ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਕਾਰਾਂ ਸੜ ਕੇ ਸੁਆਹ
Monday, May 22, 2023 - 01:33 AM (IST)

ਜਲੰਧਰ : ਸ਼ਹਿਰ ’ਚ ਅੱਗਜ਼ਨੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਲੰਬਾ ਪਿੰਡ ਚੌਕ ਨੇੜੇ ਬਣੇ ਕਾਰ ਸਕਰੈਪ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ ਅਤੇ ਇਸ ਦੌਰਾਨ ਇਥੇ ਖੜ੍ਹੀਆਂ ਕਈ ਕਾਰਾਂ ਇਸ ਦੀ ਲਪੇਟ ’ਚ ਆ ਕੇ ਸੜ ਕੇ ਸੁਆਹ ਹੋ ਗਈਆਂ। ਘਟਨਾ ਦੁਪਹਿਰ 1 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ, ਜਦੋਂ ਉਕਤ ਕਾਰ ਸਕਰੈਪ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਰਿਟਾਇਰਡ ਥਾਣੇਦਾਰ ਸਣੇ ਪਤਨੀ ਤੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ
ਸਕਰੈਪ ਦੇ ਗੋਦਾਮ ’ਚ ਕਾਰਾਂ ਨੂੰ ਲੱਗੀ ਅੱਗ ਬੁਝਾਉਣ ਵਾਲੇ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਗੋਦਾਮ ਰਿਹਾਇਸ਼ੀ ਖੇਤਰ ਵਿਚ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਹਨ ਅਤੇ ਕਿਸੇ ਚੰਗਿਆੜੀ ਕਾਰਨ ਇਥੇ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਗਈ, ਇਹ ਬਹੁਤ ਖ਼ਤਰਨਾਕ ਹੈ, ਇਸ ਲਈ ਪ੍ਰਸ਼ਾਸਨ ਨੂੰ ਗੋਦਾਮ ਇਥੋਂ ਹਟਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਪਹਿਰ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।