ਕਿਸਾਨਾਂ ਨੇ ਵਿਧਾਇਕ ਜਸਵੀਰ ਸਿੰਘ ਦੇ ਘਰ ਬਾਹਰ ਕੀਤਾ ਰੋਸ ਵਿਖਾਵਾ, ਪੁਲਸ ਨਾਲ ਹੋਈ ਤਕਰਾਰ
Friday, Nov 11, 2022 - 02:40 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਗੰਨਾ ਮਿੱਲਾਂ ਨੂੰ ਕਿਸਾਨਾਂ ਦੀ ਮੰਗ ਅਨੁਸਾਰ ਸਮੇਂ ਸਿਰ ਨਾ ਸ਼ੁਰੂ ਕਰਨ ਦੇ ਵਿਰੋਧ ਵਿੱਚ ਅੱਜ ਦੁਆਬਾ ਕਮੇਟੀ ਪੰਜਾਬ ਵੱਲੋਂ ਵਿਧਾਇਕ ਟਾਂਡਾ ਉੜਮੜ ਜਸਵੀਰ ਸਿੰਘ ਰਾਜਾ ਦੇ ਘਰ ਦੇ ਸਾਹਮਣੇ ਗੰਨੇ ਵਾਲੀਆਂ ਟਰਾਲੀਆਂ ਲੈ ਕੇ ਰੋਸ ਵਿਖਾਵਾ ਕੀਤਾ ਗਿਆ। ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਇਕੱਠਾ ਹੋਏ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਚੌਹਾਨ ਨੇ ਆਖਿਆ ਕਿ ਸੂਬਾ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ, ਜਿਸ ਦੇ ਵਿਰੋਧ ਵਿੱਚ ਉਹ ਅੱਜ ਇਹ ਰੋਸ ਵਿਖਾਵਾ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਗੰਨਾ ਮਿੱਲਾਂ ਜਲਦ ਨਾ ਸ਼ੁਰੂ ਕੀਤੀਆਂ ਗਈਆਂ ਤਾਂ ਉਹ ਜ਼ੋਰਦਾਰ ਸੰਘਰਸ਼ ਵਿੱਢਣਗੇ। ਇਸ ਦੌਰਾਨ ਪੁਲਸ ਨਾਲ ਕਿਸਾਨਾਂ ਦੀ ਤਕਰਾਰ ਵੀ ਹੋਈ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ ਆਮਦਨ ਟੈਕਸ ਵਿਭਾਗ ਦੀ ਰੇਡ ਜਾਰੀ
ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਵਾਅਦੇ ਮੁਤਾਬਕ ਕਿਹਾ ਗਿਆ ਸੀ ਕਿ 5 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਅਤੇ ਸਹਿਕਾਰੀ ਖੰਡ ਮਿੱਲਾਂ ਚਾਲੂ ਕੀਤੀਆਂ ਜਾਣਗੀਆਂ। ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੋਹਾਨ, ਪਿ੍ਰਤਪਾਲ ਸਿੰਘ ਗੁਰਾਇਆ ਅਤੇ ਅਮਰਜੀਤ ਸਿੰਘ ਕੁਰਾਲਾ ਨੇ ਦੱਸਿਆ ਕਿ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਉਪਰੰਤ ਸਹਿਮਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੈਸਲਾ ਲਿਆ ਸੀ ਪਰ ਅੱਜ 11 ਨਵੰਬਰ ਹੋਣ ਦੇ ਬਾਵਜੂਦ ਵੀ ਪ੍ਰਾਈਵੇਟ ਅਤੇ ਸਹਿਕਾਰੀ ਖੰਡ ਮਿੱਲਾਂ ਵੱਲੋਂ ਕੋਈ ਵੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਕਾਰ ਹੇਠਾਂ ਕੁਚਲੀ ਗਈ 8 ਸਾਲਾ ਬੱਚੀ ਨੇ ਤੋੜਿਆ ਦਮ, ਸਦਮੇ 'ਚ ਪਰਿਵਾਰ
ਸਾਡੀ ਜੱਥੇਬੰਦੀ ਵੱਲੋਂ ਜਲੰਧਰ ਵਿਖੇ ਪ੍ਰੈਸ ਕਾਨਫ਼ਰੰਸ ਕਰਕੇ ਸਰਕਾਰ ਨੂੰ ਜਾਣੂ ਕਰਵਾਇਆ ਸੀ ਪਰ ਕੋਈ ਵੀ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ। ਮਿੱਲਾਂ ਮਾਲਕਾਂ ਨੇ ਸਰਕਾਰ ਨਾਲ ਗੱਲਬਾਤ ਕੀਤੀ ਸੀ ਅਤੇ 50 ਰੁਪਏ ਸਬਸਿਡੀ ਦੇਣ ਦੀ ਸਹਿਮਤੀ ਬਣੀ ਸੀ। ਮਿੱਲ ਮਾਲਕ ਸਬਸਿਡੀ ਵਾਲਾ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਉਡੀਕ ਕਰ ਰਹੇ ਹਨ, ਇਸ ਕਰਕੇ ਮਿੱਲਾਂ ਵੱਲੋਂ ਕੋਈ ਤਾਰੀਖ ਨਹੀਂ ਦਿੱਤੀ ਜਾ ਰਹੀ ਕਿਸਾਨਾਂ ਦੀ ਫ਼ਸਲ ਦੀ ਸਰਕਾਰ ਨੂੰ ਪ੍ਰਵਾਹ ਨਹੀਂ। ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਵੋਟਾਂ ਮੰਗਣ ਲਈ ਗੁਜਰਾਤ ਤੁਰੇ ਫਿਰਦੇ ਹਨ ਪਰ ਪੰਜਾਬ ਦਾ ਕਿਸਾਨ ਸੜਕਾਂ 'ਤੇ ਆਪਣੀ ਫਸਲ ਵੇਚਣ ਦੀ ਦੁਹਾਈ ਦੇ ਰਿਹਾ ਹੈ। ਅੱਜ ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਮਿੱਥੇ ਪ੍ਰੋਗਰਾਮ ਅਨੁਸਾਰ ਵਿਧਾਇਕ ਟਾਂਡਾ, ਦਸੂਹਾ ਦੇ ਘਰਾਂ ਦੇ ਸਾਹਮਣੇ ਗੰਨੇ ਦੀਆਂ ਲੱਦੀਆਂ ਟਰਾਲੀਆਂ ਲੈ ਕੇ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਮਿੱਲਾਂ ਚੱਲਣ ਦੀ ਜਿੰਨਾਂ ਚਿਰ ਤਾਰੀਖ਼ ਦਾ ਐਲਾਨ ਮਿੱਲਾਂ ਮਾਲਕਾਂ ਵੱਲੋਂ ਨਹੀਂ ਹੁੰਦਾ ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਸੰਘਰਸ਼ ਹੋਰ ਤਿੱਖਾ ਕਰਨ ਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਲੌੜ ਪੈਣ 'ਤੇ ਘਿਰਾਓ ਦੇ ਨਾਲ-ਨਾਲ ਸੜਕੀ ਆਵਾਜਾਈ ਵੀ ਜਾਮ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਬਲਵੀਰ ਸਿੰਘ ਸੋਹੀਆ , ਸਤਪਾਲ ਮਿਰਜ਼ਾਪੁਰ ਪੁਰ, ਜਗਜੀਤ ਸਿੰਘ ਸੋਢੀ, ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਬਾਬਾ ਬਲਵਿੰਦਰ ਸਿੰਘ, ਸੁੱਚਾ ਮਸੀਹ,ਸਾਬਾ ਬਸਤੀ ਅਮਰਤਸਰੀਆ, ਗੁਰਮਿੰਦਰ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਵੱਡੀਆਂ ਚੁਣੌਤੀਆਂ ਦੇ ਬਾਵਜੂਦ ਸੁਖਬੀਰ ਬਾਦਲ ਦੀ ਪਕੜ ਸ਼੍ਰੋਮਣੀ ਕਮੇਟੀ ’ਤੇ ਰਹੀ ਬਰਕਰਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।