ਫਗਵਾੜਾ ’ਚ ਲੁਟੇਰਿਆਂ ਦਾ ਕਹਿਰ, ਲੁੱਟਖੋਹ ਦੌਰਾਨ 2 ਔਰਤਾਂ ਜ਼ਖ਼ਮੀ

Friday, Sep 20, 2024 - 02:25 PM (IST)

ਫਗਵਾੜਾ (ਜਲੋਟਾ)-ਇਕ ਪਾਸੇ ਤਾਂ ਜਿੱਥੇ ਸਥਾਨਕ ਪੁਲਸ ਦੇ ਉੱਚ ਅਧਿਕਾਰੀ ਚੋਰਾਂ, ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਇਲਾਕੇ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਉਥੇ ਦੂਜੇ ਪਾਸੇ ਹਕੀਕਤ ਇਹ ਹੈ ਕਿ ਫਗਵਾੜਾ ਸ਼ਹਿਰ ’ਚ ਚੋਰ, ਲੁਟੇਰਿਆਂ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ। ਫਗਵਾੜਾ ਵਿਚ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਿਆ ਹੋਵੇ, ਜਦੋਂ ਲੁਟੇਰੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਨਾ ਬਣਾਉਂਦੇ ਹੋਣ ਅਤੇ ਉਨ੍ਹਾਂ ਤੋਂ ਲੁੱਟਾਂ-ਖੋਹਾਂ ਨਾ ਕਰਦੇ ਹੋਣ। ਗੱਲ ਭਾਵੇਂ ਸੁਨਣ ਵਿਚ ਹੈਰਾਨ ਕਰਨ ਵਾਲੀ ਲੱਗੇ ਪਰ ਇਹ ਸੱਚਾਈ ਹੈ ਕਿ ਕਈ ਲੁੱਟਾਂ-ਖੋਹਾਂ ਦੇ ਮਾਮਲੇ ਤਾਂ ਪੁਲਸ ਤਕ ਰਿਪੋਰਟ ਵੀ ਨਹੀਂ ਕੀਤੇ ਜਾਂਦੇ ਹਣ ਕਿਉਂਕੀ ਆਮ ਜਨਤਾ ਦਾ ਕਹਿਣਾ ਹੁੰਦਾ ਹੈ ਕਿ ਪੁਲਸ ਨੇ ਕਰਨਾ ਕਰਨਾ ਤਾਂ ਕੁਝ ਹੁੰਦਾ ਨਹੀਂ ਹੈ ਫਿਰ ਟਾਇਮ ਕਿਉਂ ਖਰਾਬ ਕਰਨਾ? ਇਸੇ ਕੜੀ ’ਚ ਬੀਤੇ ਦਿਨ ਸਥਾਨਕ ਪਲਾਹੀ ਰੋਡ ’ਤੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਿਨ-ਦਿਹਾੜੇ ਆਪਣੇ ਬੱਚੇ ਦੀ ਸਕੂਲ ਫ਼ੀਸ ਜਮ੍ਹਾ ਕਰਵਾਉਣ ਲਈ ਮੋਟਰਸਾਈਕਲ ’ਤੇ ਜਾ ਰਹੇ ਮਾਪਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਲੁੱਟ ਦੀ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਗੁਰਦੁਆਰਾ ਸਾਹਿਬ 'ਚ ਲੱਗੀ ਭਿਆਨਕ ਅੱਗ, ਅਗਨ ਭੇਟ ਹੋਇਆ ਸ੍ਰੀ ਅੰਮ੍ਰਿਤਬਾਣੀ ਦਾ ਸਰੂਪ

ਇਸ ਮਾਮਲੇ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲੁੱਟੇ ਖੋਹ ਦਾ ਸ਼ਿਕਾਰ ਹੋਏ ਆਸ਼ੂ ਸ਼ਰਮਾ ਵਾਸੀ ਮੁਹੱਲਾ ਤੰਬਾਕੂ ਕੁੱਟਾ, ਮੇਹਲੀ ਗੇਟ ਨੇ ਦੱਸਿਆ ਕਿ ਉਹ ਆਪਣੀ ਪਤਨੀ ਸ਼ਿਵਾਨੀ ਸ਼ਰਮਾ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਬੱਚੇ ਦੀ ਫ਼ੀਸ ਸਕੂਲ ’ਚ ਜਮ੍ਹਾ ਕਰਵਾਉਣ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਦੀ ਪਤਨੀ ਦੇ ਗਲੇ ’ਚ ਪਹਿਨੀ ਕਰੀਬ ਢਾਈ ਤੋਲੇ ਸੋਨੇ ਦੀ ਚੇਨ ਲੁੱਟ ਲਈ ਅਤੇ ਲੁਟੇਰੇ ਫ਼ਿਲਮੀ ਅੰਦਾਜ਼ ’ਚ ਫਗਵਾੜਾ ਬਾਈਪਾਸ ਵੱਲ ਮੌਕੇ ਤੋਂ ਫਰਾਰ ਹੋ ਗਏ।

ਆਸ਼ੂ ਸ਼ਰਮਾ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਤਾਂ ਉਸ ਦੀ ਪਤਨੀ ਸ਼ਿਵਾਨੀ ਸ਼ਰਮਾ ਅਤੇ ਉਹ ਮੋਟਰਸਾਈਕਲ ਤੋਂ ਹੇਠਾਂ ਜਮੀਨ ਤੇ ਡਿੱਗ ਗਏ, ਜਿਸ ਕਾਰਨ ਉਸ ਦੀ ਪਤਨੀ ਸ਼ਿਵਾਨੀ ਸ਼ਰਮਾ ਜ਼ਖ਼ਮੀ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਿਵਾਨੀ ਸ਼ਰਮਾ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ ਹੱਥ ’ਤੇ ਵੀ ਸੱਟਾਂ ਲੱਗੀਆਂ ਹਨ। ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ ਅਤੇ ਨਾ ਹੀ ਹਾਲੇ ਤਕ ਕੋਈ ਪੁਲਸ ਕੇਸ ਹੀ ਦਰਜ ਕੀਤਾ ਹੈ?

PunjabKesari

ਇਹ ਵੀ ਪੜ੍ਹੋ- ਡਿਫ਼ਾਲਟਰਾਂ 'ਤੇ ਨਿਗਮ ਦੀ ਵੱਡੀ ਕਾਰਵਾਈ, ਬਾਠ ਕੈਸਲ ਰਿਜ਼ਾਰਟ ਨੂੰ ਭੇਜਿਆ ਕਰੋੜਾਂ ਰੁਪਏ ਬਕਾਏ ਦਾ ਨੋਟਿਸ

ਇਸੇ ਤਰਜ਼ ’ਤੇ ਫਗਵਾੜਾ ਦੇ ਪਿੰਡ ਚਹੇੜੂ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਲਾਗੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਇਕ ਲੜਕੀ ਦੇ ਹੱਥ ’ਚ ਫੜਿਆ ਮੋਬਾਈਲ ਫੋਨ ਲੁੱਟ ਲਿਆ। ਉਕਤ ਮਾਮਲੇ ’ਚ ਲੁੱਟ ਦਾ ਸ਼ਿਕਾਰ ਹੋਈ ਲਡ਼ਕੀ ਹੋਈ ਦੱਸੀ ਜਾਂਦੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਉਕਤ ਮਾਮਲੇ ਵਿਚ ਵੀ ਕਿਸੇ ਵੀ ਮੁਲਜ਼ਮ ਵਿਰੁੱਧ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਹੈ?

ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ
ਇਸ ਦੌਰਾਨ ਚੋਰਾਂ ਅਤੇ ਲੁਟੇਰਿਆਂ ਨੂੰ ਲੈ ਕੇ ਫਗਵਾੜਾ ਦੇ ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਆਮ ਜਨਤਾ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ, ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਪੰਜਾਬ ਸਰਕਾਰ ਤੋਂ ਸਵਾਲ ਕਰ ਰਹੀ ਹੈ ਕਿ ਫਗਵਾੜਾ ’ਚ ਲੁੱਟ-ਖੋਹ ਦੀਆਂ ਹੋ ਰਹੀਆਂ ਘਟਨਾਵਾਂ ’ਤੇ ਸਖਤੀ ਨਾਲ ਕਦੋਂ ਰੋਕ ਲੱਗੇਗੀ ਅਤੇ ਪੁਲਸ ਕਦੋਂ ਲੁਟੇਰਿਆਂ ਨੂੰ ਕਰੜੀ ਨੱਥ ਪਾਵੇਗੀ?
ਲੋਕਾਂ ਨੇ ਕਿਹਾ ਕਿ ਪੁਲਸ ਤਾਂ ਹਜ਼ਾਰਾਂ ਦਾਅਵੇ ਕਰਦੀ ਹੈ ਪਰ ਸੱਚਾਈ ਇਹ ਹੈ ਕਿ ਚੋਰ, ਲੁਟੇਰੇ ਸ਼ਹਿਰ ਵਿਚ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਜਦੋਂ ਉਹ ਚਾਹੁੰਦੇ ਹਨ ਉਦੋਂ ਉਹ ਮਾਸੂਮ ਲੋਕਾਂ, ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਫਿਲਮੀ ਸਟਾਈਲ ਵਿਚ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਹੈ ਪਰ ਅਸਲ ਸਥਿਤੀ ਇਹ ਹੈ ਕਿ ਉਕਤ ਸਰਕਾਰ ਦੇ ਰਾਜ ਵਿਚ ਆਮ ਲੋਕ ਹੀ ਸਭ ਤੋਂ ਜ਼ਿਆਦਾ ਫਗਵਾੜਾ ’ਚ ਚੋਰੀਆਂ, ਡਕੈਤੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ਜਵਾਨ ਪੁੱਤ ਦੀ ਤਿਰੰਗੇ 'ਚ ਲਪੇਟੀ ਲਾਸ਼ ਵੇਖ ਮਾਂ-ਪਿਓ ਪਾ ਰਹੇ ਕੀਰਨੇ, ਨਵੀਂ ਵਿਆਹੀ ਪਤਨੀ ਮਾਰ ਰਹੀ ਧਾਹਾਂ (ਵੀਡੀਓ)
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News