72 ਘੰਟਿਆਂ ਦੀ ਪਾਬੰਦੀ ਤੋਂ ਬਾਅਦ ਫਿਰ ਦਹਾੜੇ ਸਿੱਧੂ

04/26/2019 10:55:00 PM

ਜਲੰਧਰ,(ਵੈਬ ਡੈਸਕ): ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਮੁੰਬਈ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਹਨ। ਚੋਣ ਪ੍ਰਚਾਰ 'ਤੇ ਲੱਗੀ 72 ਘੰਟਿਆਂ ਦੀ ਪਾਬੰਦੀ ਤੋਂ ਬਾਅਦ ਮੁੰਬਈ 'ਚ ਦਹਾੜਦੇ ਹੋਏ ਸਿੱਧੂ ਨੇ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫਿਰ ਨਿਸ਼ਾਨੇ ਸਾਧੇ। ਇਸ ਦੌਰਾਨ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰ ਸੰਜੇ ਦੱਤ ਵੀ ਮੌਜੂਦ ਸਨ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਨਰਿੰਦਰ ਮੋਦੀ ਵਲੋਂ 364 ਸੰਕਲਪ 2014 'ਚ ਕੀਤੇ ਗਏ ਸਨ, ਜਿਨ੍ਹਾਂ 'ਚੋਂ ਇਕ ਵੀ ਸਕੰਲਪ ਉਨ੍ਹਾਂ ਵਲੋਂ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੀ. ਐਸ. ਟੀ. ਤੇ ਨੋਟਬੰਦੀ ਕਾਰਨ ਆਮ ਲੋਕ, ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਰਜ਼ੇ 'ਚ ਡੁੱਬੇ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। 

ਸਿੱਧੂ ਨੇ ਕਿਹਾ ਕਿ 2014 'ਚ ਮੋਦੀ ਨੇ ਗੰਗਾ ਸਾਫ ਕਰਵਾ ਦੇਣ, 2 ਕਰੋੜ ਨੌਕਰੀਆਂ ਦੇਣ, ਲੋਕ ਪਾਲ ਬਣਾ ਦੇਣ, 15-15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਮੋਦੀ ਦੇ ਇਹ ਸਾਰੇ ਵਾਅਦੇ ਖੋਖਲੇ ਨਿਕਲੇ। ਉਨ੍ਹਾਂ ਕਿਹਾ ਕਿ ਮੋਦੀ ਜੀ ਖੁਦ ਨੂੰ ਦੇਸ਼ ਭਗਤ ਆਖਦੇ ਹਨ ਪਰ ਜਿਹੜਾ ਵਿਅਕਤੀ ਕਿਸਾਨ ਦੀ ਪੱਗੜੀ ਦਾ ਸਨਮਾਨ ਨਹੀਂ ਕਰਦਾ, ਔਰਤਾਂ ਦਾ ਸਨਮਾਨ ਨਹੀਂ ਕਰ ਸਕਦਾ ਉਹ ਦੇਸ਼ ਭਗਤ ਨਹੀਂ ਹੋ ਸਕਦਾ। ਇਸ ਮੌਕੇ ਅਦਾਕਾਰ ਸੰਜੇ ਦੱਤ ਨੇ ਕਿਹਾ ਕਿ ਮੈਂ ਆਪਣੇ ਭਾਈ (ਨਵਜੋਤ ਸਿੰਘ ਸਿੱਧੂ) ਲਈ ਇਥੇ ਆਇਆ ਹਾਂ। ਚੋਣ ਪ੍ਰਚਾਰ ਦੌਰਾਨ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਭਾਈ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰਾ ਭਾਈ ਜਿੱਤਣ ਤੋਂ ਬਾਅਦ ਤੁਹਾਡਾ ਹਰ ਕੰਮ ਜ਼ਲਦ ਹੀ ਪੂਰਾ ਕਰੇਗਾ।

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਨਵਜੋਤ ਸਿੰਘ ਸਿੱਧੂ ਦੇ ਚੋਣ ਪ੍ਰਚਾਰ 'ਤੇ 23 ਅਪ੍ਰੈਲ ਤੋਂ 72 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਇਹ ਪਾਬੰਦੀ ਸਿੱਧੂ ਦੇ ਬਿਹਾਰ 'ਚ ਦਿੱਤੇ ਵਿਵਾਦਿਤ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲਗਾਈ ਗਈ ਸੀ। ਜਿਸ 'ਚ ਸਿੱਧੂ ਨੇ ਬਿਹਾਰ ਦੇ ਕਟਿਹਾਰ ਜ਼ਿਲੇ 'ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਲੋਕ ਸਭਾ ਚੋਣਾਂ 'ਚ ਪੀ. ਐਮ. ਮੋਦੀ ਨੂੰ ਹਰਾਉਣਾ ਹੈ ਤਾਂ ਸਾਰੇ ਮੁਸਲਿਮ ਵੋਟਰਾਂ ਨੂੰ ਇਕਜੁਟ ਹੋ ਕੇ ਵੋਟ ਪਾਉਣੀ ਚਾਹੀਦੀ ਹੈ।


Related News