ਹਾਦਸੇ ’ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ

Wednesday, May 22, 2019 - 02:59 AM (IST)

ਹਾਦਸੇ ’ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਹਿਲਪੁਰ ਦੇ ਅਧੀਨ ਆਉਂਦੇ ਪਿੰਡ ਖੈਰਡ਼ ਅੱਛਰਵਾਲ ਦੇ ਰਹਿਣ ਵਾਲੇ ਬਜ਼ੁਰਗ ਸਾਬਕਾ ਫੌਜੀ ਕ੍ਰਿਪਾਲ ਸਿੰਘ ਸਡ਼ਕ ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਤੁਰੰਤ ਹੀ ਉਨ੍ਹਾਂ ਦੇ ਘਰ ਵਾਲਿਆਂ ਨੂੰ ਸੂਚਨਾ ਦੇ ਕੇ ਜ਼ਖਮੀ ਫੌਜੀ ਕ੍ਰਿਪਾਲ ਸਿੰਘ ਨੂੰ ਪਾਲਦੀ ਹਸਪਤਾਲ ’ਚ ਦਾਖਲ ਕਰਵਾ ਦਿੱਤਾ। ਪਾਲਦੀ ਹਸਪਤਾਲ ’ਚ ਕ੍ਰਿਪਾਲ ਸਿੰਘ ਦੀ ਹਾਲਤ ਨੂੰ ਵਿਗਡ਼ਦੀ ਦੇਖ ਡਾਕਟਰਾਂ ਨੇ ਉਨ੍ਹਾਂ ਨੂੰ ਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਅਮਰਜੈਂਸੀ ਵੈਨ 108 ਦੀ ਸਹਾਇਤਾ ਨਾਲ ਉਨ੍ਹਾਂ ਨੂੰ ਹੁਸ਼ਿਆਰਪੁਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਮਾਹਿਲਪੁਰ ਪੁਲਸ ਸਿਵਲ ਹਸਪਤਾਲ ਪਹੁੰਚ ਜਾਂਚ ’ਚ ਜੁੱਟ ਗਈ।

ਪਾਲਦੀ ਬੈਂਕ ਤੋਂ ਪੈਨਸ਼ਨ ਲੈਣ ਆਏ ਸੀ ਬਜ਼ੁਰਗ ਕ੍ਰਿਪਾਲ ਸਿੰਘ

ਸਿਵਲ ਹਸਪਤਾਲ ’ਚ ਮ੍ਰਿਤਕ ਕ੍ਰਿਪਾਲ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਸੈਨਾ ਤੋਂ ਰਿਟਾਇਰਡ ਹੋਣ ਦੇ ਬਾਅਦ ਕ੍ਰਿਪਾਲ ਸਿੰਘ ਪਿੰਡ ’ਚ ਹੀ ਰਹਿੰਦੇ ਸੀ। ਉਨ੍ਹਾਂ ਦੇ ਤਿੰਨੋਂ ਹੀ ਬੇਟੇ ਅਮਰੀਕਾ ’ਚ ਰਹਿੰਦੇ ਹਨ ਜਦਕਿ ਪਿੰਡ ’ਚ 2 ਨੂੰਹਾਂ ਵੀ ਹਨ। ਅੱਜ ਸਵੇਰੇ 10 ਵਜੇ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਪਾਲਦੀ ਪੰਜਾਬ ਨੈਸ਼ਨਲ ਬੈਂਕ ਤੋਂ ਪੈਸੈ ਕੱਢਵਾਉਣ ਆਏ ਸੀ। ਬੈਂਕ ਤੋਂ 14 ਹਜ਼ਾਰ ਰੁਪਏ ਕਢਵਾ ਜਦ ਐਕਟਿਵਾ ’ਤੇ ਸਵਾਰ ਹੋਏ ਤਾਂ ਇਕ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਕ੍ਰਿਪਾਲ ਸਿੰਘ ਗੰਭੀਰ ਜ਼ਖਮੀ ਹੋ ਗਏ।


author

Bharat Thapa

Content Editor

Related News