ਫਗਵਾੜਾ ''ਚ ਮੀਂਹ ਦੌਰਾਨ ਵੀ ਜਾਰੀ ਰਿਹਾ ਕਿਸਾਨਾਂ ਦਾ ਧਰਨਾ, ਕੌਮੀ ਰਾਜਮਾਰਗ ਦੀ ਸੜਕਾਂ ''ਤੇ ਗੁਜ਼ਾਰੀ ਰਾਤ

Tuesday, Aug 09, 2022 - 02:11 PM (IST)

ਫਗਵਾੜਾ (ਜਲੋਟਾ) : ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਰਾਏ ਦੀ ਪ੍ਰਧਾਨਗੀ 'ਚ ਲਗਾਤਾਰ ਦੂਜੇ ਦਿਨ ਸੈਂਕੜੇ ਕਿਸਾਨ ਵੀਰਾਂ ਨੇ ਸਥਾਨਕ ਇੱਕ ਮਿੱਲ ਵੱਲ ਗੰਨਾ ਕਿਸਾਨਾਂ ਦੇ ਕਰੋੜਾਂ ਰੁਪਏ ਬਕਾਇਆ ਹੋਣ ਦੇ ਮੁੱਦੇ ਨੂੰ ਲੈ ਕੇ ਫਗਵਾੜਾ 'ਚ ਰੁਕ-ਰੁਕ ਕੇ ਹੋ ਰਹੀ ਬਰਸਾਤ ਦੌਰਾਨ ਵੀ ਰੋਸ ਧਰਨਾ ਕੌਮੀ ਰਾਜ ਮਾਰਗ 1 'ਤੇ ਜਾਰੀ ਹੈ। ਦੱਸਣਯੋਗ ਹੈ ਕਿ ਕਿਸਾਨਾਂ ਨੇ ਬੀਤੇ ਦਿਨ ਹੱਲਾ ਬੋਲਦੇ ਹੋਏ ਕੌਮੀ ਰਾਜ ਮਾਰਗ ਨੰਬਰ 1 'ਤੇ ਅਣਮਿੱਥੇ ਸਮੇਂ ਲਈ ਤੰਬੂ ਗੱਡ ਰੋਸ ਧਰਨੇ ਅਤੇ ਕਿਸਾਨ ਅੰਦੋਲਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਫਗਵਾੜਾ 'ਚ ਲਗਾਤਾਰ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਕੀਤੀ ਜਾ ਰਿਹਾ ਹੈ। ਮਾਮਲੇ ਨੂੰ ਲੈ ਕੇ ਬਣੇ ਹੋਏ ਗੰਭੀਰ ਹਾਲਾਤ ਦੇ ਚਲਦਿਆਂ ਕਿਸਾਨ ਵੀਰਾਂ ਨੇ ਬੀਤੀ ਰਾਤ ਕੌਮੀ ਰਾਜ ਮਾਰਗ ਨੰਬਰ 1 ਦੀਆਂ ਸੜਕਾਂ 'ਤੇ ਗੁਜ਼ਾਰੀ ਹੈ। 

ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਦੀ ਵੱਡੀ ਕਾਰਵਾਈ, ਰੂਪਨਗਰ ਦਾ ਖਣਨ ਐਕਸੀਅਨ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ

ਫਗਵਾੜਾ ਵਿਖੇ ਲਗਾਤਾਰ ਦੂਜੇ ਦਿਨ ਜਾਰੀ ਰੋਸ ਧਰਨੇ ਅਤੇ ਪ੍ਰਦਰਸ਼ਨ 'ਚ ਮੌਜੂਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤਕ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਬਕਾਏ ਦੀ ਇਕ-ਇਕ ਪਾਈ ਨਹੀਂ ਦਿੱਤੀ ਜਾਂਦੀ ਉਦੋਂ ਤਕ ਉਹ ਆਪਣੇ ਹੱਕਾਂ ਨੂੰ ਲੈ ਕੇ ਇਨਸਾਫ਼ ਨਾ ਮਿਲਣ ਤੱਕ ਪ੍ਰਦਰਸ਼ਨ ਕਰਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮਾਮਲੇ ਦਾ ਹੱਲ ਨਾ ਕੱਢਿਆ ਤਾਂ 12 ਅਗਸਤ ਤੋਂ ਜੀ.ਟੀ. ਰੋਡ ਦੇ 2ਵੋਂ ਪਾਸਿਆਂ ਤੋਂ ਇਲਾਵਾ ਰੇਲਵੇ ਟਰੈਕ ਵੀ ਬੰਦ ਕੀਤੇ ਜਾਣਗੇ ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

ਉਨ੍ਹਾਂ ਕਿਹਾ ਕਿ ਹੁਣ ਤਕ ਰੱਖੜੀ ਦਾ ਤਿਉਹਾਰ ਦੇ ਮੱਦੇਨਜ਼ਰ ਸਿਰਫ਼ ਇੱਕ ਪਾਸੇ ਨੂੰ ਹੀ ਬੰਦ ਕੀਤਾ ਗਿਆ ਹੈ ਤਾਂ ਜੋ ਦੁਕਾਨਦਾਰ ਵੀਰਾਂ ਤੇ ਲੋਕਾਂ ਨੂੰ ਮੁਸ਼ਕਲ ਨਾ ਆਵੇ । ਉਧਰ ਧਰਨੇ ਨੂੰ ਲੈ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੁਧਿਆਣਾ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਕਾਫ਼ੀ ਪਿੱਛੋਂ ਹੀ ਪੁਲਸ ਵੱਲੋਂ ਦੂਜੇ ਪਾਸੇ ਕਰ ਦਿੱਤਾ ਗਿਆ ਹੈ , ਜਿਸ ਕਾਰਨ ਫਗਵਾੜਾ ਸ਼ਹਿਰ 'ਚ ਆਉਣ ਵਾਲੇ ਲੋਕਾਂ ਨੂੰ ਵੱਖ-ਵੱਖ ਰਸਤਿਆਂ ਰਾਹੀਂ ਘੁੰਮ ਕੇ ਆਪਣੀ ਮੰਜ਼ਿਲ 'ਤੇ ਜਾਣਾ ਪੈ ਰਿਹਾ ਹੈ । ਇਸ ਸੰਬੰਧੀ ਫਗਵਾੜਾ ਟ੍ਰੈਫਿਕ ਪੁਲਸ ਦੇ ਮੁਖੀ ਇੰਸਪੈਕਟਰ ਅਮਨ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਟ੍ਰੈਫਿਕ ਪੁਲਸ ਵੱਲੋਂ ਲੋਕਾਂ ਦੀ ਸਹੂਲਤ ਲਈ ਕਈ ਥਾਵਾਂ 'ਤੇ ਟ੍ਰੈਫਿਕ ਡਾਇਵਰਜ਼ਨ ਰੂਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਵੇ ਸੜਕਾਂ 'ਤੇ ਵੀ ਟਰੈਫਿਕ ਦੀ ਆਵਾਜਾਈ ਆਮ ਦਿਨਾਂ ਵਾਂਗ ਹੀ ਰੱਖੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News