ਚੰਦਰ ਅਗਰਵਾਲ ’ਤੇ IT ਦੀ ਜਾਂਚ ਬੈਠਣ ’ਤੇ ਬੁੱਕੀ ਲਾਬੀ ’ਚ ਹੜਕੰਪ, ਨਾਮੀ ਬੁੱਕੀਆਂ ਨੇ ਸ਼ਹਿਰ ਛੱਡਿਆ
Sunday, Nov 13, 2022 - 04:30 PM (IST)

ਜਲੰਧਰ (ਜ. ਬ.)–ਰੀਅਲ ਅਸਟੇਟ ਕਾਰੋਬਾਰ ਚੰਦਰ ਅਗਰਵਾਲ ’ਤੇ ਆਈ. ਟੀ. ਦੀ ਜਾਂਚ ਬੈਠਣ ਤੋਂ ਬਾਅਦ ਹਾਈ ਲੈਵਲ ਬੁੱਕੀ ਲਾਬੀ ਵਿਚ ਹੜਕੰਪ ਹੈ। ਸ਼ਹਿਰ ਦੇ ਨਾਮੀ ਬੁੱਕੀ ਸਿਟੀ ਵਿਚੋਂ ਗਾਇਬ ਹੋ ਚੁੱਕੇ ਹਨ ਅਤੇ ਇਨ੍ਹਾਂ ਲੋਕਾਂ ਦਾ ਕਿਤੇ ਨਾ ਕਿਤੇ ਚੰਦਰ ਅਗਰਵਾਲ ਨਾਲ ਪੈਸਿਆਂ ਦਾ ਕਥਿਤ ਢੰਗ ਨਾਲ ਲੈਣ-ਦੇਣ ਸੀ। ਚੰਦਰ ਅਗਰਵਾਲ ਖ਼ਿਲਾਫ਼ ਵੀ ਕਾਫ਼ੀ ਸਾਲ ਪਹਿਲਾਂ ਮੈਚਾਂ ’ਤੇ ਸੱਟੇ ਦਾ ਕੇਸ ਦਰਜ ਹੋਇਆ ਸੀ ਪਰ ਉਸਦੇ ਬਾਅਦ ਤੋਂ ਚੰਦਰ ਅਗਰਵਾਲ ਰੀਅਲ ਅਸਟੇਟ ਦੇ ਕਾਰੋਬਾਰ ਵਿਚ ਆ ਗਿਆ ਅਤੇ ਨਾਮੀ ਬੁੱਕੀ ਉਸਦੇ ਸੰਪਰਕ ਵਿਚ ਰਹਿੰਦੇ ਸਨ।
ਫਲੈਟਾਂ ਵਿਚ ਰਹਿਣ ਵਾਲੇ ਇਕ ਨਾਮੀ ਬੁੱਕੀ ਸਮੇਤ ਸ਼ਹਿਰ ਦਾ ਬਦਨਾਮ ਸਾਜ਼ਿਸ਼ਕਰਤਾ ਵਿਅਕਤੀ ਵੀ ਆਈ. ਟੀ. ਜਾਂਚ ਵਿਚ ਸ਼ਾਮਲ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ‘ਏ’ ਅੱਖਰ ਦੇ ਨਾਮੀ ਬੁੱਕੀ ਨੇ ਮੈਚਾਂ ਤੋਂ ਜਿੱਤੇ ਪੈਸਿਆਂ ਨੂੰ ਵ੍ਹਾਈਟ ਬਣਾਉਣ ਲਈ ਰੀਅਲ ਅਸਟੇਟ ਕਾਰੋਬਾਰ ਵਿਚ ਲਾਇਆ ਹੋਇਆ ਹੈ ਅਤੇ ਉਸਦੇ ਦਸਤਾਵੇਜ਼ ਜੇਕਰ ਮਿਲਦੇ ਹਨ ਤਾਂ ਬੁੱਕੀ ’ਤੇ ਸ਼ਿਕੰਜਾ ਕੱਸਣਾ ਤੈਅ ਹੈ। ਅੰਡਰਗਰਾਊਂਡ ਹੋਏ ਬੁੱਕੀ ਆਪਣੇ ਗੁਰਗਿਆਂ ਕੋਲੋਂ ਆਈ. ਟੀ. ਦੀ ਰੇਡ ਸਬੰਧੀ ਲਗਾਤਾਰ ਜਾਣਕਾਰੀ ਇਕੱਤਰ ਕਰ ਰਹੇ ਹਨ। ਪੈਸਿਆਂ ਦੀ ਫੰਡਿੰਗ ਦੇ ਮਾਮਲਿਆਂ ਵਿਚ ਸ਼ੁਰੂ ਕੀਤੀ ਗਈ ਜਾਂਚ ਵਿਚ ਕਈ ਹੋਰ ਨਾਮੀ ਅਤੇ ਬਦਨਾਮ ਚਿਹਰੇ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 28 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਪਿਉ-ਪੁੱਤ ਗ੍ਰਿਫ਼ਤਾਰ
ਚੰਦਰ ਅਗਰਵਾਲ ਦੀ ਹਿਸਟਰੀ ਤੋਂ ਲੈ ਕੇ ਹੁਣ ਤੱਕ ਸਫਰ ਦੀ ਜਾਂਚ ਕਰ ਰਹੀ ਆਈ. ਟੀ. ਟੀਮ
ਇਨਕਮ ਟੈਕਸ ਮਹਿਕਮੇ ਦੀ ਟੀਮ ਚੰਦਰ ਅਗਰਵਾਲ ਦੀ ਹਿਸਟਰੀ ਨੂੰ ਲੈ ਕੇ ਹੁਣ ਤੱਕ ਦੇ ਸਫਰ ਸਬੰਧੀ ਜਾਂਚ ਕਰ ਰਹੀ ਹੈ। ਆਈ. ਟੀ. ਟੀਮ ਦੇ ਸਾਹਮਣੇ ਕਈ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਸਿਰਫ ਚੰਦਰ ਅਗਰਵਾਲ ਹੀ ਦੇ ਸਕਦਾ ਹੈ। ਦਿੱਲੀ ਤੱਕ ਰਸੂਖ ਰੱਖਣ ਵਾਲੇ ਚੰਦਰ ਅਗਰਵਾਲ ਦੇ ਟਿਕਾਣਿਆਂ ’ਤੇ ਆਈ. ਟੀ. ਦੀ ਰੇਡ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਨੂੰ ਆਕਾ ਸਮਝਣ ਵਾਲੇ ਲੋਕ ਵੀ ਇਸ ਰੇਡ ਨੂੰ ਲੈ ਕੇ ਹੈਰਾਨ ਹਨ ਅਤੇ ਕਿਤੇ ਨਾ ਕਿਤੇ ਉਨ੍ਹਾਂ ਨੂੰ ਇਸ ਜਾਂਚ ਦਾ ਡਰ ਸਤਾ ਰਿਹਾ ਹੈ।
ਚੰਦਰ ਅਗਰਵਾਲ ਦਾ ਸ਼ੁਰੂਆਤੀ ਸਮਾਂ ਚਰਚਿਤ ਰਿਹਾ ਹੈ ਪਰ ਕਾਫ਼ੀ ਸਾਲਾਂ ਤੋਂ ਉਹ ਗੁੰਮਨਾਮ ਜ਼ਿੰਦਗੀ ਬਤੀਤ ਕਰ ਰਿਹਾ ਸੀ ਅਤੇ ਅਚਾਨਕ ਉਹ ਰੀਅਲ ਅਸਟੇਟ ਕਾਰੋਬਾਰੀ ਬਣ ਕੇ ਉਭਰਿਆ। ‘ਏ’ ਅੱਖਰ ਦੇ ਨਾਂ ਵਾਲੇ ਬੁੱਕੀ ਨੂੰ ਜੇਕਰ ਜਾਂਚ ਵਿਚ ਸ਼ਾਮਲ ਕੀਤਾ ਜਾਵੇ ਤਾਂ ਕਈ ਅਜਿਹੀਆਂ ਗੱਲਾਂ ਸਾਹਮਣੇ ਆ ਸਕਦੀਆਂ ਹਨ, ਜਿਹੜੀਆਂ ਕਿਸੇ ਨੇ ਸੋਚੀਆਂ ਤੱਕ ਨਾ ਹੋਣ। ਇਹ ਬੁੱਕੀ ਸ਼ਹਿਰ ਦੇ ਬੁੱਕੀਆਂ ਦਾ ਆਕਾ ਹੈ, ਜਿਨ੍ਹਾਂ ਨੂੰ ਉਹ ਲੱਖਾਂ ਤੋਂ ਲੈ ਕੇ ਕਰੋੜਾਂ ਰੁਪਏ ਫਾਇਨਾਂਸ ਕਰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਫਾਇਨਾਂਸ ਕੀਤੇ ਗਏ ਪੈਸਿਆਂ ਦੀ ਆਮਦਨ ਦੀ ਜਾਂਚ ਹੋਵੇ ਤਾਂ ਕਿਤੇ ਨਾ ਕਿਤੇ ਚੰਦਰ ਅਗਰਵਾਲ ਦੀ ਫਾਇਨਾਂਸ ਕੰਪਨੀ ਦਾ ਨਾਂ ਸਾਹਮਣੇ ਆ ਸਕਦਾ ਹੈ।
ਦੜੇ-ਸੱਟੇ ਦਾ ਕੰਮ ਕਰਨ ਵਾਲਿਆਂ ’ਚ ਵੀ ਦਹਿਸ਼ਤ
ਚੰਦਰ ਅਗਰਵਾਲ ’ਤੇ ਬੈਠੀ ਜਾਂਚ ਤੋਂ ਬਾਅਦ ਸ਼ਹਿਰ ਦੇ ਦੜਾ-ਸੱਟਾ ਕਾਰੋਬਾਰੀਆਂ ਤੋਂ ਲੈ ਕੇ ਨਾਜਾਇਜ਼ ਲਾਟਰੀ ਦਾ ਕੰਮ ਕਰਨ ਵਾਲਿਆਂ ਵਿਚ ਵੀ ਦਹਿਸ਼ਤ ਹੈ। ਖੁਫੀਆ ਢੰਗ ਨਾਲ ਸੱਟੇ ਸਮੇਤ ਲਾਟਰੀ ਦਾ ਕੰਮ ਕਰਨ ਵਾਲੇ ਵੀ ਇਸ ਸਮੇਂ ਆਪਣਾ ਕਾਰੋਬਾਰ ਸਮੇਟ ਕੇ ਗਾਇਬ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਈ. ਟੀ. ਦੀ ਰੇਡ ਤੋਂ ਬਾਅਦ ਸ਼ਹਿਰ ਵਿਚ ਚੱਲ ਰਹੇ ਵੱਡੇ ਜੂਏ ਦੇ ਅੱਡੇ ਵੀ ਸੁੰਨਸਾਨ ਹੋ ਗਏ ਹਨ ਪਰ ਇਸਦਾ ਰੇਡ ਨਾਲ ਕੀ ਲੈਣ-ਦੇਣ ਹੈ, ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਲੇਹ ਲੱਦਾਖ 'ਚ ਮੋਗਾ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।