ਕੁਦਰਤ ਦੀ ਮਾਰ, ਕਿਸਾਨ ਪਰੇਸ਼ਾਨ, ਮੀਂਹ ਨਾਲ ਮੰਡੀਆਂ ’ਚ ਝੋਨਾ ਖ਼ਰਾਬ, ਸਰਕਾਰੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ
Wednesday, Oct 12, 2022 - 06:29 PM (IST)
ਨਵਾਂਸ਼ਹਿਰ (ਮਨੋਰੰਜਨ)- ਬੀਤੀ ਦੇਰ ਰਾਤ ਪਏ ਤੇਜ਼ ਮੀਂਹ ਨੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਵਧਾ ਦਿੱਤੀਆਂ ਹਨ। ਜਿੱਥੇ ਇਕ ਪਾਸੇ ਮੰਡੀਆਂ ’ਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਝੋਨਾ ਭਿੱਜ ਗਿਆ ਹੈ, ਉਥੇ ਹੀ ਦੂਜੇ ਪਾਸੇ ਕਟਾਈ ਲਈ ਤਿਆਰ ਝੋਨੇ ਦੇ ਖੇਤਾਂ ’ਚ ਦੋ ਦੋ ਫੁੱਟ ਪਾਣੀ ਭਰ ਗਿਆ ਹੈ ਜਿਸ ਨੂੰ ਅਜੇ ਤਿੰਨ ਚਾਰ ਦਿਨ ਤੱਕ ਕੱਟਿਆ ਨਹੀਂ ਜਾ ਸਕਦਾ। ਨਵਾਂਸ਼ਹਿਰ ਦਾਣਾ ਮੰਡੀ ’ਚ ਤੇਜ਼ ਮੀਂਹ ਕਾਰਨ ਤਿਰਪਾਲਾਂ ਨਾਲ ਢੱਕਿਆ ਹੋਇਆ ਝੋਨਾ ਵੀ ਬੁਰਾ ਤਰ੍ਹਾਂ ਗਿੱਲਾ ਹੋ ਗਿਆ ਹੈ। ਦਾਣਾ ਮੰਡੀ ਨਵਾਂਸ਼ਹਿਰ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਦੇ ਦੁਪਹਿਰ ਤੱਕ ਪਾਣੀ ਖੜ੍ਹਾ ਰਿਹਾ। ਦੱਸਿਆ ਗਿਆ ਕਿ ਦਾਣਾ ਮੰਡੀ ਨਵਾਂਸ਼ਹਿਰ ਦੀ ਸੀਵਰੇਜ ਵਿਵਸਥਾ ਵੀ ਦਰੁਸਤ ਨਹੀਂ ਹੈ, ਜਿਸ ਕਾਰਨ ਪਾਣੀ ਕਈ ਘੰਟਿਆਂ ਤੱਕ ਖੜ੍ਹਾ ਰਹਿੰਦਾ ਹੈ। ਦਾਣਾ ਮੰਡੀ ’ਚ ਝੋਨਾ ਲੈ ਕੇ ਆਏ ਜ਼ਿਮੀਂਦਾਰਾ ਦਾ ਦੋਸ਼ ਸੀ ਕਿ ਮੰਡੀ ’ਚ ਤਿਰਪਾਲਾਂ ਦਾ ਵੀ ਘੱਟ ਪ੍ਰਬੰਧ ਹੈ, ਜਿਸ ਕਾਰਨ ਉਨ੍ਹਾਂ ਦਾ ਝੋਨਾ ਕਾਫ਼ੀ ਖ਼ਰਾਬ ਹੋਇਆ ਹੈ।
ਇਹ ਵੀ ਪੜ੍ਹੋ: ‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਢਿੰਢੋਰਾ ਪਿੱਟ ਰਹੇ ਹਨ ਕਿ ਜ਼ਿਲੇ ਦੀਆਂ ਮੰਡੀਆਂ ’ਚ ਸਾਰੇ ਪ੍ਰਬੰਧ ਮੁਕੰਮਲ ਹਨ। ਤੇਜ਼ ਮੀਂਹ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਪ੍ਰਸ਼ਾਸਨ ਨੂੰ ਮੰਡੀਆਂ ’ਚ ਪਾਣੀ ਦੀ ਨਿਕਾਸੀ ਅਤੇ ਹੋਰ ਪ੍ਰਬਧਾਂ ਨੂੰ ਦਰੁਸੱਤ ਕਰਨਾ ਚਾਹੀਦਾ ਤਾਂ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਕਿਸਾਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਜ਼ਿਲ੍ਹੇ ’ਚ ਝੋਨੇ ਦੀ ਫਸਲ ਨੂੰ ਇਕ ਨਵੀ ਤਰ੍ਹਾਂ ਦੀ ਬੀਮਾਰੀ ਨੇ ਲਪੇਟ ’ਚ ਲੈ ਲਿਆ ਜਿਸ ਨਾਲ ਝੋਨੇ ਦੇ ਬੂਟੇ ਛੋਟੇ-ਵੱਡੇ ਹੋ ਰਹੇ ਹਨ। ਝੋਨੇ ਦਾ ਝਾਡ਼ ਵੀ ਇਸ ਵਾਰ ਘੱਟ ਹੋਣ ਦੀ ਸ਼ੱਕਾ ਹੈ। ਇਸ ਬੀਮਾਰੀ ਬਾਰੇ ਖੇਤੀ ਮਾਹਿਰਾਂ ਨੂੰ ਵੀ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। ਓਧਰ ਦੂਸਰੇ ਪਾਸੇ ਮੀਂਹ ’ਤੇ ਤੇਜ਼ ਹਵਾ ਕਾਰਨ ਜਿੱਥੇ ਕਈ ਖੇਤਾਂ ’ਚ ਝੋਨਾ ਦੀ ਫ਼ਸਲ ਵਿਛ ਗਈ ਹੈ ਅਤੇ ਖੇਤਾਂ ’ਚ ਦੋ ਦੋ ਫੁੱਟ ਪਾਣੀ ਵੀ ਭਰ ਗਿਆ ਹੈ।
ਕੀ ਕਹਿੰਦੇ ਹਨ ਜ਼ਿਲ੍ਹਾ ਮੰਡੀ ਅਫ਼ਸਰ
ਇਸ ਸਬੰਧ ’ਚ ਜ਼ਿਲ੍ਹਾ ਮੰਡੀ ਅਫ਼ਸਰ ਰੁਪਿੰਦਰ ਮਿਨਹਾਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਮੰਡੀਆਂ ’ਚ ਪਾਣੀ ਕੱਢਣ ਲਈ ਪੰਪ ਸੈਟ ਲਗਾਏ ਜਾ ਰਹੇ ਹਨ। ਜਲਦ ਹੀ ਪਾਣੀ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝੋਨੇ ਨੂੰ ਢੱਕਣ ਲਈ ਤਿਰਪਾਲਾਂ ਦਾ ਕਾਫ਼ੀ ਪ੍ਰਬੰਧ ਹੈ ਹੋ ਸਕਦਾ ਕੁਝ ਮੰਡੀਆਂ ’ਚ ਤਿਰਪਾਲਾਂ ਦੀ ਕਮੀ ਹੋਵੇ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ