ਕਿਸਾਨਾਂ ਦਾ ‘ਚੱਕਾ ਜਾਮ ਸ਼ਾਂਤੀਪੂਰਵਕ ਸੰਪੰਨ’ ‘ਹੁਣ ਦੋਵੇਂ ਧਿਰਾਂ ਗੱਲਬਾਤ ਲਈ ਅੱਗੇ ਆਉਣ’
Monday, Feb 08, 2021 - 03:50 PM (IST)
ਜਲੰਧਰ- ਕੇਂਦਰ ਸਰਕਾਰ ਵੱਲੋਂ ਪਾਸ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 73 ਦਿਨਾਂ ਤੋਂ ਜਾਰੀ ਕਿਸਾਨ ਸੰਗਠਨਾਂ ਦੇ ਅੰਦੋਲਨ ਦੇ ਦੌਰਾਨ ਕੇਂਦਰ ਸਰਕਾਰ ਅਤੇ 41 ਕਿਸਾਨ ਸੰਗਠਨਾਂ ਦੇ ਨੇਤਾਵਾਂ ਦੇ ਦਰਮਿਆਨ ਕੋਈ ਸਹਿਮਤੀ ਨਹੀਂ ਬਣ ਸਕੀ। 22 ਜਨਵਰੀ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਨੇਤਾਵਾਂ ਦੇ ਦੌਰਾਨ 11ਵੇਂ ਗੇੜ ਦੀ ਬੈਠਕ ਵੀ ਬੇਨਤੀਜਾ ਰਹਿਣ ਦੇ ਬਾਅਦ ਕਿਸਾਨ ਨੇਤਾਵਾਂ ਨੇ 26 ਜਨਵਰੀ ਨੂੰ ਦਿੱਲੀ ਐੱਨ. ਸੀ. ਆਰ. ’ਚ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਜੋ ਹਿੰਸਾ ਦੀ ਭੇਟ ਚੜ੍ਹ ਗਈ।
ਇਸ ਰੈਲੀ ’ਚ ਸ਼ਾਮਲ ਕੁਝ ਸ਼ਰਾਰਤੀ ਤੱਤਾਂ ਨੇ ਵੱਡੇ ਪੱਧਰ ’ਤੇ ਹਿੰਸਾ ਕੀਤੀ। ਇਥੋਂ ਤੱਕ ਕਿ ਸਖਤ ਸੁਰੱਖਿਆ ਵਾਲੇ ਲਾਲ ਕਿਲੇ ’ਚ ਵੜ ਕੇ ਉੱਥੇ ਧਾਰਮਿਕ ਚਿੰਨ੍ਹ ਵਾਲਾ ਝੰਡਾ ਲਹਿਰਾ ਦਿੱਤਾ ਅਤੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਜਾਨ ਬਚਾਉਣ ਲਈ ਕਈ ਸੁਰੱਖਿਆ ਮੁਲਾਜ਼ਮਾਂ ਨੇ ਖੱਡੇ ’ਚ ਛਾਲਾਂ ਮਾਰ ਦਿੱਤੀਆਂ। ਇਸ ਦਿਨ ਹੋਈ ਹਿੰਸਾ ’ਚ ਦਿੱਲੀ ਪੁਲਸ ਦੇ 394 ਸੁਰੱਖਿਆ ਮੁਲਾਜ਼ਮ ਤੇ ਕਈ ਕਿਸਾਨ ਜ਼ਖਮੀ ਹੋਏ। ਇਸ ਅਣਕਿਆਸੇ ਘਟਨਾ ਚੱਕਰ ਦੇ ਨਤੀਜੇ ਵਜੋਂ ਕਿਸਾਨ ਅੰਦੋਲਨ ਦੇ ਖਿੱਲਰਨ ਦਾ ਖਦਸ਼ਾ ਪੈਦਾ ਹੋ ਗਿਆ ਅਤੇ ਇਸ ਦੇ ਜਾਰੀ ਰਹਿਣ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਸੀ ਪਰ ਕਿਸਾਨ ਨੇਤਾਵਾਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਅੰਦੋਲਨ ਨੂੰ ਮੁੜ ਕਾਇਮ ਕਰ ਕੇ ਕੇਂਦਰ ਸਰਕਾਰ ਵੱਲੋਂ ਆਪਣੀਆਂ ਮੰਗਾਂ ਪ੍ਰਵਾਨ ਕੀਤੇ ਜਾਣ ਤੱਕ ਇਸ ਨੂੰ ਸ਼ਾਂਤੀਪੂਰਨ ਢੰਗ ਨਾਲ ਅੱਗੇ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।ਇਸੇ ਲੜੀ ’ਚ ਕਿਸਾਨ ਨੇਤਾਵਾਂ ਨੇ 6 ਫਰਵਰੀ ਨੂੰ ਦੇਸ਼ ’ਚ 12 ਤੋਂ 3 ਵਜੇ ਤੱਕ 3 ਘੰਟੇ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਪਰ ਬਾਅਦ ’ਚ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਇਸ ਤੋਂ ਮੁਕਤ ਕਰ ਦਿੱਤਾ ਗਿਆ। ਇਸ ਚੱਕਾ ਜਾਮ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਖਾਵਾਕਾਰੀਆਂ ਵੱਲੋਂ ਹੇਠਾਂ ਵਿਸ਼ੇਸ਼ ਸੰਦੇਸ਼ ਜਾਰੀ ਕੀਤੇ ਗਏ ਸਨ ਜਿਸ ਦੇ ਅਨੁਸਾਰ :
ਉਹ ਨੈਸ਼ਨਲ ਅਤੇ ਸਟੇਟ ਹਾਈਵੇ ’ਤੇ ਦੁਪਹਿਰ 12 ਤੋਂ 3 ਵਜੇ ਤੱਕ ਜਾਮ ਕਰਨਗੇ। ਇਸ ਤੋਂ ਪਹਿਲਾਂ ਅਤੇ ਬਾਅਦ ’ਚ ਜਾਮ ਨਹੀਂ ਲਗਾਇਆ ਜਾਵੇਗਾ।
ਟਰੱਕ, ਬੱਸਾਂ ਜਾਂ ਹੋਰ ਭਾਰੀ ਵਾਹਨਾਂ ਨੂੰ ਨਿਕਲਣ ਨਾ ਦਿੱਤਾ ਜਾਵੇ ਪਰ ਐਂਬੂਲੈਂਸ ਅਤੇ ਸਕੂਲ ਬੱਸ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਰੋਕਿਆ ਨਹੀਂ ਜਾਵੇਗਾ।
ਚੱਕਾ ਜਾਮ ਮੁਕੰਮਲ ਤੌਰ ’ਤੇ ਸ਼ਾਂਤੀਪੂਰਨ ਅਤੇ ਅਹਿੰਸਕ ਰੱਖਿਆ ਜਾਵੇ।
ਰਾਜਧਾਨੀ ਦਿੱਲੀ ਦੀ ਹੱਦ ਦੇ ਅੰਦਰ ਕੋਈ ਚੱਕਾ ਜਾਮ ਨਾ ਕੀਤਾ ਜਾਵੇ।
ਹਾਲਾਂਕਿ ਦਿੱਲੀ ਸਰਕਾਰ ਨੇ ਦਿੱਲੀ ਦੀਆਂ ਹੱਦਾਂ ’ਤੇ ਸੁਰੱਖਿਆ ਵਧਾਉਣ ਦੇ ਨਾਲ-ਨਾਲ ਹਾਈ ਅਲਰਟ ਮੋਡ ’ਤੇ ਰੱਖ ਕੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਸਖਤ ਸੁਰੱਖਿਆ ਪ੍ਰਬੰਧ ਕਰਨ ਦੇ ਨਾਲ-ਨਾਲ ਮੈਟਰੋ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਅਤੇ ਸਥਿਤੀ ’ਤੇ ਡ੍ਰੋਨ ਰਾਹੀਂ ਨਿਗਰਾਨੀ ਰੱਖਣ ਦੀ ਵਿਵਸਥਾ ਕਰਨ ਦੇ ਨਾਲ-ਨਾਲ 50,000 ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਤਾਂ ਕਿ ਜਾਮ ’ਚ ਫਸਣ ਕਾਰਨ ਮੁਸਾਫ਼ਰਾਂ ਲਈ ਕੋਈ ਅਣਸੁਖਾਵੀਂ ਸਥਿਤੀ ਪੈਦਾ ਨਾ ਹੋ ਜਾਵੇ।
ਇਸ ਚੱਕਾ ਜਾਮ ਤੋਂ ਪਹਿਲਾਂ ਕਿਸਾਨ ਨੇਤਾਵਾਂ ਬਲਬੀਰ ਸਿੰਘ ਰਾਜੇਵਾਲ ਅਤੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ, ‘‘26 ਜਨਵਰੀ ਨੂੰ ਦਿੱਲੀ ’ਚ 3 ਲੱਖ ਟਰੈਕਟਰ ਅਤੇ 20 ਲੱਖ ਲੋਕ ਆਏ ਸਨ। ਇੰਨੀ ਵਿਸ਼ਾਲ ਭੀੜ ਕੁਝ ਵੀ ਕਰ ਸਕਦੀ ਸੀ ਪਰ ਸਿਵਾਏ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਡੇ ਅੰਦੋਲਨ ’ਚ ਦਾਖਲ ਹੋਏ ਕੁਝ ਸ਼ਰਾਰਤੀ ਤੱਤਾਂ ਵੱਲੋਂ ਕੀਤੇ ਗਏ ਦੰਗੇ ਦੇ ਸਾਡਾ ਅੰਦੋਲਨ ਸ਼ਾਂਤੀਪੂਰਨ ਰਿਹਾ ਸੀ ਅਤੇ ਭਵਿੱਖ ’ਚ ਵੀ 100 ਫੀਸਦੀ ਸ਼ਾਂਤੀਪੂਰਨ ਰਹੇਗਾ।’’
ਕੁਲ ਮਿਲਾ ਕੇ ਜਿੱਥੇ ਕਿਸਾਨ ਨੇਤਾਵਾਂ ਵੱਲੋਂ ਸੱਦੇ ਗਏ ਇਸ ਚੱਕਾ ਜਾਮ ਦਾ ਪ੍ਰਭਾਵ ਦੇਸ਼ ਦੇ ਵਧੇਰੇ ਹਿੱਸਿਆਂ ’ਚ ਦੇਖਿਆ ਗਿਆ ਉੱਥੇ ਕਿਸਾਨ ਨੇਤਾਵਾਂ ਦੇ ਐਲਾਨ ਦੇ ਅਨੁਸਾਰ ਇਹ ਚੱਕਾ ਜਾਮ ਸ਼ਾਂਤੀਪੂਰਨ ਰਿਹਾ ਅਤੇ ਕਿਸੇ ਭੰਨ-ਤੋੜ ਜਾਂ ਹਿੰਸਾ ਦੀ ਸੂਚਨਾ ਨਹੀਂ ਹੈ। ਜਿੱਥੇ ਇਸ ਦੇ ਲਈ ਕਿਸਾਨ ਸੰਗਠਨ ਧੰਨਵਾਦ ਦੇ ਪਾਤਰ ਹਨ ਉੱਥੇ ਇਸ ਦੇ ਨਾਲ ਹੀ ਦਿੱਲੀ ਅਤੇ ਹੋਰਨਾਂ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਵੀ ਸ਼ਲਾਘਾ ਦੀਆਂ ਪਾਤਰ ਹਨ ਜਿਨ੍ਹਾਂ ਨੇ ਸਥਿਤੀ ’ਤੇ ਕਾਬੂ ਰੱਖਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ। ਕਿਸਾਨ ਨੇਤਾਵਾਂ ਦੀ ਮੰਗ ਹੈ ਕਿ ਹੋਰਨਾਂ ਮੰਤਰੀਆਂ ਦੀ ਥਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਅੱਗੇ ਆ ਕੇ ਉਨ੍ਹਾਂ ਨਾਲ ਬਿਨਾਂ ਸ਼ਰਤ ਗੱਲ ਕਰਨ ਜਦਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਰੋਸ ਵਿਖਾਵੇ ਦਾ ਹੱਲ ਕੱਢਣ ’ਤੇ ਪ੍ਰਤੀਬੱਧਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਉਹ ਸਿਰਫ ਇਕ ਫੋਨ ਕਾਲ ਦੀ ਦੂਰੀ ’ਤੇ ਹਨ।ਹੁਣ ਜਦਕਿ ਕਿਸਾਨਾਂ ਦਾ ਚੱਕਾ ਜਾਮ ਸ਼ਾਂਤੀਪੂਰਨ ਸੰਪੰਨ ਹੋ ਗਿਆ ਹੈ, ਕਿਸਾਨ ਨੇਤਾ ਪ੍ਰਧਾਨ ਮੰਤਰੀ ਦੀ ਇਸ ਪੇਸ਼ਕਸ਼ ਨੂੰ ਅਜ਼ਮਾਉਣ ਅਤੇ ਗੱਲਬਾਤ ਲਈ ਅੱਗੇ ਆ ਕੇ ਦੋਵਾਂ ਧਿਰਾਂ ਨੂੰ ਨਰਮ ਵਤੀਰਾ ਅਪਣਾਉਂਦੇ ਹੋਏ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਪ੍ਰਵਾਨਯੋਗ ਹੱਲ ਕੱਢਣਾ ਚਾਹੀਦਾ ਹੈ।- ਵਿਜੇ ਕੁਮਾਰ