ਹੈਰੋਇਨ ਸਪਲਾਈ ਕਰਨ ਆਏ ਔਰਤ ਸਣੇ ਚਾਰ ਕਾਬੂ

03/07/2020 10:09:34 PM

ਭੋਗਪੁਰ, (ਸੂਰੀ)- ਭੋਗਪੁਰ ਪੁਲਸ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਕਾਰ ਵਿਚ ਸਵਾਰ ਇਕ ਵਿਦੇਸ਼ੀ ਔਰਤ ਅਤੇ ਇਕ ਆਦਮੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਜਾਣ ਅਤੇ ਔਰਤ ਦੀ ਪੁੱਛਗਿੱਛ ਦੌਰਾਨ ਉਸ ਵੱਲੋਂ ਪੁਲਸ ਨੂੰ ਦਿੱਤੀ ਗਈ ਜਾਣਕਾਰੀ ’ਤੇ ਦੋ ਹੋਰ ਲੋਕਾਂ ਨੂੰ ਸਪਲਾਈ ਕੀਤੀ ਗਈ ਹੈਰੋਇਨ ਸਮੇਤ ਕੁਲ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਸਬੰਧੀ ਭੋਗਪੁਰ ਪੁਲਸ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ ਥਾਣਾ ਮੁਖੀ ਭੋਗਪੁਰ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਪੁਲਸ ਪਾਰਟੀ ਨਾਲ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ’ਤੇ ਪੁਲਸ ਨਾਕਾ ਕੁਰੇਸ਼ੀਆਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸ ਨਾਕਾਬੰਦੀ ਦੌਰਾਨ ਡੀ.ਐੱਸ.ਪੀ. ਜਸਪ੍ਰੀਤ ਸਿੰਘ ਵੀ ਹਾਜ਼ਰ ਸਨ। ਨਾਕਾਬੰਦੀ ਦੌਰਾਨ ਇਕ ਸਫੈਦ ਰੰਗ ਦੀ ਏਸੈਂਟ ਕਾਰ, ਜੋ ਕਿ ਦਿੱਲੀ ਦੇ ਰਜਿਟਰਡ ਨੰਬਰ ਦੀ ਸੀ, ਤੇਜ਼ੀ ਨਾਲ ਆਈ, ਜਿਸ ਨੂੰ ਨਾਕੇ ’ਤੇ ਰੋਕ ਕੇ ਪੁਲਸ ਪਾਰਟੀ ਵੱਲੋਂ ਕਾਰ ਚਾਲਕ ਦਾ ਨਾਂ-ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਬ੍ਰਹਮ ਸ਼ੰਕਰ ਤਿਵਾਡ਼ੀ ਪੁੱਤਰ ਗਿਰਜਾ ਸ਼ੰਕਰ ਤਿਵਾਡ਼ੀ ਵਾਸੀ ਰਾਮਪੁਰਾ ਥਾਣਾ ਰਾਣੀਗੰਜ ਜ਼ਿਲਾ ਪ੍ਰਤਾਪਗਡ਼੍ਹ ਉਤਰ ਪ੍ਰਦੇਸ਼ ਅਤੇ ਉਸ ਦੇ ਨਾਲ ਦੀ ਸੀਟ ’ਤੇ ਬੈਠੀ ਔਰਤ ਨੇ ਆਪਣਾ ਨਾਂ ਮੈਰੀ ਖੁੰਮਲਾ ਪੁੱਤਰੀ ਇਮਲੋਗ ਚੰਗ ਵਾਸੀ ਨਾਗਾਲੈਂਡ ਹਾਲ ਵਾਸੀ ਵਿਕਾਸ ਪੁਰੀ ਦਿੱਲੀ ਦੱਸਿਆ। ਪੁਲਸ ਪਾਰਟੀ ਵਿਚ ਸ਼ਾਮਲ ਮਹਿਲਾ ਹੌਲਦਾਰ ਗੁਰਵਿੰਦਰ ਕੌਰ ਨੇ ਇਸ ਔਰਤ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਵੱਲੋਂ ਉਕਤ ਔਰਤ ਅਤੇ ਉਸਦੇ ਨਾਲ ਦੇ ਆਦਮੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਅਤੇ ਉਹ ਹੈਰੋਇਨ ਸਪਲਾਈ ਦਾ ਧੰਦਾ ਕਰਨ ਲੱਗ ਪਈ ਸੀ। ਉਸ ਨੇ ਇਸ ਤੋਂ ਪਹਿਲਾਂ ਹੈਰੋਇਨ ਦੀਆਂ ਅੱਠ ਖੇਪਾਂ ਦੀ ਸਪਲਾਈ ਮਾਹਿਲਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਵਿਚ ਕੀਤੀ ਹੈ। ਉਸ ਨੇ 100 ਗਰਾਮ ਹੈਰੋਇਨ ਨਰੇਸ਼ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਮੁਹੱਲਾ ਧਰਮਪੁਰਾ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਅਤੇ ਮਨੋਜ ਪੁੱਤਰ ਭੀਮ ਸੈਨ ਵਾਸੀ ਨਿਊ ਮਹਿੰਦਰਾ ਕਾਲੋਨੀ ਮੋਹਕਮਪੁਰਾ ਅੰਮ੍ਰਿਤਸਰ ਨੂੰ ਸਪਲਾਈ ਕੀਤੀ ਹੈ। ਪੁਲਸ ਪਾਰਟੀ ਵੱਲੋਂ ਉਕਤ ਔਰਤ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਰੇਡ ਕਰ ਕੇ ਉਕਤ ਦੋਵਾਂ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਹੈ ਜਿਨ੍ਹਾਂ ਤੋਂ 500 ਗਰਾਮ ਹੈਰੋਇਨ ਅਤੇ ਇਕ ਕਰੇਟਾ ਕਾਰ ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਸਾਰੇ ਦੋਸ਼ੀਆਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।


Bharat Thapa

Content Editor

Related News