ਪਿਤਾ ਵੀ ਹੈ ਦਿੱਲੀ ਜੇਲ ’ਚ ਬੰਦ, ਵਿਰਾਸਤ ’ਚ ਮਿਲਿਆ ਜਗਤਾਰ ਨੂੰ ਹੈਰੋਇਨ ਸਮੱਗਲਿੰਗ ਦਾ ਧੰਦਾ

11/21/2018 3:24:06 AM

ਜਲੰਧਰ,  (ਕਮਲੇਸ਼)-  ਜਲੰਧਰ ਰੂਰਲ ਪੁਲਸ ਨੇ ਇਕ ਮੁਲਜ਼ਮ ਨੂੰ 500 ਗ੍ਰਾਮ  ਹੈਰੋਇਨ ਦੇ  ਨਾਲ ਕਾਬੂ ਕੀਤਾ ਹੈ। ਐੱਸ. ਪੀ. ਗੁਰਮੀਤ ਸਿੰਘ ਕਿੰਗਰਾ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ  ਨੂੰ ਸੂਚਨਾ ਮਿਲੀ ਸੀ ਕਿ ਇਕ ਡਰੱਗ ਪੈਡਲਰ ਹੈਰੋਇਨ ਦੀ ਡਲਿਵਰੀ ਦੇਣ ਜਾ ਰਿਹਾ ਹੈ ਅਤੇ  ਉਸ ਤੋਂ ਵੱਡੀ ਰਿਕਵਰੀ ਹੋ ਸਕਦੀ ਹੈ। 
ਸੂਚਨਾ ਦੇ ਆਧਾਰ ’ਤੇ ਐਤਵਾਰ ਨੂੰ ਸੀ. ਆਈ. ਏ.  ਸਟਾਫ-1 ਦੇ ਮੁਖੀ ਹਰਿੰਦਰ ਸਿੰਘ ਤੇ ਥਾਣਾ ਪਤਾਰਾ ਦੇ ਐੱਸ. ਐੱਚ. ਓ. ਸੱਤਪਾਲ ਨੇ ਪੁਲਸ  ਪਾਰਟੀ ਸਮੇਤ ਰਕਬਾਟੀ ਜੁਆਇੰਟ ਪਿੰਡ ਉੱਚਾ ਫਿਲੌਰ ਦੇ ਕੋਲ  ਨਾਕਾਬੰਦੀ ਕੀਤੀ ਹੋਈ ਸੀ।  ਸ਼ੱਕ ਦੇ ਆਧਾਰ ’ਤੇ ਹੋਂਡਾ ਅਮੇਜ਼ ਕਾਰ ਨੂੰ ਰੋਕ ਕੇ ਤਲਾਸ਼ੀ ਲਈ। ਕਾਰ ਦੀ ਬੈਕਸਾਈਡ ਦੇ  ਹੇਠੋਂ ਪੁਲਸ ਨੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਪਿੰਡ  ਮਿਓਂਵਾਲ ਫਿਲੌਰ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਖਿਲਾਫ ਧਾਰਾ 22-61-85 ਐੱਨ.  ਡੀ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਅਦਾਲਤ  ਤੋਂ ਮੁਲਜ਼ਮ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਦੇ ਪਿਤਾ ਪਰਗਨ ਨੂੰ ਦਿੱਲੀ  ਪੁਲਸ ਨੇ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਇਸੇ ਕੇਸ ਵਿਚ ਉਹ ਵੀ ਜੇਲ ਵਿਚ  ਹੈ।

ਸੱਤਵੀਂ ਪੜ੍ਹਿਆ ਮੁਲਜ਼ਮ ਕਰਦਾ ਸੀ ਕਾਰ ਮਕੈਨਿਕ ਦਾ ਕੰਮ
ਪੁਲਸ ਪੁੱਛਗਿੱਛ ਵਿਚ  ਪਤਾ ਲੱਗਾ ਕਿ ਮੁਲਜ਼ਮ ਸੱਤਵੀਂ ਪੜ੍ਹਿਆ ਹੈ ਅਤੇ ਉਹ ਕਾਰਾਂ ਦੇ ਮਕੈਨਿਕ ਦੇ ਤੌਰ ’ਤੇ ਕੰਮ  ਕਰਦਾ ਹੈ। ਜ਼ਿਆਦਾ ਕਮਾਈ ਕਰਨ ਲਈ ਉਹ ਆਪਣੇ ਪਿਤਾ ਦੇ ਨਕਸ਼ੇ ਕਦਮ ’ਤੇ ਚੱਲਣ ਲੱਗਾ ਅਤੇ ਹੈਰੋਇਨ ਸਮੱਗਲਰ ਬਣ ਗਿਆ। ਮੁਲਜ਼ਮ  ਦਿੱਲੀ ਵਿਚ ਰਹਿਣ ਵਾਲੇ ਨਾਈਜੀਰੀਅਨ ਸਮੱਗਲਰ ਤੋਂ  ਹੈਰੋਇਨ ਖਰੀਦ ਕੇ ਪ੍ਰਚੂਨ ਵਿਚ ਵੇਚਦਾ ਸੀ।  ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ  ਪੁਲਸ ਵਲੋਂ ਉਸ ਤੋਂ ਬਰਾਮਦ 500 ਗ੍ਰਾਮ ਹੈਰੋਇਨ ਨੂੰ ਉਹ ਨਾਈਜੀਰੀਅਨ ਤੋਂ ਦਿੱਲੀ ਤੋਂ ਖਰੀਦ  ਕੇ ਲਿਆਇਆ ਸੀ।
 


Related News