ਲੈਦਰ ਕੰਪਲੈਕਸ ਸਥਿਤ ਫੈਕਟਰੀ ਨੇੜੇ ਗੰਦੇ ਪਾਣੀ ਦਾ ਆਇਆ ਹੜ੍ਹ
Friday, Nov 29, 2024 - 02:11 PM (IST)
ਜਲੰਧਰ (ਖੁਰਾਣਾ)–ਕੁਝ ਹੀ ਹਫ਼ਤਿਆਂ ਬਾਅਦ ਹੋਣ ਜਾ ਰਹੀਆਂ ਨਿਗਮ ਚੋਣਾਂ ਦੇ ਮੱਦੇਨਜ਼ਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਭਾਵੇਂ ਨਿਗਮ ਦੇ ਵਧੇਰੇ ਵਿਭਾਗਾਂ ਨੂੰ ਮੁਸਤੈਦ ਕਰ ਦਿੱਤਾ ਹੈ ਪਰ ਫਿਰ ਵੀ ਨਗਰ ਨਿਗਮ ਦਾ ਓ. ਐਂਡ ਐੱਮ. ਸੈੱਲ ਉਨ੍ਹਾਂ ਦੇ ਕਾਬੂ ਵਿਚ ਨਹੀਂ ਆ ਰਿਹਾ। ਜ਼ਿਕਰਯੋਗ ਹੈ ਕਿ ਇਸ ਸੈੱਲ ਦੇ ਜ਼ਿੰਮੇ ਸ਼ਹਿਰ ਦੇ ਵਾਟਰ ਅਤੇ ਸੀਵਰ ਸਪਲਾਈ ਸਿਸਟਮ ਦੀ ਜ਼ਿੰਮੇਵਾਰੀ ਹੈ, ਇਸ ਸੈੱਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਇੰਤਹਾ ਬੀਤੇ ਦਿਨ ਉਸ ਸਮੇਂ ਹੋਈ, ਜਦੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਲੈਦਰ ਕੰਪਲੈਕਸ ਸਥਿਤ ਫੈਕਟਰੀ ਦੇ ਬਿਲਕੁਲ ਨੇੜੇ ਕਈ ਮੇਨ ਸੜਕਾਂ ’ਤੇ ਗੰਦੇ ਪਾਣੀ ਦਾ ਹੜ੍ਹ ਆ ਗਿਆ।
ਇਨ੍ਹਾਂ ਸੜਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਕਈ-ਕਈ ਫੁੱਟ ਜਮ੍ਹਾ ਹੋ ਗਿਆ, ਜਿਸ ਕਾਰਨ ਲੈਦਰ ਕੰਪਲੈਕਸ ਸਥਿਤ ਵੱਡੇ ਉਦਯੋਗਿਕ ਯੂਨਿਟਾਂ ਜੇ. ਜੇ. ਜੋਨੈਕਸ, ਨੀਵੀਆ, ਵੈਜੰਤੀ, ਸਾਕੇ ਸਪੋਰਟਸ ਅਤੇ ਰਤਨ ਬ੍ਰਦਰਜ਼ ਤਕ ਆਉਣਾ-ਜਾਣਾ ਵੀ ਮੁਸ਼ਕਲ ਹੋ ਗਿਆ। ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੋਣ ਨਾਲ ਪੂਰੇ ਇਲਾਕੇ ਨੂੰ ਬਦਬੂ ਨੇ ਘੇਰਿਆ ਹੋਇਆ ਹੈ, ਜਿਸ ਕਾਰਨ ਉਦਯੋਗਿਕ ਯੂਨਿਟਾਂ ਦੇ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਨਵੀਆਂ ਪਾਬੰਦੀਆਂ ਲਾਗੂ, ਜਾਣੋ ਕੀ ਹੈ ਕਾਰਨ
ਵਿਦੇਸ਼ੀ ਡੈਲੀਗੇਟਾਂ ਸਾਹਮਣੇ ਪੂਰੇ ਦੇਸ਼ ਦਾ ਅਕਸ ਹੋ ਰਿਹਾ ਪ੍ਰਭਾਵਿਤ
ਖ਼ਾਸ ਗੱਲ ਇਹ ਹੈ ਕਿ ਲੈਦਰ ਕੰਪਲੈਕਸ ਦੇ ਇਸ ਡਰਾਈ ਏਰੀਆ ਵਿਚ ਉਨ੍ਹਾਂ ਖੇ ਡਾਂ ਦੇ ਯੂਨਿਟਾਂ ਦੇ ਕਾਰਖਾਨੇ ਹਨ, ਜਿਹੜੇ ਕਰੋੜਾਂ ਦਾ ਨਹੀਂ, ਸਗੋਂ ਅਰਬਾਂ ਦਾ ਵਪਾਰ ਕਰਦੇ ਹਨ ਅਤੇ ਇਨ੍ਹਾਂ ਦਾ ਮਾਲ ਵਿਦੇਸ਼ਾਂ ਵਿਚ ਵੀ ਜਾਂਦਾ ਹੈ। ਇਹ ਯੂਨਿਟ ਕਰੋੜਾਂ ਰੁਪਏ ਦਾ ਮਾਲੀਆ ਸਰਕਾਰਾਂ ਨੂੰ ਦਿੰਦੇ ਹਨ। ਅਜਿਹੀ ਸਥਿਤੀ ਵਿਚ ਇਨ੍ਹਾਂ ਯੂਨਿਟਾਂ ਵਿਚ ਵਿਦੇਸ਼ੀ ਡੈਲੀਗੇਟਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ। ਇਕ ਉਦਯੋਗਿਕ ਯੂਨਿਟ ਦੇ ਮਾਲਕਾਂ ਨੇ ‘ਜਗ ਬਾਣੀ’ ਨੂੰ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਫੈਕਟਰੀ ਕੰਪਲੈਕਸ ਵਿਚ ਫਰਾਂਸ ਦਾ ਇਕ ਵਫਦ ਆਇਆ। ਫੈਕਟਰੀ ਦੇ ਬਾਹਰ ਗੰਦੇ, ਬਦਬੂਦਾਰ ਅਤੇ ਕਾਲੇ ਪਾਣੀ ਨੂੰ ਜਮ੍ਹਾ ਵੇਖ ਕੇ ਵਿਦੇਸ਼ੀ ਪ੍ਰਤੀਨਿਧੀ ਨਾ ਸਿਰਫ ਹੈਰਾਨ ਰਹਿ ਗਏ, ਸਗੋਂ ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਅੱਜ ਦੇ ਜ਼ਮਾਨੇ ਵਿਚ ਸਪਲਾਇਰ ਅਤੇ ਮੈਨੂਫੈਕਚਰਰਜ਼ ਤਾਂ ਬਦਲ ਗਏ ਹਨ ਪਰ ਇੰਡੀਆ ਉਥੇ ਦਾ ਉਥੇ ਖੜ੍ਹਾ ਹੈ।
10 ਹਜ਼ਾਰ ਦੇ ਲਗਭਗ ਲੇਬਰ ਹੋ ਰਹੀ ਪ੍ਰਭਾਵਿਤ
ਲੈਦਰ ਕੰਪਲੈਕਸ ਦੇ ਇਸ ਇਲਾਕੇ ਵਿਚ ਕਾਫ਼ੀ ਵੱਡੇ-ਵੱਡੇ ਉਦਯੋਗਿਕ ਯੂਨਿਟ ਸਥਿਤ ਹਨ। ਗੰਦੇ ਅਤੇ ਬਦਬੂਦਾਰ ਪਾਣੀ ਤੋਂ ਪ੍ਰਭਾਵਿਤ ਯੂਨਿਟਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਕੋਲ ਲੱਗਭਗ 10 ਹਜ਼ਾਰ ਲੇਬਰ ਕੰਮ ਕਰਦੀ ਹੈ, ਜਿਨ੍ਹਾਂ ਨੂੰ ਹਰ ਰੋਜ਼ ਗੰਦੇ ਪਾਣੀ ਵਿਚੋਂ ਲੰਘ ਕੇ ਆਉਣਾ-ਜਾਣਾ ਪੈਂਦਾ ਹੈ।
ਕਾਲਾ ਸੰਘਿਆਂ ਡ੍ਰੇਨ ਨੂੰ ਪੱਕਾ ਕਰਨ ਨਾਲ ਆਈ ਸਮੱਸਿਆ
ਉਦਯੋਗਿਕ ਯੂਨਿਟਾਂ ਦੇ ਮਾਲਕਾਂ ਨੇ ਦੱਸਿਆ ਕਿ ਲੈਦਰ ਕੰਪਲੈਕਸ ਦਾ ਸਾਰਾ ਪਾਣੀ ਕਈ ਸਾਲਾਂ ਤੋਂ ਕਾਲਾ ਸੰਘਿਆਂ ਡ੍ਰੇਨ ਵਿਚ ਹੀ ਜਾਂਦਾ ਰਿਹਾ ਪਰ ਕੁਝ ਸਾਲ ਪਹਿਲਾਂ ਬਾਬਾ ਸੀਚੇਵਾਲ ਨੇ ਇਸ ’ਤੇ ਇਤਰਾਜ਼ ਕੀਤਾ ਅਤੇ ਕੰਪਲੈਕਸ ਵੱਲੋਂ ਨਾਲੇ ਵਿਚ ਜਾਂਦੇ ਆਊਟਲੈੱਟ ਨੂੰ ਸੀਮੈਂਟ ਨਾਲ ਬੰਦ ਕਰਵਾ ਦਿੱਤਾ। ਜਦੋਂ ਸੀਵਰਾਂ ਦਾ ਪਾਣੀ ਕੰਪਲੈਕਸ ਦੀਆਂ ਸੜਕਾਂ ’ਤੇ ਹੀ ਖੜ੍ਹਾ ਰਹਿਣ ਲੱਗਾ ਤਾਂ ਕੁਝ ਮਹੀਨੇ ਪਹਿਲਾਂ ਨਿਗਮ ਅਧਿਕਾਰੀਆਂ ਨੇ ਫਿਰ ਉਸ ਆਊਟਲੈੱਟ ਵਿਚ ਭਰੇ ਗਏ ਸੀਮੈਂਟ ਨੂੰ ਤੋੜ ਦਿੱਤਾ ਅਤੇ ਪਾਣੀ ਫਿਰ ਡ੍ਰੇਨ ਵਿਚ ਜਾਣ ਲੱਗਾ। ਕਿਉਂਕਿ ਇਨ੍ਹੀਂ ਦਿਨੀਂ ਕਾਲਾ ਸੰਘਿਆਂ ਡ੍ਰੇਨ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ, ਇਸ ਲਈ ਉਸ ਆਊਟਲੈੱਟ ਨੂੰ ਫਿਰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਦੁਬਾਰਾ ਸਮੱਸਿਆ ਆ ਰਹੀ ਹੈ। ਅਜਿਹੀ ਹਾਲਤ ਵਿਚ ਯੂਨਿਟਾਂ ਦੇ ਮਾਲਕਾਂ ਦੀ ਮੰਗ ਹੈ ਕਿ ਨਿਗਮ ਇਸ ਸਮੱਸਿਆ ਦਾ ਪੱਕਾ ਹੱਲ ਕੱਢੇ ਅਤੇ ਉਨ੍ਹਾਂ ਨੂੰ ਨਰਕ ਤੋਂ ਮੁਕਤੀ ਦਿਵਾਈ ਜਾਵੇ।
ਇਹ ਵੀ ਪੜ੍ਹੋ- ਬਿਜਲੀ 'ਤੇ ਸਬਸਿਡੀ ਨੂੰ ਲੈ ਕੇ ਭੰਬਲਭੂਸੇ 'ਚ ਪਏ ਉਪਭੋਗਤਾਵਾਂ ਲਈ ਅਹਿਮ ਖ਼ਬਰ
ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਜਦੋਂ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨੇ ਇਸ ਇਲਾਕੇ ਵਿਚ ਸਥਿਤ ਜੇ. ਜੇ. ਜੋਨੈਕਸ ਦੀ ਫੈਕਟਰੀ ਵਿਚ ਇਕ ਮੀਟਿੰਗ ਰੱਖੀ। ਮੁੱਖ ਮੰਤਰੀ ਦੀ ਧਰਮਪਤਨੀ ਦੀ ਆਮਦ ਕਰਕੇ ਪਹਿਲਾਂ ਨਿਗਮ ਨੇ ਪੂਰੇ ਇਲਾਕੇ ਦੇ ਸੀਵਰਾਂ ਦੀ ਸਫ਼ਾਈ ਕਰਵਾਈ ਪਰ ਉਸ ਤੋਂ ਬਾਅਦ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਥੇ ਹਮੇਸ਼ਾ ਨਰਕ ਵਰਗਾ ਮਾਹੌਲ ਬਣਿਆ ਰਹਿੰਦਾ ਹੈ। ਲੈਦਰ ਕੰਪਲੈਕਸ ਵਿਚ ਜਮ੍ਹਾ ਹੁੰਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਉਥੇ ਬਣੇ ਡਿਸਪੋਜ਼ਲ ਦੀ ਮੋਟਰ ਨੂੰ ਦੁੱਗਣੀ ਸਮਰੱਥਾ ਵਾਲੀ ਕੀਤਾ ਜਾ ਰਿਹਾ ਹੈ, ਜਿਸ ਨਾਲ ਪਾਣੀ ਦੀ ਨਿਕਾਸੀ ਆਸਾਨ ਹੋ ਜਾਵੇਗੀ। ਇਹ ਕੰਮ 1-2 ਦਿਨਾਂ ਵਿਚ ਕਰਵਾ ਲਿਆ ਜਾਵੇਗਾ।-ਅਮਿਤੋਜ (ਐੱਸ. ਡੀ. ਓ.) ਜਲੰਧਰ ਨਗਰ ਨਿਗਮ (ਓ. ਐਂਡ ਐੱਮ. ਸੈੱਲ)
ਇਹ ਵੀ ਪੜ੍ਹੋ- ਕਿਸਾਨਾਂ ਨੂੰ ਪੰਜਾਬ ਸਰਕਾਰ ਦੇਵੇਗੀ ਵੱਡੀ ਰਾਹਤ, ਸਰਹੱਦੀ ਇਲਾਕੇ ਦੇ ਲੋਕਾਂ ਦੀ ਮੰਗ ਹੋਵੇਗੀ ਪੂਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8