ਵਰਕ ਪਰਮਿਟ ''ਤੇ ਲਿਬਨਾਨ ਭੇਜਣ ਦਾ ਝਾਂਸਾ ਦੇ ਕੇ 1.40 ਲੱਖ ਰੁਪਏ ਠੱਗੇ

02/06/2020 2:55:06 PM

ਨਵਾਂਸ਼ਹਿਰ (ਤ੍ਰਿਪਾਠੀ)— ਵਰਕ ਪਰਮਿਟ 'ਤੇ ਲਿਬਨਾਨ ਭੇਜਣ ਦੇ ਨਾਮ 'ਤੇ 1.40 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਦੇ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਪਿਆਰ ਸਿੰਘ ਪੁੱਤਰ ਮੇਹਰੂ ਰਾਮ ਵਾਸੀ ਮੰਡਿਆਲੀ ਨੇ ਦੱਸਿਆ ਕਿ ਉਸਨੇ ਆਆਪਣੀ ਜਾਣ ਪਛਾਣ ਵਾਲੇ ਵਿਅਕਤੀ ਦੀ ਮਾਰਫਤ ਟ੍ਰੈਵਲ ਏਜੰਟੀ ਦਾ ਕੰਮ ਕਰਨ ਵਾਲੇ ਸਰਵਣ ਲਾਲ ਪੁੱਤਰ ਦਲੀਪਾ ਵਾਸੀ ਚੰਦਿਆਣੀ ਕਲਾਂ ਦੇ ਨਾਲ ਆਪਣੇ ਲੜਕੇ ਕਮਲਜੀਤ ਸਿੰਘ ਅਤੇ ਸੁਖਵਿੰਦਰ ਲਾਲ ਨੂੰ ਵਰਕ ਪਰਮਿਟ ਅਤੇ ਲਿਬਨਾਨ ਭੇਜਣ ਦਾ ਸੌਦਾ 3.5-3.5 ਲੱਖ ਰੁਪਏ ਵਿਚ ਤਹਿ ਕਰਕੇ 70-70 ਹਜ਼ਾਰ ਬਤੌਰ ਪੇਸ਼ਗੀ ਰਾਸ਼ੀ ਦਿੱਤੀ ਸੀ ਜਦੋਂਕਿ ਬਾਕੀ ਰਾਸ਼ੀ ਲਿਬਨਾਨ ਦਾ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਸੀ। 

ਉਸ ਨੇ ਦੱਸਿਆ ਕਿ ਉਕਤ ਏਜੰਟ ਨੇ ਕੁੱਝ ਹੀ ਦਿਨਾਂ ਤੱਕ ਉਹਨਾਂ ਦਾ ਕੰਮ ਹੋਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ 2 ਸਾਲ ਤੱਕ ਵੀ ਉਹਨਾਂ ਲੜਕਿਆਂ ਨੂੰ ਵਿਦੇਸ਼ ਨਹੀਂ ਭੇਜਿਆ। ਉਸ ਨੇ ਦੱਸਿਆ ਕਿ ਵਾਰ ਵਾਰ ਚੱਕਰ ਲਗਾਉਣ ਦੇ ਬਾਅਦ ਉਕਤ ਏਜੰਟ ਨੇ ਪੈਸੇ ਵਾਪਿਸ ਕਰਨ ਦਾ ਸਮਝੌਤਾ ਕੀਤਾ ਸੀ ਪਰ ਉਸ 'ਤੇ ਉਹ ਖਰਾ ਨਹੀਂ ਉੱਤਰਿਆ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਆਪਣੀ ਰਾਸ਼ੀ ਵਾਪਿਸ ਕਰਵਾਉਣ ਅਤੇ ਏਜੰਟ ਦੇ ਖਿਲਾਫ਼ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਵਿੰਗ ਦੇ ਇੰਚਾਰਜ਼ ਵਲੋਂ ਕਰਨ ਅਤੇ ਡੀ. ਐੱਸ. ਪੀ. (ਸੀ.ਏ.ਪੀ) ਵੱਲੋਂ ਕਰਨ ਦੇ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਟ੍ਰੈਵਲ ਏਜੰਟੀ ਦਾ ਕੰਮ ਕਰਨ ਵਾਲੇ ਸਰਵਣ ਲਾਲ ਪੁੱਤਰ ਦਲੀਪਾ ਦੇ ਖਿਲਾਫ ਧਾਰਾ 406,420 ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News