ਸਮੱਗਲਰਾਂ ਨੇ ਬਦਲੀ ਥਾਂ: ਐਕਸਾਈਜ਼ ਮਹਿਕਮੇ ਨੇ ਨਵੀਆਂ ਥਾਵਾਂ ’ਤੇ ਛਾਪੇਮਾਰੀ ਕਰ ਦੇਸੀ ਸ਼ਰਾਬ ਕੀਤੀ ਬਰਾਮਦ
05/27/2023 1:05:31 PM

ਜਲੰਧਰ (ਪੁਨੀਤ)-ਐਕਸਾਈਜ਼ ਮਹਿਕਮੇ ਵੱਲੋਂ ਦੇਸੀ ਸ਼ਰਾਬ ਬਣਾਉਣ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਕਰ ਕੇ ਸਮੱਗਲਰਾਂ ਨੇ ਸ਼ਰਾਬ ਬਣਾਉਣ ਦੀ ਥਾਂ ਬਦਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕਾਰਵਾਈ ਤੋਂ ਬਚਿਆ ਜਾ ਸਕੇ। ਸ਼ਰਾਬ ਬਣਾਉਣ ਦੀ ਨਵੀਂ ਥਾਂ ਦੀ ਖ਼ੁਫ਼ੀਆ ਜਾਣਕਾਰੀ ਮਿਲਣ ’ਤੇ ਐਕਸਾਈਜ਼ ਮਹਿਕਮੇ ਦੀ ਟੀਮ ਨੇ ਇੰਸ. ਰਵਿੰਦਰ ਸਿੰਘ ਅਤੇ ਬਲਦੇਵ ਕ੍ਰਿਸ਼ਨ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਪੂਰੀ ਕਾਰਵਾਈ ਵਿਚ ਮਹਿਕਮੇ ਦੇ ਹੱਥ ਸਿਰਫ਼ 4 ਹਜ਼ਾਰ ਲਿਟਰ ਦੇਸੀ ਸ਼ਰਾਬ ਹੀ ਲੱਗ ਸਕੀ।
ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਨੌਜਵਾਨ ਦੀ ਕੀਤੀ ਕੁੱਟਮਾਰ
ਨਕੋਦਰ ਤੋਂ ਸ਼ਾਹਕੋਟ ਇਲਾਕੇ ਵਿਚ ਪੈਂਦੇ ਸਤਲੁਜ ਦਰਿਆ ਦੇ ਕੰਢੇ ਭੌਡੇ, ਬੁਰਜ, ਸੰਗੋਵਾਲ ਢੰਗਾਰਾ, ਮਾਓ ਸਾਹਿਬ, ਮੀਓਵਾਲ ਇਲਾਕੇ ਵਿਚ ਕੀਤੀ ਕਾਰਵਾਈ ਦੌਰਾਨ ਪਾਣੀ ਵਿਚ ਲੁਕੋਏ 8 ਵੱਡੇ ਬੈਗ ਬਰਾਮਦ ਹੋਏ। ਹਰ ਬੈਗ ਵਿਚ 500 ਲਿਟਰ ਦੇਸੀ ਸ਼ਰਾਬ ਦੱਸੀ ਗਈ। ਨਵੇਂ ਸਥਾਨਾਂ ਮੁਤਾਬਕ ਸਮੱਗਲਰਾਂ ਵੱਲੋਂ ਗੰਦੇ ਨਾਲੇ ਵਿਚ ਵੀ ਸ਼ਰਾਬ ਲੁਕੋਈ ਜਾ ਰਹੀ ਹੈ ਕਿਉਂਕਿ ਗੰਦੇ ਪਾਣੀ ਵੱਲ ਜਲਦੀ ਕਿਸੇ ਦਾ ਧਿਆਨ ਨਹੀਂ ਜਾਂਦਾ।
ਵਿਭਾਗੀ ਕਾਰਵਾਈ ਦੌਰਾਨ 4 ਹਜ਼ਾਰ ਲਿਟਰ ਸ਼ਰਾਬ, ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਲੋਹੇ ਦੇ ਡਰੰਮ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਸ਼ਰਾਬ ਨੂੰ ਨਸ਼ਟ ਕਰਵਾਉਣ ਤੋਂ ਬਾਅਦ ਵਿਭਾਗ ਵੱਲੋਂ ਸਾਮਾਨ ਨੂੰ ਜ਼ਬਤ ਕਰ ਲਿਆ ਗਿਆ। ਵਿਭਾਗ ਨੂੰ ਇਸ ਕਾਰਵਾਈ ਵਿਚ ਸਖ਼ਤ ਮੁਸ਼ੱਕਤ ਕਰਨੀ ਪਈ। ਵਿਭਾਗੀ ਅਧਿਕਾਰੀਆਂ ਨੇ ਸਮੱਗਲਰਾਂ ਵੱਲੋਂ ਚੁਣੀਆਂ ਗਈਆਂ ਦੂਜੀਆਂ ਥਾਵਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਸੂਹੀਆਂ ਨੂੰ ਸਰਗਰਮ ਕੀਤਾ ਗਿਆ ਹੈ। ਇਸ ਕੜੀ ਤਹਿਤ ਆਉਣ ਵਾਲੇ ਦਿਨਾਂ ਵਿਚ ਨਵੀਆਂ ਥਾਵਾਂ ’ਤੇ ਛਾਪੇਮਾਰੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ - ਗੈਂਗਸਟਰ ਅਰਸ਼ ਡੱਲਾ ਦੇ ਨਾਂ 'ਤੇ ਫਿਰੌਤੀ ਮੰਗਣ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼, ਖੁੱਲ੍ਹੇ ਇਹ ਭੇਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani