ਐਕਸਾਈਜ਼-ਮਾਰਕਫੈੱਡ ਗੱਠਜੋੜ, ਮਹਾਨਗਰ ’ਚ ਤੁਰੰਤ ਪ੍ਰਭਾਵ ਨਾਲ ਖੁੱਲ੍ਹਣਗੇ 24 ਸਰਕਾਰੀ ਠੇਕੇ

07/04/2022 3:49:52 PM

ਜਲੰਧਰ (ਪੁਨੀਤ)–ਨਵੀਂ ਐਕਸਾਈਜ਼ ਪਾਲਿਸੀ ਤਹਿਤ ਜਲੰਧਰ ਜ਼ੋਨ ਦੇ ਸਰਕਾਰੀ ਠੇਕੇ ਖੋਲ੍ਹਣ ਲਈ ਵਿਭਾਗ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਖਪਤਕਾਰਾਂ ਨੂੰ ਉਨ੍ਹਾਂ ਦੇ ਨਜ਼ਦੀਕ ਆਸਾਨੀ ਨਾਲ ਸ਼ਰਾਬ ਮੁਹੱਈਆ ਹੋ ਸਕੇ। ਇਸ ਦੇ ਲਈ ਸ਼ੁਰੂਆਤੀ ਦੌਰ ’ਚ 24 ਸਰਕਾਰੀ ਠੇਕੇ ਤੁਰੰਤ ਪ੍ਰਭਾਵ ਨਾਲ ਖੋਲ੍ਹੇ ਜਾਣਗੇ, ਜਿਸ ਨੂੰ ਲੈ ਕੇ ਦੁਕਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲੰਧਰ ਜ਼ੋਨ ’ਚ ਸ਼ਰਾਬ ਦੇ 68 ਗਰੁੱਪ ਬਣਾਏ ਗਏ ਹਨ, ਜਿਨ੍ਹਾਂ ’ਚੋਂ 20 ਗਰੁੱਪਾਂ ਦਾ ਟੈਂਡਰ ਅਜੇ ਤਕ ਨਹੀਂ ਹੋ ਸਕਿਆ, ਜਿਸ ਕਾਰਨ ਐਕਸਾਈਜ਼ ਵਿਭਾਗ ਨੇ ਸਰਕਾਰੀ ਠੇਕੇ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਲੜੀ ’ਚ ਐਕਸਾਈਜ਼ ਵਿਭਾਗ ਮਾਰਕਫੈੱਡ ਨਾਲ ਗੱਠਜੋੜ ਕਰ ਕੇ ਠੇਕੇ ਚਲਾਵੇਗਾ। ਵਿਭਾਗ ਨੇ ਠੇਕੇਦਾਰਾਂ ਨੂੰ ਟੈਂਡਰ ਭਰਨ ਦਾ ਇਕ ਆਖਰੀ ਮੌਕਾ ਦਿੰਦੇ ਹੋਏ 4 ਜੁਲਾਈ ਸ਼ਾਮ 5 ਵਜੇ ਤੱਕ ਟੈਂਡਰ ਭਰਨ ਦੀ ਛੋਟ ਦਿੱਤੀ ਹੈ। ਸ਼ਾਮ 6 ਵਜੇ ਟੈਂਡਰਾਂ ਦੀ ਟੈਕਨੀਕਲ ਬਿਡ ਖੋਲ੍ਹੀ ਜਾਵੇਗੀ। ਜਿਹੜੇ ਗਰੁੱਪ ਬਚ ਜਾਣਗੇ, ਉਥੇ ਤੁਰੰਤ ਪ੍ਰਭਾਵ ਨਾਲ ਸਰਕਾਰੀ ਠੇਕੇ ਖੋਲ੍ਹ ਦਿੱਤੇ ਜਾਣਗੇ। ਵਿਭਾਗ ਵੱਲੋਂ ਇਸ ਵਾਰ ਟੈਂਡਰ ਜ਼ਰੀਏ ਠੇਕੇ ਅਲਾਟ ਕੀਤੇ ਜਾ ਰਹੇ ਹਨ। ਇਸ ਦੇ ਲਈ ਬਿਨੈਕਾਰ ਨੂੰ ਆਬਕਾਰੀ ਵਿਭਾਗ ਦੀ ਵੈੱਬਸਾਈਟ ’ਤੇ ਆਪਣਾ ਟੈਂਡਰ ਭਰਨਾ ਪੈ ਰਿਹਾ ਹੈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਵੈੱਬਸਾਈਟ ਬੰਦ ਰਹੀ, ਜਿਸ ਕਾਰਨ ਚਾਹਵਾਨ ਆਪਣੇ ਟੈਂਡਰ ਨਹੀਂ ਭਰ ਸਕੇ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ’ਚ ਅਜਨਾਲਾ ਦੇ ਨੌਜਵਾਨ ਦੀ ਮੌਤ

ਜਲੰਧਰ ਜ਼ੋਨ ਅਧੀਨ ਆਉਂਦੇ ਜਲੰਧਰ ਜ਼ਿਲ੍ਹੇ ’ਚ 20 ਗਰੁੱਪ ਬਣਾਏ ਗਏ ਸਨ, ਜਿਨ੍ਹਾਂ ’ਚੋਂ 12 ਗਰੁੱਪਾਂ ਦੇ ਟੈਂਡਰ ਸਫਲ ਹੋ ਚੁੱਕੇ ਹਨ ਅਤੇ 8 ਗਰੁੱਪ ਬਾਕੀ ਬਚੇ ਹਨ। ਇਨ੍ਹਾਂ ਬਚੇ ਗਰੁੱਪਾਂ ’ਚ ਸ਼ਹਿਰ ਦਾ ਵੱਡਾ ਇਲਾਕਾ ਆਉਂਦਾ ਹੈ, ਜਿਸ ’ਚ ਮਾਡਲ ਟਾਊਨ, ਰਾਮਾ ਮੰਡੀ, ਬੱਸ ਅੱਡਾ, ਮਕਸੂਦਾਂ, ਲੈਦਰ ਕੰਪਲੈਕਸ, ਫੋਕਲ ਪੁਆਇੰਟ ਅਤੇ ਆਲੇ-ਦੁਆਲੇ ਦੇ ਗਰੁੱਪਾਂ ਦਾ ਟੈਂਡਰ ਹੋਣਾ ਬਾਕੀ ਹੈ। ਵਿਭਾਗ ਵੱਲੋਂ ਖਪਤਕਾਰਾਂ ਨੂੰ ਸ਼ਰਾਬ ਮੁਹੱਈਆ ਕਰਵਾਉਣ ਲਈ ਇਨ੍ਹਾਂ ਇਲਾਕਿਆਂ ’ਚ ਸਰਕਾਰੀ ਠੇਕੇ ਖੋਲ੍ਹਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਮਹਾਨਗਰ ਦੇ 8 ਗਰੁੱਪਾਂ ’ਚ ਸ਼ੁਰੂਆਤ ’ਚ 24 ਠੇਕੇ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਇਸ ਤਹਿਤ ਹਰੇਕ ਗਰੁੱਪ ’ਚ 3-3 ਠੇਕੇ ਤੁਰੰਤ ਪ੍ਰਭਾਵ ਨਾਲ ਖੁੱਲ੍ਹਣਗੇ। ਇਸ ਦੇ ਲਈ ਅੱਜ ਛੁੱਟੀ ਵਾਲੇ ਦਿਨ ਵੀ ਵਿਭਾਗੀ ਅਧਿਕਾਰੀ ਪੁਰਾਣੇ ਠੇਕਿਆਂ ਵਾਲੀਆਂ ਦੁਕਾਨਾਂ ਅਤੇ ਆਲੇ-ਦੁਆਲੇ ਦੀਆਂ ਦੁਕਾਨਾਂ ਦਾ ਮੁਆਇਨਾ ਕਰਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਇਨ੍ਹਾਂ ’ਚੋਂ ਕਈ ਦੁਕਾਨਾਂ ਦੇ ਮਾਲਕਾਂ ਨਾਲ ਰਾਬਤਾ ਕਾਇਮ ਕੀਤਾ ਹੈ ਤਾਂ ਜੋ ਟੈਂਡਰ ਨਾ ਆਉਣ ਦੀ ਸੂਰਤ ’ਚ ਤੁਰੰਤ ਪ੍ਰਭਾਵ ਨਾਲ ਰੈਂਟ ਐਗਰੀਮੈਂਟ ਕਰ ਕੇ ਦੁਕਾਨਾਂ ਨੂੰ ਸਰਕਾਰੀ ਠੇਕਿਆਂ ’ਚ ਤਬਦੀਲ ਕੀਤਾ ਜਾ ਸਕੇ ਅਤੇ ਖਪਤਕਾਰਾਂ ਨੂੰ ਸ਼ਰਾਬ ਮੁਹੱਈਆ ਹੋ ਸਕੇ। ਇਨ੍ਹਾਂ 8 ਗਰੁੱਪਾਂ ’ਚ ਕੁੱਲ 167 ਠੇਕੇ ਖੋਲ੍ਹਣ ਦੀ ਵਿਵਸਥਾ ਹੈ। ਆਉਣ ਵਾਲੇ ਦਿਨਾਂ ’ਚ 24 ਠੇਕੇ ਖੁੱਲ੍ਹਣ ਤੋਂ ਬਾਅਦ ਠੇਕਿਆਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ। ਸ਼ੁਰੂਆਤੀ ਦੌਰ ’ਚ ਹਰੇਕ ਇਲਾਕੇ ਦੇ ਮੁੱਖ ਚੌਕਾਂ ਅਤੇ ਅਜਿਹੀਆਂ ਥਾਵਾਂ ’ਤੇ ਸਰਕਾਰੀ ਠੇਕੇ ਖੋਲ੍ਹੇ ਜਾਣਗੇ, ਜਿਥੇ ਸਬੰਧਤ ਗਰੁੱਪਾਂ ਦੇ ਵੱਡੇ ਇਲਾਕਿਆਂ ਨੂੰ ਕਵਰ ਕੀਤਾ ਜਾ ਸਕੇ।

ਸ਼ਨੀਵਾਰ ਨੂੰ 4 ਗਰੁੱਪਾਂ ਲਈ ਟੈਂਡਰ ਪ੍ਰਾਪਤ ਹੋਇਆ ਸੀ, ਜਿਸ ’ਚ ਗੋਰਾਇਆ, ਪਰਾਗਪੁਰ ਅਤੇ ਨਕੋਦਰ ਸਮੇਤ ਜ਼ੋਨ ’ਚ ਪੈਂਦੇ ਨਵਾਂਸ਼ਹਿਰ ਦੇ ਬੰਗਾ ਦਾ ਇਕ ਗਰੁੱਪ ਸ਼ਾਮਲ ਹੈ। ਇਸ ਤਹਿਤ ਜਲੰਧਰ ਜ਼ਿਲੇ ਦੇ 3 ਗਰੁੱਪਾਂ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਕਤ ਗਰੁੱਪਾਂ ਨੇ ਠੇਕੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ, ਇਨ੍ਹਾਂ ’ਚ ਸ਼ਹਿਰ ਦੇ 111 ਠੇਕੇ ਸ਼ਾਮਲ ਹਨ। ਇਸ ਨੂੰ ਮਿਲਾ ਕੇ ਮਹਾਨਗਰ ’ਚ ਅਜੇ ਤੱਕ ਕੁਲ 416 ਠੇਕੇ ਪ੍ਰਾਈਵੇਟ ਠੇਕੇਦਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਪੈਂਡਿੰਗ ਬਚੇ ਟੈਂਡਰਾਂ ’ਚ ਦਿਹਾਤੀ ਦਾ ਸਿਰਫ ਇਕ ਗਰੁੱਪ ਬਾਕੀ ਬਚਿਆ ਹੈ, ਜਿਹੜਾ ਕਿ ਆਦਮਪੁਰ ਗਰੁੱਪ ਨਾਂ ਨਾਲ ਬਣਾਇਆ ਗਿਆ ਹੈ। ਇਸ ਗਰੁੱਪ ’ਚ 57 ਠੇਕੇ ਖੋਲ੍ਹਣ ਦੀ ਵਿਵਸਥਾ ਹੈ।

ਸ਼ਰਾਬ ਦੀਆਂ ਕੀਮਤਾਂ ਅਤੇ ਠੇਕਿਆਂ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ
ਨਵੀਂ ਰੇਟ ਲਿਸਟ ਮੁਤਾਬਕ ਸ਼ਰਾਬ ਦੀਆਂ ਕੀਮਤਾਂ ’ਚ 30 ਤੋਂ 40 ਫੀਸਦੀ ਤੱਕ ਦੀ ਕਮੀ ਆਈ ਹੈ। 720 ਰੁਪਏ ’ਚ ਵਿਕਣ ਵਾਲੀ ਸ਼ਰਾਬ ਦੀ ਕੀਮਤ 500 ਰੁਪਏ ਰੱਖੀ ਗਈ ਹੈ, ਜਦਕਿ ਕਈ ਠੇਕੇ 600 ਰੁਪਏ ਵੀ ਮੰਗ ਰਹੇ ਹਨ। ਇਸ ਦੇ ਨਾਲ ਹੀ ਕਈ ਠੇਕਿਆਂ ’ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਠੇਕਾ ਲੈਣ ਵਾਲਿਆਂ ਵੱਲੋਂ ਰੇਟ ਲਿਸਟ ਨਾਲੋਂ ਵੱਧ ਭਾਅ ਮੰਗੇ ਜਾ ਰਹੇ ਹਨ। ਇਸ ਕਾਰਨ ਖਪਤਕਾਰ ਸਸਤੀ ਸ਼ਰਾਬ ਦੇ ਠੇਕਿਆਂ ਨੂੰ ਅਹਿਮੀਅਤ ਦੇ ਰਹੇ ਹਨ। ਉਥੇ ਹੀ ਸ਼ਰਾਬ ਦੇ ਠੇਕਿਅਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਵਾਂ ’ਤੇ ਆਰਜ਼ੀ ਤੌਰ ’ਤੇ ਠੇਕਾ ਨਜ਼ਰ ਆ ਰਿਹਾ ਹੈ। ਇਸੇ ਲੜੀ ’ਚ ਦੋਮੋਰੀਆ ਪੁਲ ਤੋਂ ਕਿਸ਼ਨਪੁਰਾ ਨੂੰ ਜਾਂਦੀ ਰੋਡ ’ਤੇ ਇਕ ਚਿਕਨ ਸ਼ਾਪ ਦੇ ਨੇੜੇ ਅਹਾਤੇ ਦੇ ਬਾਹਰ ਟੇਬਲ ਲਾ ਕੇ ਉਸ ’ਤੇ ਰੇਟ ਲਿਸਟ ਲਟਕਾਈ ਗਈ ਹੈ, ਜਦਕਿ ਉਕਤ ਅਹਾਤਾ ਕੰਪਲੈਕਸ ਦੇ ਨਾਲ ਠੇਕੇ ਵਾਲੀ ਦੁਕਾਨ ਬੰਦ ਪਈ ਹੈ। ਮਹਾਨਗਰ ’ਚ ਸ਼ਰਾਬ ਦੀ ਵਿਕਰੀ ਦੇ ਰੇਟ ਅਤੇ ਠੇਕੇ ਖੁੱਲ੍ਹਣ ਦਾ ਪ੍ਰੋਸੈੱਸ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਠੇਕਿਆਂ ਅਤੇ ਕੀਮਤਾਂ ’ਤੇ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ।

PunjabKesari

 ਕਈ ਦੁਕਾਨਾਂ ਦੀ ਚੋਣ ਕਰ ਲਈ ਗਈ ਹੈ : ਡਿਪਟੀ ਕਮਿਸ਼ਨਰ ਖਹਿਰਾ
ਜ਼ੋਨ ਦੇ ਡਿਪਟੀ ਕਮਿਸ਼ਨਰ ਰਾਜਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰੀ ਠੇਕੇ ਖੋਲ੍ਹਣ ਨੂੰ ਲੈ ਕੇ ਵਿਭਾਗ ਕਾਰਵਾਈ ਕਰ ਰਿਹਾ ਹੈ। ਜਲੰਧਰ ਅਧੀਨ ਕਈ ਦੁਕਾਨਾਂ ਚੁਣ ਲਈਅਾਂ ਗਈਅਾਂ ਹਨ, ਜਿਨ੍ਹਾਂ ਨੂੰ ਜਲਦ ਠੇਕਿਅਾਂ ’ਚ ਤਬਦੀਲ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਵਿਭਾਗ ਨੂੰ ਕੱਲ ਟੈਂਡਰ ਆਉਣ ਦੀ ਉਡੀਕ ਹੈ।


Manoj

Content Editor

Related News