ਦੁਸਹਿਰਾ ਕਮੇਟੀਆਂ ਤੇ ਜ਼ਿਲਾ ਪ੍ਰਸ਼ਾਸਨ ''ਚ ਹੋਇਆ ਸਮਝੌਤਾ

Saturday, Sep 28, 2019 - 10:59 AM (IST)

ਦੁਸਹਿਰਾ ਕਮੇਟੀਆਂ ਤੇ ਜ਼ਿਲਾ ਪ੍ਰਸ਼ਾਸਨ ''ਚ ਹੋਇਆ ਸਮਝੌਤਾ

ਜਲੰਧਰ (ਖੁਰਾਣਾ)— ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਇਕ ਦੁਸਹਿਰਾ ਆਯੋਜਨ ਦੌਰਾਨ ਰੇਲਗੱਡੀ ਦੀ ਲਪੇਟ 'ਚ ਆ ਕੇ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਸੀ। ਉਸ ਘਟਨਾ ਤੋਂ ਸਬਕ ਲੈਂਦਿਆਂ ਪੰਜਾਬ ਸਰਕਾਰ ਨੇ ਅਜਿਹੇ ਧਾਰਮਿਕ ਆਯੋਜਨਾਂ ਲਈ ਸਖਤ ਗਾਈਡਲਾਈਨਜ਼ ਪਿਛਲੇ ਸਾਲ ਨਵੰਬਰ ਮਹੀਨੇ 'ਚ ਜਾਰੀ ਕੀਤੀਆਂ ਸਨ ਪਰ ਪ੍ਰਸ਼ਾਸਨ ਨੇ ਕਈ ਮਹੀਨੇ ਇਨ੍ਹਾਂ ਗਾਈਡਲਾਈਨਜ਼ ਨੂੰ ਦਬਾਈ ਰੱਖਿਆ। ਹੁਣ ਜਦੋਂ ਦੁਸਹਿਰਾ ਆਯੋਜਨ ਲਈ ਅਰਜ਼ੀਆਂ ਆਉਣ ਲੱਗੀਆਂ ਤਾਂ ਜ਼ਿਲਾ ਪ੍ਰਸ਼ਾਸਨ ਨੇ ਆਯੋਜਕਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਅਤੇ ਪ੍ਰਮਿਸ਼ਨ ਲਈ ਬੇੱਹਤ ਸਖਤ ਸ਼ਰਤਾਂ ਰੱਖ ਦਿੱਤੀਆਂ।

ਨਵੀਆਂ ਗਾਈਡਲਾਈਨਜ਼ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਅਤੇ ਸ਼ਹਿਰ ਦੀਆਂ ਵੱਖ-ਵੱਖ ਦੁਸਹਿਰਾ ਕਮੇਟੀਆਂ 'ਚ ਪਨਪੇ ਡੈੱਡਲਾਕ ਦੇ ਮੱਦੇਨਜ਼ਰ ਉਪਕਾਰ ਦੁਸਹਿਰਾ ਕਮੇਟੀ ਆਦਰਸ਼ ਨਗਰ ਦੇ ਚੀਫ ਆਰਗੇਨਾਈਜ਼ਰ ਐਡਵੋਕੇਟ ਬ੍ਰਿਜੇਸ਼ ਚੋਪੜਾ ਅਤੇ ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਤਰਸੇਮ ਕਪੂਰ ਨੇ ਸ਼ਹਿਰ ਦੀਆਂ ਸਾਰੀਆਂ ਦੁਸਹਿਰਾ ਕਮੇਟੀਆਂ ਦੀ ਇਕ ਮੀਟਿੰਗ ਆਦਰਸ਼ ਨਗਰ ਦੇ ਗੀਤਾ ਮੰਦਰ 'ਚ ਆਯੋਜਿਤ ਕੀਤੀ, ਜਿਸ 'ਚ 50 ਤੋਂ ਵੱਧ ਨੁਮਾਇੰਦੇ ਹਾਜ਼ਰ ਸਨ। ਪ੍ਰਸ਼ਾਸਨ ਨੂੰ ਕਿਉਂਕਿ ਦੁਸਹਿਰਾ ਕਮੇਟੀਆਂ ਦੀ ਸਾਂਝੀ ਮੀਟਿੰਗ ਅਤੇ ਉਨ੍ਹਾਂ 'ਚ ਪੈਦਾ ਹੋਏ ਰੋਸ ਬਾਰੇ ਪਹਿਲਾਂ ਹੀ ਸੂਚਨਾ ਮਿਲ ਗਈ ਸੀ ਇਸ ਲਈ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੇ ਹੋਮਵਰਕ ਕਰ ਲਿਆ। ਮੀਟਿੰਗ ਦੌਰਾਨ ਪ੍ਰਸ਼ਾਸਨ ਦੀ ਨੁਮਾਇੰਦਗੀ ਏ. ਸੀ. ਪੀ. ਸੈਂਟਰਲ ਨੇ ਕੀਤੀ, ਜਿਨ੍ਹਾਂ ਦੁਸਹਿਰਾ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ ਕਿ ਉਹ ਪੁਰਾਣੇ ਤਰੀਕੇ ਅਨੁਸਾਰ ਹੀ ਅਪਲਾਈ ਕਰਨ, ਉਨ੍ਹਾਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਮੀਟਿੰਗ ਦੌਰਾਨ ਤਰਸੇਮ ਕਪੂਰ ਅਤੇ ਬ੍ਰਿਜੇਸ਼ ਚੋਪੜਾ ਨੇ ਸਾਰੇ ਦੁਸਹਿਰਾ ਆਯੋਜਕਾਂ ਨੂੰ ਕਿਹਾ ਕਿ ਉਸ ਸਾਰੇ ਨਵੀਆਂ ਗਾਈਡਲਾਈਨਜ਼ ਦੇ ਮੁਤਾਬਕ ਪੁਲਸ ਕਮਿਸ਼ਨਰ ਆਫਿਸ 'ਚ ਆਪਣੀਆਂ ਅਰਜ਼ੀਆਂ ਨਾ ਦੇਣ, ਇਸ ਦੀ ਬਜਾਏ ਸਾਂਝ ਕੇਂਦਰ 'ਚ ਅਪਲਾਈ ਕਰਨ। ਜ਼ਿਕਰਯੋਗ ਹੈ ਕਿ ਨਵੀਆਂ ਗਾਈਡਲਾਈਨਜ਼ ਮੁਤਾਬਿਕ ਸੀ. ਪੀ. ਆਫਿਸ ਵਿਚ ਐਪਲੀਕੇਸ਼ਨ ਜਾਣ ਤੋਂ ਬਾਅਦ 9 ਹੋਰ ਸਰਕਾਰੀ ਵਿਭਾਗਾਂ ਨੇ ਉਸ 'ਤੇ ਐੱਨ. ਓ. ਸੀ. ਦੇਣੀ ਹੁੰਦੀ ਹੈ ਜੋ ਕਾਫੀ ਗੁੰਝਲਦਾਰ ਕੰਮ ਹੈ। ਸਾਂਝ ਕੇਂਦਰ ਵਿਚ ਪ੍ਰਮਿਸ਼ਨ ਅਪਲਾਈ ਹੋਣ ਤੋਂ ਬਾਅਦ ਇੰਨਾ ਝੰਜਟ ਨਹੀਂ ਹੈ।


author

shivani attri

Content Editor

Related News