ਮਾਨਗੜ੍ਹ ਟੋਲ ਪਲਾਜ਼ੇ ’ਤੇ 183ਵੇਂ ਦਿਨ ਵੀ ਡਟੇ ਰਹੇ ਕਿਸਾਨ

04/08/2021 4:58:24 PM

ਗੜ੍ਹਦੀਵਾਲਾ (ਜਤਿੰਦਰ)-ਅੱਜ ਮਾਨਗੜ੍ਹ ਟੋਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 183ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਪਿੱਟ-ਸਿਆਪਾ ਕੀਤਾ ਗਿਆ।ਇਸ ਮੌਕੇ ਅਵਤਾਰ ਸਿੰਘ ਮਾਨਗੜ੍ਹ, ਜਤਿੰਦਰ ਸਿੰਘ ਸੱਗਲਾ, ਮਾਸਟਰ ਗੁਰਚਰਨ ਸਿੰਘ ਕਾਲਰਾਂ, ਮਨਜੀਤ ਸਿੰਘ ਖਾਨਪੁਰ, ਡਾ. ਮੋਹਨ ਸਿੰਘ ਮੱਲ੍ਹੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਜੋ ਪੰਜਾਬ ਦਾ ਕਿਸਾਨ ਸੜਕਾਂ ’ਤੇ ਸੰਘਰਸ਼ ਕਰਨ ਲਈ ਉਤਰਿਆ ਹੈ, ਇਸ ਦੇ ਪਿੱਛੇ ਕੇਂਦਰ ਦੀ ਮੋਦੀ ਸਰਕਾਰ ਹੀ ਜ਼ਿੰਮੇਵਾਰ ਹੈ। ਇਸ ਸਰਕਾਰ ਨੇ ਕਿਸਾਨੀ ਨੂੰ ਰੋਲ਼ ਕੇ ਰੱਖ ਦਿੱਤਾ ਹੈ ਅਤੇ ਇਹ ਜੋ ਖੇਤੀ ਵਿਰੋਧੀ ਕਾਲੇ ਕਾਨੂੰਨ ਬਣਾਏ ਹਨ, ਇਸ ਪਿੱਛੇ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਪਹਿਲ ਦਿੱਤੀ ਹੈ ਤੇ ਕਿਸਾਨੀ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਦੀ ਰਾਖੀ ਅਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਜੋ ਦਿੱਲੀ ਵਿਖੇ ਸੰਘਰਸ਼ ਕਰ ਰਿਹਾ ਹੈ, ਕੇਂਦਰ ਦੀ ਮੋਦੀ ਸਰਕਾਰ ਨੂੰ ਇਸ ਪ੍ਰਤੀ ਸੋਚਦਿਆਂ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ, ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਇਹ ਸੰਘਰਸ਼ ਹੋਰ ਤਿੱਖਾ ਹੋ ਜਾਵੇਗਾ, ਜਿਸ ਦੀ ਪੂਰਨ ਤੌਰ ’ਤੇ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋਵੇਗੀ। ਇਸ ਮੌਕੇ ਡਾ. ਮਝੈਲ ਸਿੰਘ, ਪਰਮਿੰਦਰ ਸਿੰਘ, ਕੈਪਟਨ ਲਛਮਣ ਸਿੰਘ ਰੰਧਾਵਾ, ਸੇਵਾ ਸਿੰਘ, ਮਹਿੰਦਰ ਸਿੰਘ, ਜਥੇਦਾਰ ਹਰਪਾਲ ਸਿੰਘ, ਬਲਵਿੰਦਰ ਸਿੰਘ, ਨੰਬਰਦਾਰ ਸੁਖਵੀਰ ਸਿੰਘ, ਤਰਸੇਮ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਪੰਜਾਬ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਦਾਰਾ ਸਿੰਘ,ਹਰਦੀਪ ਸਿੰਘ ਆਦਿ ਸਮੇਤ ਭਾਰੀ ਗਿਣਤੀ ’ਚ ਕਿਸਾਨ ਹਾਜ਼ਰ ਸਨ।


Anuradha

Content Editor

Related News