ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਨਾ ਦੇਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟਣੇ ਸ਼ੁਰੂ

08/29/2019 1:42:25 PM

ਜਲੰਧਰ (ਖੁਰਾਣਾ)—ਸੈਗਰੀਗੇਸ਼ਨ ਅਤੇ ਕੂੜੇ ਨੂੰ ਮੈਨੇਜ ਕਰਨ ਦੇ ਮਾਮਲੇ ਵਿਚ ਇਨ੍ਹੀਂ ਦਿਨੀਂ ਨਗਰ ਨਿਗਮ ਨੇ ਛਾਉਣੀ ਵਿਧਾਨ ਸਭਾ ਹਲਕੇ ’ਤੇ ਫੋਕਸ ਕੀਤਾ ਹੋਇਆ ਹੈ, ਜਿਸ ਦੀ ਪਹਿਲੀ ਮਿਸਾਲ ਅੱਜ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਖੁਦ ਫੀਲਡ ਵਿਚ ਉਤਰ ਕੇ ਉਨ੍ਹਾਂ ਦੁਕਾਨਦਾਰਾਂ ਦੇ ਚਲਾਨ ਕਟਵਾਏ ਜੋ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਕੀਤੇ ਬਿਨਾਂ ਡੰਪ ਸਥਾਨ ’ਤੇ ਮਿਕਸ ਕੂੜਾ ਸੁੱਟ ਰਹੇ ਸਨ। ਇਸ ਮੁਹਿੰਮ ਦੇ ਪਹਿਲੇ ਪੜਾਅ ਵਿਚ ਅੱਜ ਜੌਹਲ ਮਾਰਕੀਟ ਸਥਿਤ ਬਿਟੂ ਪ੍ਰਦੇਸੀ, ਸਾਂਝਾ ਚੁੱਲ੍ਹਾ ਅਤੇ ਬੀਬੀ ਭਾਨੀ ਅਹਾਤੇ ਵਾਲੇ ਦੇ ਚਲਾਨ ਕੱਟੇ ਗਏ। ਇਹ ਚਲਾਨ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਦੇ ਤਹਿਤ ਕੱਟੇ ਗਏ ਹਨ ਅਤੇ ਮੁਲਜ਼ਮਾਂ ਨੂੰ 29 ਅਗਸਤ ਸਵੇਰੇ 12 ਵਜੇ ਹੈਲਥ ਆਫਿਸਰ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਜੁਰਮਾਨਾ ਲਾਇਆ ਜਾਵੇਗਾ।

ਪਤਾ ਲੱਗਾ ਹੈ ਕਿ ਛਾਉਣੀ ਹਲਕੇ ’ਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਦੀ ਦਿਸ਼ਾ ਵਿਚ ਨਿਗਮ ਕਮਿਸ਼ਨਰ ਨੇ ਗੰਭੀਰਤਾ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਸਵੇਰੇ ਤੇ ਸ਼ਾਮ ਰੀਵਿਊ ਮੀਟਿੰਗਾਂ ਹੋ ਰਹੀਆਂ ਹਨ। ਅੱਜ ਨਿਗਮ ਕਮਿਸ਼ਨਰ ਨੇ ਸਵੇਰੇ ਜੋਤੀ ਨਗਰ ਡੰਪ ਦਾ ਦੌਰਾ ਕੀਤਾ, ਜਿਥੇ ਵੇਖਿਆ ਗਿਆ ਕਿ ਉਥੇ ਮਿਕਸ ਕੂੜਾ ਸੁੱਟਿਆ ਜਾ ਰਿਹਾ ਹੈ। ਜਾਂਚ ਦੌਰਾਨ ਇਨ੍ਹਾਂ ਤਿੰਨਾਂ ਦੁਕਾਨਦਾਰਾਂ ਦਾ ਪਤਾ ਲੱਗਾ ਜੋ ਡੰਪ ’ਤੇ ਮਿਕਸ ਕੂੜਾ ਸੁੱਟ ਰਹੇ ਸਨ। ਇਨ੍ਹਾਂ ਦੇ ਚਲਾਨ ਕੱਟੇ ਗਏ ਤੇ ਰੈਗ ਪਿਕਰਸ ਨੂੰ ਵੀ ਨਿਰਦੇਸ਼ ਦਿੱਤੇ ਗਏ ਕਿ ਉਹ ਕੂੜੇ ਨੂੰ ਸੈਗਰੀਗੇਟ ਕਰਨ ਤੋਂ ਬਾਅਦ ਹੀ ਡੰਪ ’ਤੇ ਲਿਆਉਣ ਅਤੇ ਦੁਕਾਨਾਂ ਤੇ ਘਰਾਂ ਵਿਚੋਂ ਗਿੱਲਾ ਤੇ ਸੁੱਕਾ ਕੂੜਾ ਵੱਖਰੇ-ਵੱਖਰੇ ਤੌਰ ’ਤੇ ਲੈਣ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 1 ਸਤੰਬਰ ਤੋਂ ਛਾਉਣੀ ਵਿਧਾਨ ਸਭਾ ਹਲਕੇ ਦੇ ਤਹਿਤ ਆਉਂਦੇ ਉਨ੍ਹਾਂ ਘਰਾਂ ਦੇ ਵੀ ਚਲਾਨ ਕੱਟੇ ਜਾਣਗੇ ਜੋ ਕੂੜੇ ਨੂੰ ਵੱਖਰਾ-ਵੱਖਰਾ ਕਰ ਕੇ ਨਹੀਂ ਦਿੰਦੇ।

ਕੂੜੇ ਦੇ ਵੱਡੇ ਉਤਪਾਦਕਾਂ ਦੀ ਪਹਿਲਾਂ ਆਵੇਗੀ ਸ਼ਾਮਤ

ਨਗਰ ਨਿਗਮ ਨੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਅਪਣਾ ਲਏ ਹਨ, ਜਿਨ੍ਹਾਂ ਦੇ ਤਹਿਤ ਦੱਸਿਆ ਗਿਆ ਹੈ ਕਿ ਕੂੜੇ ਦੇ ਵੱਡੇ ਉਤਪਾਦਕ (ਜਿੱਥੇ ਹਰ ਰੋਜ਼ 50 ਕਿਲੋ ਤੋਂ ਵੱਧ ਕੂੜਾ ਨਿਕਲਦਾ ਹੈ) ਆਪਣੇ ਕੰਪਲੈਕਸ ਵਿਚ ਆਪਣੇ ਕੂੜੇ ਨੂੰ ਖੁਦ ਮੈਨੇਜ ਕਰਨਗੇ। ਪਿਛਲੇ ਦਿਨੀਂ ਨਿਗਮ ਨੇ ਇਨ੍ਹਾਂ ਰੂਲਜ਼ ਦੇ ਤਹਿਤ ਕੂੜੇ ’ਤੇ ਯੂਜ਼ਰਜ਼ ਚਾਰਜ ਐਲਾਨ ਕੀਤੇ ਸਨ।

ਹੁਣ ਨਿਗਮ ਕੂੜੇ ਦੇ ਵੱਡੇ ਉਤਪਾਦਕਾਂ ’ਤੇ ਪਹਿਲਾ ਸ਼ਿਕੰਜਾ ਕੱਸਣ ਜਾ ਰਿਹਾ ਹੈ ਤਾਂ ਜੋ ਡੰਪਾਂ ’ਤੇ ਆ ਰਿਹਾ ਕੂੜਾ ਘੱਟ ਹੋ ਸਕੇ। ਇਸ ਸਿਲਸਿਲੇ ਵਿਚ ਅੱਜ 3 ਚਲਾਨ ਕੱਟ ਕੇ ਬਾਕੀਆਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਅਜਿਹੇ ਚਲਾਨ ਹੋਰ ਵੀ ਕੱਟੇ ਜਾਣਗੇ।

ਵੱਡੇ ਹੋਟਲਾਂ ਨੇ ਲਗਵਾਏ ਪਲਾਂਟ

ਨਿਗਮ ਨੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਦੇ ਤਹਿਤ ਕੂੜੇ ਦੇ ਵੱਡੇ ਉਤਪਾਦਕਾਂ ਨੂੰ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ ਦੀ ਪਾਲਣਾ ਕਰਦਿਆਂ ਸ਼ਹਿਰ ਦੇ ਕਈ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਕੂੜੇ ਨੂੰ ਮੈਨੇਜ ਕਰਨ ਲਈ ਪਲਾਂਟ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹੀ ਪਹਿਲੀ ਸ਼ੁਰੂਆਤ ਸਾਗਰ ਰਤਨਾ ਨੇ ਕੀਤੀ ਸੀ ਅਤੇ ਕੂੜੇ ਤੋਂ ਗੈਸ ਬਣਾਉਣ ਵਾਲਾ ਪਲਾਂਟ ਲਾਇਆ ਸੀ। ਹੁਣ ਬਾਰ-ਬੀ-ਕਿਊ ਨੇਸ਼ਨ ਅਤੇ ਹੋਟਲ ਕੰਟਰੀ-ਇਨ ਨੇ ਵੀ ਪਲਾਂਟ ਲਗਵਾ ਲਏ ਹਨ। ਜਲਦੀ ਹੀ ਬਾਕੀ ਹੋਟਲ, ਰੈਸਟੋਰੈਂਟ ਅਤੇ ਢਾਬਾ ਮਾਲਕ ਵੀ ਅਜਿਹੇ ਪਲਾਂਟ ਲਗਵਾਉਣ ਜਾ ਰਹੇ ਹਨ।

ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ਸਕਾਈਲਾਰਕ ਵਾਲਿਆਂ ਨੇ ਆਪਣੇ ਕੂੜੇ ਨੂੰ ਮੈਨੇਜ ਕਰਨ ਲਈ ਕਰੀਬ 40 ਹਜ਼ਾਰ ਰੁਪਏ ਦੀ ਮਸ਼ੀਨ ਖਰੀਦੀ ਹੋਈ ਹੈ ਪਰ ਉਸ ਵਿਚ ਕੂੜਾ ਨਾ ਪਾ ਕੇ ਹੋਟਲ ਵਲੋਂ ਨਿਗਮ ਦੇ ਡੰਪ ’ਤੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਦੇ ਲਈ ਹੋਟਲ ਦਾ ਚਲਾਨ ਕੱਟਿਆ ਜਾ ਸਕਦਾ ਹੈ।

ਨਾਰਥ ਤੇ ਵੈਸਟ ਹਲਕੇ ਵਿਚ ਕੂੜੇ ਦੇ ਹਾਲਾਤ ਬੇਕਾਬੂ ਹੋਏ

ਨਗਰ ਨਿਗਮ ਨੇ ਕੂੜੇ ਦੇ ਮਾਮਲੇ ਵਿਚ ਆਪਣਾ ਸਾਰਾ ਫੋਕਸ ਛਾਉਣੀ ਵਿਧਾਨ ਸਭਾ ਹਲਕੇ ਦੇ ਵਾਰਡਾਂ ਵਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਜਲੰਧਰ ਨਾਰਥ ਅਤੇ ਵੈਸਟ ਵਿਧਾਨ ਸਭਾ ਹਲਕੇ ਵਿਚ ਕੂੜੇ ਦੇ ਹਾਲਾਤ ਬੇਕਾਬੂ ਹੋ ਗਏ ਹਨ। ਦੋ ਦਿਨ ਪਹਿਲਾਂ ਕਮਲਜੀਤ ਭਾਟੀਆ ਨੇ ਵੈਸਟ ਹਲਕੇ ਦੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਿਗਮ ਖਿਲਾਫ ਧਰਨਾ ਦਿੱਤਾ ਅਤੇ ਕੱਲ ਨਾਰਥ ਹਲਕੇ ਦੇ ਭਾਜਪਾਈਆਂ ਨੇ ਗਾਂਧੀਨਗਰ ਰੋਡ ’ਤੇ ਬਣੇ ਕੂੜੇ ਦੇ ਅੱਧਾ ਕਿਲੋਮੀਟਰ ਲੰਬੇ ਡੰਪ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਅੱਜ ਵੈਸਟ ਹਲਕੇ ਦੇ ਵਾਰਡ ਨੰਬਰ 73 ਦੀ ਕੌਂਸਲਰ ਚੰਦਰਜੀਤ ਕੌਰ ਸੰਧਾ ਦੇ ਪਤੀ ਅਮਿਤ ਸੰਧਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਵਾਰਡ ਦੀ ਗੰਦਗੀ ਨੂੰ ਲੈ ਕੇ ਖੂਬ ਭੜਾਸ ਕੱਢੀ ਅਤੇ ਕਿਹਾ ਕਿ ਰਾਜਾ ਗਾਰਡਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਢੇਰ ਦੋ ਮਹੀਨਿਆਂ ਤੋਂ ਨਹੀਂ ਚੁੱਕੇ ਜਾ ਰਹੇ। ਕੌਂਸਲਰ ਦੇ ਘਰ ਨੂੰ ਜਾਂਦੀਆਂ ਸੜਕਾਂ ਵੀ ਕੂੜੇ ਨਾਲ ਭਰੀਆਂ ਹੋਈਆਂ ਹਨ। ਮੇਅਰ, ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਕਈ ਵਾਰ ਵੀਡੀਓ ਭੇਜੀਆਂ ਗਈਆਂ ਪਰ ਸਫਾਈ ਦਾ ਬਹੁਤ ਬੁਰਾ ਹਾਲ ਹੈ। ਇਸੇ ਤਰ੍ਹਾਂ ਵਾਰਡ ਨੰਬਰ 69 ’ਚ ਪੈਂਦੇ ਗੁਰੂ ਅਰਜਨ ਦੇਵ ਨਗਰ ਵਿਚ ਵੀ ਕੂੜੇ ਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹਨ। ਆਮ ਆਦਮੀ ਪਾਰਟੀ ਦੇ ਆਗੂ ਹਰਚਰਨ ਸਿੰਘ ਸੰਧੂ ਨੇ ਅੱਜ ਇਸ ਮਾਮਲੇ ਵਿਚ ਮੇਅਰ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਮੁਹੱਲੇ ਵਿਚ ਸਫਾਈ ਕਰਵਾਈ ਜਾਵੇ।

 


Shyna

Content Editor

Related News