ਪਰਿਵਾਰਕ ਮੈਂਬਰਾਂ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਥਾਣੇ ਅੱਗੇ ਲਾਇਆ ਧਰਨਾ

12/14/2018 4:25:09 AM

ਫਗਵਾੜਾ,  (ਹਰਜੋਤ, ਜਲੋਟਾ)-  ਬੀਤੇ  ਦਿਨੀਂ ਇਥੇ ਰਾਵਲਪਿੰਡੀ ਦੇ ਇਕ ਕਿਸਾਨ ਦੇ ਪੁੱਤਰ ਦੀ ਇਕ ਵਿਅਕਤੀ ਵੱਲੋਂ ਚੰਦ  ਪੈਸਿਆਂ ਦੀ ਖਾਤਰ ਬੇਇੱਜ਼ਤੀ ਕਰਨ ਕਾਰਨ ਲੜਕੇ ਵੱਲੋਂ ਆਪਣੀ ਬੇਇੱਜ਼ਤੀ ਨਾ ਸਹਾਰਦਿਆਂ ਫ਼ਾਹਾ  ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਸਬੰਧ ’ਚ ਰਾਵਲਪਿੰਡੀ ਪੁਲਸ ਨੇ ਇਕ ਵਿਅਕਤੀ ਖਿਲਾਫ਼  ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਸੀ ਪਰ ਪੁਲਸ ਵੱਲੋਂ ਇੰਨਾ ਸਮਾਂ ਬੀਤ ਜਾਣ ਦੇ  ਬਾਵਜੂਦ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ’ਚ ਅੱਜ ਯੁਵਾ ਵਿਕਾਸ ਮੋਰਚਾ ਪੰਜਾਬ  ਦੇ ਸੂਬਾ ਪ੍ਰਧਾਨ ਅਨੂੰ ਸਹੋਤਾ ਤੇ ਸੂਬਾ ਜਨਰਲ ਸਕੱਤਰ ਅਸ਼ਵਨੀ ਸਹੋਤਾ ਦੀ ਅਗਵਾਈ ’ਚ  ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਗ੍ਰਿਫਤਾਰੀ ਨਾ ਕਰਨ ਦੇ ਵਿਰੋਧ ’ਚ ਥਾਣਾ  ਰਾਵਲਪਿੰਡੀ ਅੱਗੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ।
ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਰਾਣੀਪੁਰ ਦੇ ਵਸਨੀਕ ਸਵਰਣ ਸਿੰਘ ਪੁੱਤਰ  ਲਛਮਣ ਸਿੰਘ ਨੇ ਧਰਮਿੰਦਰ ਕੁਮਾਰ ਨੂੰ ਆਪਣੇ ਘਰ ਬੁਲਾਕੇ ਜ਼ਲੀਲ ਕੀਤਾ ਸੀ ਅਤੇ ਜਾਤੀ ਸੂਚਕ  ਸ਼ਬਦ ਬੋਲੇ ਇਸ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਧਰਮਿੰਦਰ ਨੇ ਆਪਣੇ ਹੀ ਘਰ ’ਚ ਪੱਖੇ ਨਾਲ  ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਇਸ ਘਟਨਾ ਲਈ  ਸਵਰਣ ਸਿੰਘ ਪੁੱਤਰ ਲਛਮਣ ਸਿੰਘ ਜ਼ਿੰਮੇਵਾਰ ਹੈ, ਜਿਸਨੂੰ ਥਾਣਾ ਰਾਵਲਪਿੰਡੀ ਦੀ ਪੁਲਸ ਨੇ  ਗ੍ਰਿਫ਼ਤਾਰ ਕਰਨ ਦੀ ਬਜਾਏ ਸ਼ਹਿ ਦੇ ਕੇ ਭਜਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ  ਪੁਲਸ ਪ੍ਰਸ਼ਾਸਨ ਨੇ ਅਜੇ ਤਕ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਦਕਿ ਪੁਲਸ ਦਾ ਕੰਮ ਸੀ ਕਿ  ਮੁਲਜ਼ਮ ਨੂੰ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕੀਤਾ ਜਾਂਦਾ। ਉਨ੍ਹਾਂ ਪੁਲਸ ’ਤੇ ਇਕ ਪਾਸੜ ਰੋਲ  ਅਦਾ ਕਰ ਕੇ ਗਰੀਬ ਪਰਿਵਾਰ ਨਾਲ ਬਹੁਤ ਵੱਡਾ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਸਹੋਤਾ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਦਬਾਉਣ ਦੀ  ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਸੈਂਕੜੇ ਵਰਕਰਾਂ ਨਾਲ ਵੱਡੀ ਪੱਧਰ ’ਤੇ ਸੰਘਰਸ਼ ਕਰਨਗੇ।
 


Related News