ਕਬਜ਼ਾ ਕਰਨ ਦੇ ਦੋਸ਼ ਹੇਠ ਸ਼ਸ਼ੀ ਸ਼ਰਮਾ ਤੇ ਸਾਥੀਆਂ ''ਤੇ ਠੱਗੀ ਦਾ ਕੇਸ ਦਰਜ

02/21/2019 11:03:49 AM

ਜਲੰਧਰ (ਜ.ਬ.)—ਲੋਕਾਂ ਦੀਆਂ ਪ੍ਰਾਪਰਟੀਆਂ 'ਤੇ ਕਬਜ਼ੇ ਕਰਨ ਵਾਲੇ ਸ਼ਸ਼ੀ ਸ਼ਰਮਾ ਤੇ ਉਸ  ਦੇ ਗੈਂਗ ਦੇ ਮੈਂਬਰਾਂ 'ਤੇ ਐੱਨ. ਆਰ. ਆਈ. ਥਾਣੇ ਵਿਚ ਠੱਗੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਕੇਸ  ਵਿਚ ਸ਼ੂਜ਼ ਕੰਪਨੀ ਕਰੋਮਾ ਦੇ ਡਾਇਰੈਕਟਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸ਼ਸ਼ੀ ਸ਼ਰਮਾ ਤੇ ਉਸ ਦੇ ਸਾਥੀਆਂ ਨੇ ਐੱਨ. ਆਰ. ਆਈ. ਅਮਨਦੀਪ ਸਿੰਘ ਬੈਂਸ ਦੀ ਲਾਜਪਤ ਨਗਰ ਸਥਿਤ ਦੁਕਾਨ 'ਤੇ  ਕਬਜ਼ਾ ਕਰ ਲਿਆ ਸੀ ਅਤੇ ਬਾਅਦ ਵਿਚ ਦੁਕਾਨ ਹਥਿਆਉਣ ਲਈ ਮਾਣਯੋਗ ਕੋਰਟ ਵਿਚ ਹੀ ਜਾਅਲੀ  ਦਸਤਾਵੇਜ਼ ਪੇਸ਼ ਕਰ ਕੇ ਕੋਰਟ ਨੂੰ ਗੁੰਮਰਾਹ ਕੀਤਾ।

ਮੀਡੀਆ ਨੂੰ ਵੀ ਮੈਨੇਜ ਕਰ ਕੇ ਰੱਖਣ  ਵਾਲੇ ਸ਼ਸ਼ੀ ਸ਼ਰਮਾ ਦੇ ਕਾਲੇ ਕਾਰਨਾਮਿਆਂ ਦੀ ਪੋਲ 'ਜਗ ਬਾਣੀ' ਨੇ ਬਿਨਾਂ ਕਿਸੇ ਦਬਾਅ ਦੇ  ਪਹਿਲਾਂ ਹੀ ਖੋਲ੍ਹ ਦਿੱਤੀ ਸੀ। ਸ਼ਸ਼ੀ ਤੇ ਉਸ ਦੇ ਗੈਂਗ ਦੇ ਠੱਗੀ ਦੇ ਸਟਾਈਲ ਨੂੰ ਬੇਨਕਾਬ  ਕੀਤਾ  ਗਿਆ ਸੀ ਅਤੇ ਇਸ ਕੇਸ ਵਿਚ ਵੀ ਸ਼ਸ਼ੀ ਸ਼ਰਮਾ ਨੇ ਉਸ ਢੰਗ ਨਾਲ ਐੱਨ. ਆਰ. ਆਈ. ਦੀ  ਦੁਕਾਨ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਤਰੀਕੇ ਬਾਰੇ 'ਜਗ ਬਾਣੀ' ਖੁਲਾਸਾ ਕਰ ਚੁੱਕੀ  ਹੈ। ਦਰਅਸਲ ਇੰਗਲੈਂਡ ਦੇ ਐੱਨ. ਆਰ. ਆਈ. ਅਮਨਦੀਪ ਸਿੰਘ ਬੈਂਸ ਨੇ ਕਾਫੀ ਸਾਲ ਪਹਿਲਾਂ  ਲਾਜਪਤ ਨਗਰ ਸਥਿਤ ਆਪਣੀ ਦੁਕਾਨ  ਸ਼ੂਜ਼ ਕੰਪਨੀ ਕਰੋਨਾ ਨੂੰ ਕਿਰਾਏ 'ਤੇ ਦਿੱਤੀ ਸੀ।  ਕਿਰਾਇਆ ਨਾ ਦੇਣ ਕਾਰਨ ਕਰੋਨਾ ਕੰਪਨੀ ਖਿਲਾਫ ਕੋਰਟ  ਵਿਚ ਕੇਸ ਕੀਤਾ ਗਿਆ ਸੀ। 7 ਸਾਲ ਪਹਿਲਾਂ ਹੀ ਕਰੋਨਾ ਕੰਪਨੀ ਕੇਸ ਹਾਰਨ ਲੱਗੀ ਤਾਂ ਕੰਪਨੀ ਦਾ ਹੱਥ ਸ਼ਸ਼ੀ ਸ਼ਰਮਾ ਨੇ ਫੜ ਲਿਆ। 

ਸ਼ਸ਼ੀ ਸ਼ਰਮਾ ਨੇ ਆਪਣੇ ਗੈਂਗ ਨੂੰ ਵਿਚ ਪਾ ਕੇ  ਕਿਰਾਏਦਾਰ ਬਣਾਇਆ ਅਤੇ ਮਾਲਕ ਵੀ ਕਿਸੇ ਹੋਰ ਨੂੰ ਦੱਸ ਕੇ ਜਾਅਲੀ ਦਸਤਾਵੇਜ਼ ਕੋਰਟ  ਵਿਚ  ਪੇਸ਼ ਕਰ ਦਿੱਤੇ। 7 ਸਾਲਾਂ ਤੋਂ ਐੱਨ. ਆਰ. ਆਈ. ਬੈਂਸ ਕਰੋਨਾ ਹੀ ਨਹੀਂ ਸਗੋਂ ਸ਼ਸ਼ੀ ਸ਼ਰਮਾ ਤੇ  ਉਸ ਦੇ ਗੈਂਗ ਦੇ ਨਾਲ ਵੀ ਕੋਰਟ ਕੇਸ ਲੜ ਰਹੇ ਸਨ ਪਰ ਇਸ ਦੌਰਾਨ ਖੁਲਾਸਾ ਹੋਇਆ ਕਿ ਸ਼ਸ਼ੀ  ਸ਼ਰਮਾ ਤੇ ਉਸ ਦੇ ਗੈਂਗ ਨੇ ਜਾਅਲੀ ਦਸਤਾਵੇਜ਼ ਕੋਰਟ ਵਿਚ ਦਿੱਤੇ ਹਨ, ਜਿਸ ਤੋਂ ਬਾਅਦ ਐੱਨ.  ਆਰ. ਆਈ. ਥਾਣੇ ਵਿਚ ਸ਼ਸ਼ੀ  ਸ਼ਰਮਾ ਕੇਅਰ ਆਫ 770 ਮੋਤਾ ਸਿੰਘ ਨਗਰ, ਸਤਿੰਦਰ ਪਾਲ ਸਿੰਘ ਪੁੱਤਰ  ਤਰਲੋਚਨ ਸਿੰਘ ਵਾਸੀ ਐੱਮ. ਆਈ. ਜੀ. ਹਾਊਸਿੰਗ ਬੋਰਡ ਕਾਲੋਨੀ, ਵਿਜੇ ਉਰਫ ਧਰਮਾ ਪੁੱਤਰ  ਕਰਮ ਚੰਦ ਵਾਸੀ ਦਿਓਲ ਨਗਰ, ਵਿਸ਼ਾਲ ਚਾਵਲਾ ਪੁੱਤਰ ਹਰੀ ਓਮ ਚਾਵਲਾ ਵਾਸੀ ਮਾਡਲ ਹਾਊਸ  ਕਰੋਨਾ ਕੰਪਨੀ ਦੇ ਅਧਿਕਾਰੀ ਅਨਿਲ ਕੁਮਾਰ ਖਿਲਾਫ ਐੱਫ਼ ਆਈ. ਆਰ. ਨੰਬਰ 5 ਥਾਣਾ ਐੱਨ. ਆਰ.  ਆਈ. ਵਿਚ ਧਾਰਾ 420, 120 ਬੀ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

1999 ਤੋਂ ਚੱਲ ਰਿਹਾ ਹੈ ਕੇਸ
ਲਾਜਪਤ ਨਗਰ ਸਥਿਤ ਇਸ ਦੁਕਾਨ ਦਾ 1999 ਤੋਂ ਕੋਰਟ ਵਿਚ ਕੇਸ ਚੱਲ ਰਿਹਾ ਹੈ। ਐੱਨ. ਆਰ. ਆਈ.  ਅਮਨਦੀਪ ਸਿੰਘ ਬੈਂਸ ਦੀ ਮਾਤਾ ਤੇਜ ਕੌਰ ਬੈਂਸ ਨੇ 1992 ਨੂੰ ਕਰੋਨਾ ਕੰਪਨੀ ਨਾਲ  ਕਿਰਾਇਆਨਾਮਾ ਕੀਤਾ ਸੀ। 1994 ਨੂੰ ਕਿਰਾਇਆ ਨਾ ਮਿਲਣ 'ਤੇ ਐੱਨ. ਆਰ. ਆਈ. ਤੇਜ ਕੌਰ ਬੈਂਸ  ਨੇ ਕੋਰਟ ਕੇਸ ਕਰ ਦਿੱਤਾ। 2003 ਵਿਚ ਮਾਣਯੋਗ ਕੋਰਟ ਨੇ ਫੈਸਲਾ ਤੇਜ ਕੌਰ ਬੈਂਸ ਦੇ ਹੱਕ  ਵਿਚ ਸੁਣਾਇਆ। 2009 ਵਿਚ ਤੇਜ ਕੌਰ ਬੈਂਸ ਦੀ ਇੰਗਲੈਂਡ ਵਿਚ ਮੌਤ ਹੋ ਗਈ  ਅਤੇ ਪ੍ਰਾਪਰਟੀ  ਦਾ ਵਾਰਿਸ ਉਸ ਦਾ ਬੇਟਾ ਅਮਨਦੀਪ ਸਿੰਘ ਬੈਂਸ ਬਣ ਗਿਆ। 

ਕਿਰਾਇਆ ਲੈਣ ਕਰੋਨਾ ਕੰਪਨੀ ਖਿਲਾਫ ਰਿੱਟ ਦਾਇਰ ਕੀਤੀ ਤਾਂ ਕੋਰਟ ਨੇ 31.1.2015 ਤਕ ਦਾ ਕਿਰਾਇਆ ਦੋ ਹਫਤਿਆਂ ਅੰਦਰ ਜਮ੍ਹਾ ਕਰਵਾਉਣ ਨੂੰ ਕਿਹਾ ਪਰ ਕੰਪਨੀ ਨੇ ਪੈਸਾ ਜਮ੍ਹਾ ਨਹੀਂ ਕਰਵਾਇਆ। ਕਾਰੋਨਾ ਨੇ ਐਗਜ਼ੀਯੂਸ਼ਨ ਦੇ ਚਲਦੇ ਦੁਕਾਨ ਵਿਚ ਪਾਰਟੀਸ਼ਨ ਕਰ ਲਈ  ਗਈ। ਅਦਾਲਤ ਨੇ 17.12.2015 ਨੂੰ ਕਬਜ਼ਾ ਦਿਵਾਉਣ ਦੇ ਨਿਰਦੇਸ਼ ਦਿੱਤੇ ਪਰ 31.03.2016 ਨੂੰ ਮਨਜੀਤ ਵਾਲੀਆ ਨੇ ਕੋਰਟ ਵਿਚ ਰਿੱਟ ਦਾਇਰ ਕਰ ਦਿੱਤੀ ਕਿ ਉਹ ਐੱਨ. ਆਰ. ਆਈ. ਦੀ ਉਸ ਦੁਕਾਨ ਦਾ ਕਿਰਾਏਦਾਰ ਹੈ। ਉਹ ਰਿੱਟ 7.4.2017 ਨੂੰ ਖਾਰਜ ਕਰ ਦਿੱਤੀ ਗਈ। ਫਿਰ ਮਨਜੀਤ ਸਿੰਘ ਵਾਲੀਆ ਨੇ ਜ਼ਿਲਾ ਜੱਜ ਕੋਲ 4.5.2017 ਨੂੰ ਕੀਤੀ ਗਈ ਅਪੀਲ 2.11.2018 ਨੂੰ ਵਾਪਸ ਲੈ ਲਿਆ। ਦੂਜੇ ਪਾਸੇ 13.4.2018 ਨੂੰ ਰਾਕੇਸ਼ ਕੁਮਾਰ ਵਾਸੀ ਬਸਤੀ ਸ਼ੇਖ ਨੇ ਇਸ ਦੁਕਾਨ ਲਈ ਸਟੇਅ ਦਾ ਮੁਕੱਦਮਾ ਅਦਾਲਤ ਵਿਚ ਦਾਇਰ ਕਰ ਦਿੱਤਾ ਅਤੇ ਖੁਦ ਨੂੰ ਕਿਰਾਏਦਾਰ ਜਦ ਕਿ ਸਤਿੰਦਰਪਾਲ ਸਿੰਘ ਨੂੰ ਮਾਲਕ ਦੱਸਿਆ। ਰਾਕੇਸ਼ ਨੇ ਰੈਂਟ ਐਗਰੀਮੈਂਟ (ਮਿਤੀ 11.4.2014) ਤੇ ਕੁਝ ਰੈਂਟ ਰਸੀਦਾਂ ਸਾਲ 2014 ਤੋਂ ਲੈ ਕੇ 2018 ਤਕ ਪੇਸ਼ ਕੀਤੀਆਂ ਜੋ ਸਤਿੰਦਰ ਵਲੋਂ ਜਾਰੀ ਕੀਤੀਆਂ ਗਈਆਂ ਸਨ। ਜਾਂਚ ਵਿਚ ਪਤਾ ਲੱਗਾ ਕਿ ਜਿਸ ਸਮੇਂ ਰੈਂਟ ਐਗਰੀਮੈਂਟ ਤਿਆਰ ਕੀਤਾ ਗਿਆ ਤਦ ਰਾਕੇਸ਼ ਜੇਲ ਵਿਚ ਸੀ। ਰਾਕੇਸ਼ ਵਲੋਂ ਦਿੱਤੇ ਗਏ ਦਸਤਾਵੇਜ਼ ਨਕਲੀ ਨਿਕਲੇ। ਇਸ ਸਾਰੀ ਪਲਾਨਿੰਗ ਦੇ ਪਿੱਛੇ ਸ਼ਸ਼ੀ ਸ਼ਰਮਾ ਦਾ ਹੱਥ ਸੀ। ਪੁਲਸ ਨੇ ਸ਼ਸ਼ੀ ਸਮੇਤ ਉਸ ਦੇ ਸਾਥੀ ਸਤਿੰਦਰਪਾਲ ਸਿੰਘ, ਵਿਜੇ ਸ਼ਰਮਾ, ਵਿਸ਼ਾਲ ਚਾਵਲਾ, ਕਰੋਨਾ ਦੇ ਡਾਇਰੈਕਟਰ ਅਨਿਲ ਕੁਮਾਰ ਨੂੰ ਨਾਮਜ਼ਦ ਕਰ ਲਿਆ।

ਜਾਂਚ ਲਈ ਬੁਲਾਇਆ ਪਰ ਹਾਜ਼ਰ ਨਹੀਂ ਹੋਇਆ ਸ਼ਸ਼ੀ ਸ਼ਰਮਾ
ਐੱਨ. ਆਰ. ਆਈ. ਵਿੰਗ ਦੇ ਅਧਿਕਾਰੀਆਂ ਨੇ ਸ਼ਸ਼ੀ ਸ਼ਰਮਾ ਸਮੇਤ ਸਾਰੇ ਲੋਕਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਅਤੇ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਸੀ ਪਰ ਇਨ੍ਹਾਂ ਵਿਚੋਂ ਕੋਈ ਵੀ ਪੁਲਸ ਜਾਂਚ ਵਿਚ ਸ਼ਾਮਲ ਹੋਣ ਨਹੀਂ ਆਇਆ। ਸ਼ਸ਼ੀ ਸ਼ਰਮਾ ਨੇ ਇਸੇ ਤਰ੍ਹਾਂ ਕਈ ਲੋਕਾਂ ਦੀ ਪ੍ਰਾਪਰਟੀ ਹੜੱਪੀ ਹੋਈ ਹੈ ਅਤੇ ਉਹ ਕੇਸ ਵੀ ਅਜੇ ਅਦਾਲਤ ਵਿਚ ਹੈ।

ਪੁਲਸ ਅਧਿਕਾਰੀਆਂ ਦੀ ਸਰਪ੍ਰਸਤੀ ਵਿਚ ਬਚਦਾ ਆਇਆ 
ਸ਼ਸ਼ੀ ਖਿਲਾਫ ਇਹ ਪਹਿਲਾ ਕੇਸ ਨਹੀਂ ਹੈ। ਉਸ ਦੇ ਖਿਲਾਫ ਕਈ ਅਪਰਾਧਿਕ ਕੇਸ ਵੀ ਦਰਜ ਹਨ ਪਰ ਅਕਸਰ ਉਹ ਅਧਿਕਾਰੀਆਂ ਦਾ ਚਹੇਤਾ ਹੋਣ ਕਾਰਨ ਬਚਦਾ ਆਇਆ ਹੈ। ਜਿਨ੍ਹਾਂ-ਜਿਨ੍ਹਾਂ ਅਧਿਕਾਰੀਆਂ ਨੇ ਉਸ 'ਤੇ ਸ਼ਿਕੰਜਾ ਕੱਸਿਆ ਉਨ੍ਹਾਂ ਅਧਿਕਾਰੀਆਂ ਖਿਲਾਫ ਸ਼ਸ਼ੀ ਸ਼ਰਮਾ ਨੇ ਕੋਈ ਨਾ ਕੋਈ ਦੋਸ਼ ਲਗਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਡਰ ਨਾਲ ਅਧਿਕਾਰੀ ਚੁੱਪ ਹੋ ਕੇ ਬੈਠ ਜਾਂਦੇ ਸੀ। ਕਈ ਉਚ ਅਧਿਕਾਰੀ ਸ਼ਸ਼ੀ ਸ਼ਰਮਾ ਦੇ ਕਰੀਬੀ ਹਨ। 
ਹਾਲ ਹੀ ਵਿਚ ਸ਼ਸ਼ੀ ਸ਼ਰਮਾ ਨੂੰ ਦਲਬੀਰ ਸਿੰਘ ਤੇ ਉਸ ਦੇ ਸਾਥੀਆਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ। ਕਾਰਨ ਇਹ ਸੀ ਕਿ ਸ਼ਸ਼ੀ ਸ਼ਰਮਾ ਦਲਬੀਰ ਨੂੰ ਡਰਾ-ਧਮਕਾ ਰਿਹਾ ਸੀ। ਦਲਬੀਰ ਨੇ ਦੋਸ਼ ਲਗਾਏ ਸੀ ਕਿ ਸ਼ਸ਼ੀ ਸ਼ਰਮਾ ਆਪਣੇ ਭਰਾ ਸ਼ਿਬਾ ਦੇ ਸਾਬਕਾ ਪਾਰਟਨਰ ਨੂੰ ਉਸ ਨਾਲ ਸੱਟੇ ਦਾ ਕੰਮ ਕਰਨ ਤੋਂ ਰੋਕਦਾ ਸੀ ਅਤੇ ਸ਼ਿਬਾ ਨਾਲ ਹੀ ਪਾਰਟਨਰਸ਼ਿਪ ਕਰਨ ਦਾ ਦਬਾਅ ਬਣਾ ਰਿਹਾ ਸੀ।


Shyna

Content Editor

Related News