ ਆਪਣੇ ਆਪਣੇ ਵਾਰਡ ਦੇ ਕੁੱਲ 13 ਕੌਂਸਲਰ ਚੁਣੇ ਜਾਣਗੇ। ਇਨਾਂ 13 ਕੌਂਸਲਰਾਂ ਅਤੇ ਇਕ ਸਥਾਨਕ ਵਿਧਾਇਕ ਸਹਿਤ ਕੁੱਲ 14 ਵਿਅਕਤੀਆਂ ਵਿੱਚੋਂ ਜਿਸ ਕੌਂਸਲਰ  ਦੇ ਕੋਲ 8 ਵੋਟਾਂ ਦਾ ਸਮਰਥਨ ਹੋਵੇਗਾ ਉਹ ਕੌਂਸਲਰ ਪ੍ਰਧਾਨਗੀ ਦੀ ਕੁਰਸੀ ਤੇ ਬੈਠੇਗਾ। 
ਨਗਰ ਕੌਂਸਲ ਦੇ ਕੰਮਕਾਜ ਸਬੰਧੀ ਜੇਕਰ ਕਿਸੀ ਕੌਂਸਲਰ ਜਾਂ ਵਿਧਾਇਕ ਨੂੰ ਸ਼ਿਕਾਇਤ ਹੋਵੇ ਤਾਂ ਉਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਹਟਾਉਣ ਦੀ ਪੂਰੀ ਤਾਕਤ ਰੱਖਦਾ ਹੈ ਇਸ ਦੇ ਲਈ ਉਹਨੂੰ 8 ਵੋਟਾਂ ਦਾ ਆਂਕੜਾ ਜੋੜਨਾ ਪੈਂਦਾ ਹੈ।
 
 


Bharat Thapa

Content Editor

Related News