ਤਿਉਹਾਰਾਂ ਤੋਂ ਪਹਿਲਾਂ ਜੋਤੀ ਚੌਕ ਦੇ ਆਲੇ-ਦੁਆਲੇ ਦੇ ਸਾਰੇ ਰੋਡ ਕਰਵਾਏ ਜਾਣਗੇ ਖਾਲੀ

09/20/2019 12:33:24 PM

ਜਲੰਧਰ (ਜ. ਬ.)—ਸ਼ਹਿਰ 'ਚ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਐਡੀਸ਼ਨਲ ਕਮਿਸ਼ਨਰ ਬਬਿਤਾ ਕਲੇਰ ਅਤੇ ਨਿਗਮ ਦੀ ਟੀਮ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਟ੍ਰੈਫਿਕ ਪੁਲਸ ਨੇ ਖ਼ਰਾਬ ਪਈਆਂ ਟ੍ਰੈਫਿਕ ਲਾਈਟਾਂ, ਟੁੱਟੀਆਂ ਸੜਕਾਂ, ਯੈਲੋ ਲਾਈਨ ਦੇ ਮੁੱਦਿਆਂ 'ਤੇ ਗੱਲ ਕੀਤੀ, ਜਦਕਿ ਇਹ ਫ਼ੈਸਲਾ ਵੀ ਲਿਆ ਗਿਆ ਕਿ ਤਿਉਹਾਰਾਂ ਕਾਰਨ ਜੋਤੀ ਚੌਕ ਦੇ ਆਲੇ-ਦੁਆਲੇ ਸਾਰੇ ਰੋਡ ਕਬਜ਼ਾ ਮੁਕਤ ਕੀਤੇ ਜਾਣ।

ਐਡੀਸ਼ਨਲ ਕਮਿਸ਼ਨਰ ਬਬਿਤਾ ਕਲੇਰ ਤੋਂ ਇਲਾਵਾ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ, ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਸਿੰਘ ਭੱਲਾ ਸਮੇਤ ਟ੍ਰੈਫਿਕ ਅਤੇ ਨਿਗਮ ਦੀ ਟੀਮ ਇਸ ਮੀਟਿੰਗ 'ਚ ਸ਼ਾਮਲ ਸੀ। ਡੀ. ਸੀ. ਪੀ. ਨਰੇਸ਼ ਕੁਮਾਰ ਅਤੇ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਕਿਹਾ ਕਿ ਸ਼ਹਿਰ 'ਚ ਟ੍ਰੈਫਿਕ ਲਾਈਟਾਂ ਬੰਦ ਹਨ। ਇਸ ਨਾਲ ਐਕਸੀਡੈਂਟ ਤੋਂ ਲੈ ਕੇ ਟ੍ਰੈਫਿਕ ਜਾਮ ਦਾ ਡਰ ਬਣਿਆ ਰਹਿੰਦਾ ਹੈ। ਨਿਗਮ ਦੀ ਟੀਮ 'ਚ ਖ਼ਰਾਬ ਪਈਆਂ ਲਾਈਟਾਂ ਦੀ ਰਿਪੇਅਰ ਨਾ ਕਰਵਾਉਣ ਨੂੰ ਲੈ ਕੇ ਸਮਾਰਟ ਸਿਟੀ ਦਾ ਹਵਾਲਾ ਦੇ ਦਿੱਤਾ, ਜਿਸ ਤੋਂ ਬਾਅਦ ਨਿਗਮ ਦੀ ਟੀਮ ਨੂੰ ਐਡੀਸ਼ਨਲ ਕਮਿਸ਼ਨਰ ਦੀ ਡਾਂਟ ਖਾਣੀ ਪਈ। ਐਡੀਸ਼ਨਲ ਕਮਿਸ਼ਨਰ ਕਲੇਰ ਨੇ ਤੁਰੰਤ ਖ਼ਰਾਬ ਪਈਆਂ ਲਾਈਟਾਂ ਦਾ ਫਾਲਟ ਚੈੱਕ ਕਰ ਕੇ ਉਸ ਨੂੰ ਠੀਕ ਕਰਨ ਨੂੰ ਕਿਹਾ, ਜਿਸ ਤੋਂ ਬਾਅਦ ਨਿਗਮ ਦੀ ਟੀਮ ਨੇ ਖ਼ਰਾਬ ਪਈਆਂ 27 ਟ੍ਰੈਫਿਕ ਲਾਈਟਾਂ ਦੇ ਫਾਲਟ ਚੈੱਕ ਕੀਤੇ ਅਤੇ ਜਲਦੀ ਹੀ ਉਨ੍ਹਾਂ ਨੂੰ ਹੁਣ ਠੀਕ ਕਰਨ ਦਾ ਕੰਮ ਹੋਵੇਗਾ। ਟ੍ਰੈਫਿਕ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜੋਤੀ ਚੌਕ ਦੇ ਆਲੇ-ਦੁਆਲੇ ਨਾਜਾਇਜ਼ ਦੁਕਾਨਾਂ, ਰੇਹੜੀਆਂ ਸਮੇਤ ਹਰ ਤਰ੍ਹਾਂ ਦੇ ਕਬਜ਼ੇ ਕੀਤੇ ਹੋਏ ਹਨ। ਲੋਕਾਂ ਨੇ ਸੜਕਾਂ 'ਤੇ ਹੀ ਦੁਕਾਨਾਂ ਦਾ ਸਾਮਾਨ ਰੱਖਿਆ ਹੋਇਆ ਹੈ, ਜਿਸ ਕਾਰਨ ਟ੍ਰੈਫਿਕ ਜਾਮ ਹੁੰਦਾ ਹੈ। ਤਿਉਹਾਰਾਂ ਕਾਰਨ ਉਕਤ ਜੋਤੀ ਚੌਕ 'ਤੇ ਜ਼ਿਆਦਾ ਭੀੜ ਰਹਿੰਦੀ ਹੈ ਜਿਸ ਕਾਰਨ ਟ੍ਰੈਫਿਕ ਪੁਲਸ ਨੇ ਉੱਥੇ ਹਰ ਤਰ੍ਹਾਂ ਦੇ ਕਬਜ਼ੇ ਹਟਾਉਣ ਦੀ ਮੰਗ ਰੱਖੀ ਹੈ। ਫ਼ੈਸਲਾ ਲਿਆ ਗਿਆ ਹੈ ਕਿ ਜਲਦ ਹੀ ਨਿਗਮ ਦੀ ਟੀਮ ਸਾਰੇ ਕਬਜ਼ੇ ਮੁਕਤ ਕਰਵਾਏਗੀ ਅਤੇ ਟ੍ਰੈਫਿਕ ਪੁਲਸ ਵੀ ਉਸ ਕਾਰਵਾਈ 'ਚ ਸ਼ਾਮਲ ਹੋਵੇਗੀ।

PunjabKesari

ਸੜਕਾਂ 'ਤੇ ਬੇਸਹਾਰਾ ਪਸ਼ੂਆਂ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਚਿੰਤਾ ਜਤਾਈ
ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਸ਼ਹਿਰ 'ਚ ਸੜਕਾਂ 'ਤੇ ਘੁੰਮ ਰਹੇ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ 'ਚ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਪਸ਼ੂ ਵੀ ਮਰ ਜਾਂਦੇ ਹਨ, ਅਜਿਹੇ 'ਚ ਇਕ ਅਜਿਹੀ ਟੀਮ ਗਠਿਤ ਕੀਤੀ ਜਾਵੇ ਜੋ ਸੰਪਰਕ ਕਰਨ 'ਤੇ ਤੁਰੰਤ ਰੋਡ ਤੋਂ ਪਸ਼ੂਆਂ ਨੂੰ ਹਟਾਏ। ਐਡੀਸ਼ਨਲ ਕਮਿਸ਼ਨਰ ਨੇ ਟ੍ਰੈਫਿਕ ਪੁਲਸ ਨੂੰ ਜਲਦੀ ਤੋਂ ਜਲਦੀ ਟੀਮ ਗਠਿਤ ਕਰਨ ਦਾ ਭਰੋਸਾ ਦਿੱਤਾ ਹੈ। ਟ੍ਰੈਫਿਕ ਪੁਲਸ ਨੇ ਯੈਲੋ ਅਤੇ ਵਾਈਟ ਲਕੀਰ ਦੇ ਮੁੱਦੇ ਨੂੰ ਵੀ ਉਠਾਇਆ। ਹਾਲਾਂਕਿ ਫੰਡ ਘੱਟ ਹੋਣ ਕਾਰਨ ਯੈਲੋ-ਵਾਈਟ ਲਾਈਨ ਦਾ ਕੰਮ ਸ਼ੁਰੂ ਹੋਣ 'ਤੇ ਕੁਝ ਸਮਾਂ ਲੱਗ ਸਕਦਾ ਹੈ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਪੀ. ਏ. ਪੀ. ਚੌਕ ਤੋਂ ਰਾਮਾਮੰਡੀ ਚੌਕ ਵਾਲੇ ਰੋਡ 'ਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਮਦਦ ਨਾਲ ਟੁੱਟੀਆਂ ਸੜਕਾਂ 'ਤੇ ਪੈਚਵਰਕ ਕਰਵਾਇਆ ਜਾ ਰਿਹਾ ਹੈ ਪਰ ਪੀ. ਏ. ਪੀ. ਚੌਕ ਤੋਂ ਬੀ. ਐੱਸ. ਐੱਫ. ਤਕ ਆਉਂਦੇ ਰੋਡ 'ਤੇ ਕਾਫੀ ਟੋਏ ਪਏ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਭਰਵਾਇਆ ਜਾਵੇ।

ਦੁਕਾਨਾਂ 'ਚ ਅੱਗ ਬੁਝਾਉਣ ਵਾਲੇ ਸਿਲੰਡਰ ਰੱਖਣਾ ਲਾਜ਼ਮੀ ਕਰਨ ਦੀ ਮੰਗ
ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਦੱਸਿਆ ਕਿ ਜੁਆਇੰਟ ਕਮਿਸ਼ਨਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਤੰੰਗ ਬਾਜ਼ਾਰਾਂ 'ਚ ਦੁਕਾਨਦਾਰ ਆਪਣੀਆਂ ਦੁਕਾਨਾਂ 'ਚ ਅੱਗ ਬੁਝਾਉਣ ਵਾਲੇ ਸਿਲੰਡਰ ਜ਼ਰੂਰ ਰੱਖਣ। ਜੇਕਰ ਅੱਗ ਲੱਗਣ ਦਾ ਹਾਦਸਾ ਹੋਵੇ ਤਾਂ ਦੁਕਾਨਦਾਰ ਤੁਰੰਤ ਸਿਲੰਡਰ ਦਾ ਇਸਤੇਮਾਲ ਕਰ ਕੇ ਅੱਗ 'ਤੇ ਕਾਬੂ ਪਾ ਸਕੇ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਨਿਗਮ ਦੀ ਟੀਮ ਦੁਕਾਨਦਾਰਾਂ ਵਲੋਂ ਬਣਾਈ ਗਈ ਹਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਨਿਗਮ ਕੰਪਲੈਕਸ 'ਚ ਸੱਦ ਕੇ ਮੀਟਿੰਗ ਕਰ ਕੇ ਸਿਲੰਡਰ ਲਾਉਣ ਦੀ ਅਪੀਲ ਕਰੇਗੀ। ਦੁਕਾਨਦਾਰਾਂ ਨੂੰ ਨਿਗਮ 'ਚ ਹੀ ਸਿਲੰਡਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ।


Shyna

Content Editor

Related News