90 ਕਰੋੜ ਦੇ ਬਕਾਏ ਨੂੰ ਲੈ ਕੇ ਗੰਨਾ ਕਿਸਾਨਾਂ ਨੇ ਖੰਡ ਮਿੱਲ ਮੂਹਰੇ ਦਿੱਤਾ ਧਰਨਾ, ਹਾਈਵੇਅ ਕੀਤਾ ਜਾਮ

06/11/2022 3:05:24 PM

ਮੁਕੇਰੀਆਂ (ਰਾਜੂ)- ਪੱਗੜੀ ਸੰਭਾਲ ਜੱਟਾ ਲਹਿਰ ਪੰਜਾਬ ਅਤੇ ਹੋਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਗੰਨਾ ਕਿਸਾਨਾਂ ਨੇ ਖੰਡ ਮਿੱਲ ਦੇ 90 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਖੰਡ ਮਿੱਲ ਮੂਹਰੇ ਧਰਨਾ ਲਾਉਣ ਤੋਂ ਬਾਅਦ ਜਲੰਧਰ-ਪਠਾਨਕੋਟ ਹਾਈਵੇਅ ’ਤੇ ਆਵਾਜਾਈ ਜਾਮ ਕਰ ਦਿੱਤੀ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਸਵਾਰ ਪ੍ਰੇਸ਼ਾਨ ਹੁੰਦੇ ਰਹੇ।
ਇਸ ਤੋਂ ਪਹਿਲਾਂ ਧਰਨੇ ਦੌਰਾਨ ਗੰਨਾ ਕਾਸ਼ਤਕਾਰਾਂ ਨੇ ਮਿੱਲ ਪ੍ਰਬੰਧਕਾਂ ਨੂੰ ਅਦਾਇਗੀ ਬਾਰੇ ਫ਼ੈਸਲਾ ਲੈਣ ਲਈ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ। ਇਸ ਦੌਰਾਨ ਐੱਸ. ਡੀ. ਐੱਮ. ਮੁਕੇਰੀਆਂ ਕੰਵਲਜੀਤ ਸਿੰਘ, ਡੀ. ਐੱਸ. ਪੀ. ਪਰਮਜੀਤ ਸਿੰਘ, ਐੱਸ. ਐੱਚ. ਓ. ਹਰਜਿੰਦਰ ਸਿੰਘ ਦੀ ਮੌਜੂਦਗੀ ’ਚ ਮਿੱਲ ਦੇ ਮੁੱਖ ਪ੍ਰਬੰਧਕ ਸੰਜੇ ਸਿੰਘ ਨਾਲ ਕਿਸਾਨ ਆਗੂਆਂ ਦੀ ਹੋਈ ਮੀਟਿੰਗ ’ਚ ਕੋਈ ਠੋਸ ਫੈਸਲਾ ਨਾ ਹੋਣ ’ਤੇ ਗੁੱਸੇ ’ਚ ਆਏ ਗੰਨਾ ਕਿਸਾਨਾਂ ਨੇ ਦੁਪਹਿਰ 3 ਵਜੇ ਦੇ ਕਰੀਬ ਜਲੰਧਰ-ਪਠਾਨਕੋਟ ਹਾਈਵੇ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਨ ਦਾ ਐਲਾਨ ਕੀਤਾ| ਇਸ ਦੌਰਾਨ ਗੰਨਾ ਕਿਸਾਨਾਂ ਨੇ ਸੂਬਾ ਸਰਕਾਰ ਅਤੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਗੰਨੇ ਦੇ ਬਕਾਏ ਦੀ ਇਕ-ਮੁਸ਼ਤ ਅਦਾਇਗੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਮਿੱਲ ਪ੍ਰਬੰਧਕਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ 2021-22 ਦੇ 90 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ। ਮਿੱਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਭਰੋਸਾ ਹੀ ਦਿੱਤਾ ਜਾਂਦਾ ਰਿਹਾ, ਜਦਕਿ ਖੰਡ ਮਿੱਲਾਂ ਮਨਮਾਨੇ ਢੰਗ ਨਾਲ ਅਦਾਇਗੀਆਂ ਕਰ ਰਹੀਆਂ ਹਨ। ਇਹ ਸਿਲਸਿਲਾ ਹਰ ਸੀਜ਼ਨ ਜਾਰੀ ਰਹਿੰਦਾ ਹੈ ਅਤੇ ਹਰ ਸਾਲ ਗੰਨਾ ਉਤਪਾਦਕਾਂ ਨੂੰ ਅਦਾਇਗੀ ਲਈ ਧਰਨੇ ਅਤੇ ਚੱਕਾ ਜਾਮ ਦਾ ਸਹਾਰਾ ਲੈਣਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਗੰਨਾ ਕਿਸਾਨਾਂ ਦੇ ਬਕਾਏ ਹੱਲ ਕਰਨ ਲਈ ਗੰਭੀਰਤਾ ਨਹੀਂ ਦਿਖਾ ਰਹੀ ਅਤੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਗੰਨਾ ਕਿਸਾਨਾਂ ਦੇ ਬਕਾਏ ਹੱਲ ਕਰਨ ਵਿਚ ਨਾਕਾਮ ਰਹੇ ਹਨ।

ਇਸ ਮੌਕੇ ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਅਵਤਾਰ ਸਿੰਘ ਬੌਬੀ, ਸੁਖਦੇਵ ਸਿੰਘ ਭੁਜਰਾਜ ਕਿਸਾਨ ਅਤੇ ਨੌਜਵਾਨ ਭਲਾਈ ਯੂਨੀਅਨ ਧਾਰੀਵਾਲ, ਅਮਰਜੀਤ ਸਿੰਘ ਰਾੜਾ ਦੋਆਬਾ ਆਜ਼ਾਦ ਕਿਸਾਨ ਕਮੇਟੀ, ਬਾਬਾ ਕਮਲਜੀਤ ਸਿੰਘ ਮਾਝਾ ਕਿਸਾਨ ਯੂਨੀਅਨ ਕੀੜੀ ਅਫਗਾਨਾ, ਧਰਮਿੰਦਰ ਸਿੰਘ ਸਿੰਬਲੀ, ਦਲਜੀਤ ਸਿੰਘ ਮੰਝਪੁਰ, ਅਜੈਬ ਸਿੰਘ ਬੇਲਾ ਸਰਿਆਣਾ, ਲਖਵੀਰ ਸਿੰਘ ਲੱਖਾ ਮਹਿਮੂਦਪੁਰ, ਕਮਲਜੀਤ ਸਿੰਘ ਗੋਲੀ, ਰਵਿੰਦਰ ਸਿੰਘ ਗੋਲੀ, ਨੰਬਰਦਾਰ ਹਰਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News