ਬਿਜਲੀ ਕੁਨੈਕਸ਼ਨ ਕੱਟਣ ਕਾਰਨ 3 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ

02/03/2020 3:08:14 PM

ਭੋਗਪੁਰ (ਸੂਰੀ)— ਬਲਾਕ ਭੋਗਪੁਰ ਦੇ ਪਿੰਡ ਟਾਂਡੀ 'ਚ ਪਿੰਡ ਵਾਸੀਆਂ ਨੂੰ ਪੀਣ ਯੋਗ ਪਾਣੀ ਸਪਲਾਈ ਲਈ ਲੱਗੀ ਵਾਟਰ ਸਪਲਾਈ ਟੈਂਕੀ ਦੀ ਬਿਜਲੀ ਮੋਟਰ ਦੇ ਬਿਜਲੀ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ। ਇਸੇ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਭੋਗਪੁਰ ਮੰਡਲ ਡਿਵੀਜ਼ਨ 2 ਵੱਲੋਂ ਤਿੰਨ ਦਿਨ ਪਹਿਲਾਂ ਅਚਾਨਕ ਇਸ ਮੋਟਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਸਪਲਾਈ ਨਾ ਮਿਲਣ ਕਾਰਨ ਪਿੰਡ ਦੇ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਬੀਤੇ ਦਿਨ ਪਿੰਡ ਟਾਂਡੀ ਵਿਚ ਗ੍ਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੀ ਮੀਟਿੰਗ ਪਿੰਡ ਦੇ ਸਰਪੰਚ ਅਤੇ ਕਮੇਟੀ ਦੇ ਚੇਅਰਮੈਨ ਚਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਪਾਸ ਕੀਤੇ ਗਏ ਮਤੇ ਰਾਹੀਂ ਕਮੇਟੀ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪੰਚਾਇਤੀ ਵਾਟਰ ਟੈਂਕੀ ਦਾ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਬਿਜਲੀ ਬਿੱਲ ਬਕਾਇਆ ਹੈ, ਜਿਸ ਵਿਚੋਂ ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਗਿਆਰਾਂ ਹਜ਼ਾਰ ਰੁਪਏ ਬਿਜਲੀ ਵਿਭਾਗ ਪਾਸ ਜਮ੍ਹਾ ਕਰਵਾ ਦਿੱਤੇ ਗਏ ਸਨ। ਬਿਜਲੀ ਵਿਭਾਗ ਨੇ ਬਿਨਾਂ ਕੋਈ ਅਗਾਊਂ ਸੂਚਨਾ ਦਿੱਤਿਆਂ ਤਿੰਨ ਦਿਨ ਪਹਿਲਾਂ ਅਚਾਨਕ ਸਿਆਸੀ ਦਬਾਅ ਹੇਠ ਪਿੰਡ ਦੀ ਟੈਂਕੀ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ।

ਕਮੇਟੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਵੱਲੋਂ ਸਬੰਧਤ ਐੱਸ. ਡੀ. ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਟੈਂਕੀ ਦਾ ਕੁਨੈਕਸ਼ਨ ਚਾਲੂ ਨਹੀਂ ਕੀਤਾ ਜਾਵੇਗਾ। ਕਮੇਟੀ ਅਤੇ ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਤੁਰੰਤ ਟੈਂਕੀ ਦੀ ਬਿਜਲੀ ਸਪਲਾਈ ਬਾਹਲ ਕਰ ਕੇ ਪਿੰਡ ਵਾਸੀਆਂ ਨੂੰ ਪਾਣੀ ਸਪਲਾਈ ਚਾਲੂ ਕੀਤੇ ਜਾਣ ਅਤੇ ਸਬੰਧਤ ਐੱਸ. ਡੀ. ਓ. ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਵਿਭਾਗ ਦੇ ਹੁਕਮਾਂ ਤਹਿਤ ਕੀਤੀ ਕਾਰਵਾਈ : ਐੱਸ. ਡੀ. ਓ.
ਇਸ ਮਾਮਲੇ ਸਬੰਧੀ ਜਦੋਂ ਐੱਸ. ਡੀ. ਓ. ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਹੇਠ ਚੱਲਦੀਆਂ ਟੈਂਕੀਆਂ ਦੇ ਬਿਜਲੀ ਬਿੱਲ ਪੰਚਾਇਤਾਂ ਵੱਲੋਂ ਹੀ ਅਦਾ ਕੀਤੇ ਜਾਣੇ ਹੁੰਦੇ ਹਨ। ਵਿਭਾਗ ਦੇ ਉੱਚ ਅਫਸਰਾਂ ਵੱਲੋਂ ਬਿਜਲੀ ਬਿੱਲਾਂ ਦੇ ਬਕਾਏ ਵਸੂਲਣ ਸਬੰਧੀ ਦਿੱਤੀਆਂ ਗਈਆਂ ਸਖਤ ਹਦਾਇਤਾਂ ਤੋਂ ਬਾਅਦ ਪੰਚਾਇਤਾਂ ਨੂੰ ਬਿੱਲਾਂ ਦੇ ਬਕਾਏ ਜਮ੍ਹਾ ਕਰਵਾਉਣ ਲਈ ਕਈ ਵਾਰ ਕਿਹਾ ਜਾ ਚੁੱਕਾ ਹੈ। ਉੱਚ ਅਫਸਰਾਂ ਦੇ ਹੁਕਮਾਂ ਅਨੁਸਾਰ ਬਿੱਲ ਜਮ੍ਹਾ ਨਾ ਕਰਵਾਉਣ ਵਾਲੀਆਂ ਪੰਚਾਇਤੀ ਵਾਟਰ ਸਪਲਾਈ ਮੋਟਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ।


shivani attri

Content Editor

Related News