ਰਸਤਾ ਨਾ ਦੇਣ ਕਾਰਨ 2 ਧਿਰਾਂ ’ਚ ਚੱਲੀਅਾਂ ਗੋਲੀਅਾਂ, 4 ਜ਼ਖਮੀ
Monday, Nov 26, 2018 - 02:50 AM (IST)

ਕਪੂਰਥਲਾ, (ਭੂਸ਼ਣ)- ਐਤਵਾਰ ਨੂੰ ਨਜ਼ਦੀਕੀ ਪਿੰਡ ਲਖਨ ਕਲਾਂ ’ਚ 2 ਧਿਰਾਂ ’ਚ ਚੱਲ ਰਹੇ ਝਗਡ਼ੇ ਨੇ ਉਸ ਸਮੇਂ ਵੱਡਾ ਰੂਪ ਧਾਰਨ ਕਰ ਗਿਆ, ਜਦੋਂ ਇਕ ਧਿਰ ਨੇ ਦੂਜੀ ਧਿਰ ’ਤੇ ਫਾਇਰਿੰਗ ਕਰ ਕੇ 2 ਵਿਅਕਤੀਅਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ । ਉਥੇ ਹੀ ਇਸ ਦੌਰਾਨ ਗੋਲੀਬਾਰੀ ਦਾ ਸ਼ਿਕਾਰ ਹੋਏ ਪੱਖ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ’ਚ 2 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਨੇ ਪੁਲਸ ਟੀਮ ਦੇ ਨਾਲ ਚਾਰਾਂ ਜ਼ਖਮੀਅਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਆਖਿਰੀ ਸਮਾਚਾਰ ਮਿਲਣ ਤਕ ਪੁਲਸ ਦੋਨਾਂ ਧਿਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਉਥੇ ਹੀ ਦੂਜੇ ਪਾਸੇ ਹਸਪਤਾਲ ’ਚ ਦਾਖਲ ਸਾਰੇ ਜ਼ਖਮੀਅਾਂ ਦੇ ਕਮਰਿਆਂ ਦੇ ਬਾਹਰ ਪੁਲਸ ਗਾਰਡ ਤਾਇਨਾਤ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਐਤਵਾਰ ਦੀ ਦੁਪਹਿਰ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਗੁਰਦਿਆਲ ਸਿੰਘ ਨੂੰ ਸੂਚਨਾ ਮਿਲੀ ਦੀ ਕਿ ਨਜ਼ਦੀਕੀ ਪਿੰਡ ਲਖਨ ਕਲਾਂ ’ਚ ਦੋ ਧਿਰਾਂ ’ਚ ਕਾਫ਼ੀ ਵੱਡੇ ਪੱਧਰ ’ਤੇ ਲਡ਼ਾਈ ਚੱਲ ਰਹੀ ਹੈ। ਜਿਸ ਦੌਰਾਨ ਇਕ ਪੱਖ ਦੇ ਮੈਂਬਰ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਜਿਸ ਦੌਰਾਨ ਜਦੋਂ ਮੌਕੇ ’ਤੇ ਪਹੁੰਚੀ ਸਦਰ ਪੁਲਸ ਨੇ ਜਿਥੇ ਦੋਨਾਂ ਧਿਰਾਂ ਨੂੰ ਵੱਖ-ਵੱਖ ਕੀਤਾ, ਉਥੇ ਹੀ ਇਸ ਪੂਰੇ ਘਟਨਾਕ੍ਰਮ ਵਿਚ ਜ਼ਖਮੀ ਹੋਏ ਚਾਰਾਂ ਜ਼ਖਮੀਅਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਪੁਲਸ ਵੱਲੋਂ ਕੀਤੀ ਗਈ ਪੁੱਛਗਿਛ ਅਤੇ ਉਥੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਦੌਰਾਨ ਇਨ੍ਹਾਂ ਦੋਨਾਂ ਧਿਰਾਂ ਦਾ ਰਸਤਾ ਦੇਣ ਨੂੰ ਲੈ ਕੇ ਕਾਫ਼ੀ ਝਗਡ਼ਾ ਹੋਇਆ ਸੀ, ਜਿਸ ਦੌਰਾਨ ਦੂਜੀ ਧਿਰ ਨਾਲ ਸਬੰਧਤ ਸ਼ੇਰ ਸਿੰਘ ਪੁੱਤਰ ਅਜੀਤ ਸਿੰਘ ਨੇ ਆਪਣੇ ਪਿਸਤੌਲ ਨਾਲ ਫਾਇਰਿੰਗ ਕਰ ਕੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਤਰਸੇਮ ਸਿੰਘ ਅਤੇ ਕੁਲਜੀਤ ਸਿੰਘ ਉਰਫ ਕਿੰਦਾ ਜੋ ਕਿ ਹਰਪ੍ਰੀਤ ਸਿੰਘ ਦਾ ਰਿਸ਼ਤੇਦਾਰ ਹੈ, ਦੋਨਾਂ ਦੀਅਾਂ ਲੱਤਾਂ ’ਤੇ ਗੋਲੀਅਾਂ ਮਾਰੀਅਾਂ। ਜਿਸ ਦੌਰਾਨ ਹਰਪ੍ਰੀਤ ਸਿੰਘ ਦੇ ਪੱਖ ਤੋਂ ਆਏ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਦੌਰਾਨ ਜਸਬੀਰ ਸਿੰਘ ਪੁੱਤਰ ਸ਼ੰਕਰ ਸਿੰਘ ਅਤੇ ਦਰਮਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਫਾਇਰਿੰਗ ਕਰਨ ਵਾਲਾ ਮੁਲਜ਼ਮ ਸ਼ੇਰਾ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ, ਉਥੇ ਹੀ ਪੁਲਸ ਜਾਂਚ ’ਚ ਹੁਣ ਇਹ ਖੁਲਾਸਾ ਨਹੀਂ ਹੋ ਪਾਇਆ ਹੈ ਕਿ ਘਟਨਾ ਦੇ ਦੌਰਾਨ ਇਸਤੇਮਾਲ ਵਿਚ ਲਿਅਾਂਦਾ ਗਿਆ ਪਿਸਤੌਲ ਲਾਈਸੈਂਸੀ ਸੀ ਜਾਂ ਨਾਜਾਇਜ਼। ਜਿਸ ਦਾ ਖੁਲਾਸਾ ਸ਼ੇਰ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ ਹੀ ਹੋ ਪਾਵੇਗਾ। ਉਥੇ ਹੀ ਚਾਰਾਂ ਜ਼ਖਮੀਅਾਂ ਦੇ ਕਮਰਿਆਂ ਦੇ ਬਾਹਰ ਸਦਰ ਪੁਲਸ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ । ਜ਼ਖਮੀਅਾਂ ਦੇ ਠੀਕ ਹੋਣ ਦੇ ਬਾਅਦ ਇਸ ਪੂਰੇ ਮਾਮਲੇ ’ਚ ਸਦਰ ਪੁਲਸ ਗ੍ਰਿਫਤਾਰੀਅਾਂ ਪਾਵੇਗੀ, ਫਿਲਹਾਲ ਫਰਾਰ ਹੋਏ ਸ਼ੇਰ ਸਿੰਘ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ।