ਭਰੂਣ ਹੱਤਿਆ ਰੋਕਣ ਲਈ ਡਾਕਟਰਾਂ ਦਾ ਸਹਿਯੋਗ ਜ਼ਰੂਰੀ : ਬ੍ਰਹਮ ਮਹਿੰਦਰਾ
Monday, Jun 17, 2019 - 11:35 AM (IST)

ਜਲੰਧਰ (ਰੱਤਾ)— ਪੰਜਾਬ ਮੇਲ-ਫੀਮੇਲ ਰੇਸ਼ੋ ਨੂੰ ਵਧਾਉਣ ਲਈ ਭਰੂਣ ਹੱਤਿਆ ਵਰਗੀ ਬੀਮਾਰੀ ਨੂੰ ਖਤਮ ਕਰਨਾ ਜ਼ਰੂਰੀ ਹੈ ਅਤੇ ਇਸ ਦੇ ਲਈ ਸਾਰੇ ਡਾਕਟਰ ਸਹਿਯੋਗ ਕਰਨ। ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਐਤਵਾਰ ਨੂੰ ਸਥਾਨਕ ਗੜ੍ਹਾ ਰੋਡ 'ਤੇ ਸਥਿਤ ਪਿਮਸ 'ਚ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਵੱਲੋਂ ਆਯੋਜਿਤ ਇਕ ਵਰਕਸ਼ਾਪ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪਹਿਲਾਂ ਵੀ ਪੀ. ਸੀ. ਪੀ. ਐੱਨ. ਡੀ. ਟੀ. ਨੂੰ ਸਖਤੀ ਨਾਲ ਲਾਗੂ ਕੀਤਾ ਹੈ, ਨਾਲ ਹੀ ਭਰੂਣ ਹੱਤਿਆ ਰੋਕਣ ਲਈ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੇ ਪੂਰੇ ਯਤਨ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਵੀ ਸ਼ੁਰੂ ਕੀਤੀ ਹੈ।
ਇਸ ਵਰਕਸ਼ਾਪ ਦੌਰਾਨ ਜ਼ਿਲਾ ਪਰਿਵਾਰ ਕਲਿਆਣ ਅਧਿਕਾਰੀ ਡਾ. ਸੁਰਿੰਦਰ ਕੁਮਾਰ ਨੇ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਿਹਤ ਵਿਭਾਗ ਇਸੇ ਐਕਟ ਤਹਿਤ ਸਮੇਂ-ਸਮੇਂ 'ਤੇ ਅਲਟਰਾਸਾਊਂਡ ਸੈਂਟਰਾਂ ਦੀ ਚੈਕਿੰਗ ਕਰਦਾ ਰਹਿੰਦਾ ਹੈ। ਇਸ ਮੌਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸਿਵਲ ਸਰਜਨ ਡਾ. ਰਾਜੇਸ਼ ਬੱਗਾ, ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ।