20, 21 ਅਤੇ 24 ਅਕਤੂਬਰ ਨੂੰ ਮੁਕੇਰੀਆਂ ਹਲਕੇ ''ਚ ਰਹੇਗਾ ''ਡਰਾਈ ਡੇਅ''

Sunday, Sep 29, 2019 - 01:37 PM (IST)

20, 21 ਅਤੇ 24 ਅਕਤੂਬਰ ਨੂੰ ਮੁਕੇਰੀਆਂ ਹਲਕੇ ''ਚ ਰਹੇਗਾ ''ਡਰਾਈ ਡੇਅ''

ਹੁਸ਼ਿਆਰਪੁਰ (ਘੁੰਮਣ)— ਵਿਧਾਨ ਸਭਾ ਹਲਕਾ-39 ਮੁਕੇਰੀਆਂ ਦੀ ਉਪ ਚੋਣ 'ਚ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਬੀਤੇ ਦਿਨਜ਼ਿਲਾ ਚੋਣ ਅਧਿਕਾਰੀ-ਕਮ-ਡੀ. ਸੀ. ਈਸ਼ਾ ਕਾਲੀਆ ਨੇ ਪ੍ਰਿੰਟ, ਪ੍ਰੈੱਸ ਅਤੇ ਮੈਰਿਜ ਪੈਲੇਸ ਮਾਲਕਾਂ ਨਾਲ ਮੀਟਿੰਗ ਕੀਤੀ। ਡੀ. ਸੀ. ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਏ. ਡੀ. ਸੀ. ਹਰਪ੍ਰੀਤ ਸੂਦਨ ਅਤੇ ਚੋਣ ਤਹਿਸੀਲਦਾਰ ਕਰਨੈਲ ਸਿੰਘ ਵੀ ਮੌਜੂਦ ਸਨ।

ਕਾਲੀਆ ਨੇ ਕਿਹਾ ਕਿ ਹਰ ਸੈਗਮੈਂਟ ਦੇ ਆਧਾਰ 'ਤੇ ਵਿਧਾਨ ਸਭਾ ਹਲਕੇ 'ਚ ਫਲਾਇੰਗ ਸਕੁਐਡ ਦੀਆਂ ਟੀਮਾਂ ਕਾਰਜਸ਼ੀਲ ਹਨ ਅਤੇ ਇਹ ਟੀਮਾਂ 24 ਘੰਟੇ ਤਾਇਨਾਤ ਰਹਿੰਦਿਆਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਲਿਆਉਣ ਦੀ ਕਾਰਵਾਈ ਨੂੰ ਅਮਲ 'ਚ ਲਿਆਉਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਕ ਅਸਥਾਨ 'ਤੇ ਕਿਸੇ ਧਾਰਮਕ ਆਗੂ ਦੀ ਫੋਟੋ ਨਾਲ ਕਿਸੇ ਉਮੀਦਵਾਰ ਦੀ ਫੋਟੋ ਚੋਣਾਂ ਦੌਰਾਨ ਨਾ ਪ੍ਰਕਾਸ਼ਿਤ ਕੀਤੀ ਜਾਵੇ ਅਤੇ ਨਾ ਹੀ ਕਿਸੇ ਵੀ ਪੋਸਟਰ 'ਤੇ ਧਰਮ ਜਾਂ ਜਾਤੀ ਜਾਂ ਭਾਸ਼ਾ ਦੇ ਆਧਾਰ 'ਤੇ ਕਿਸੇ ਵੀ ਤਰ੍ਹਾਂ ਦੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਅਪੀਲ ਛਾਪੀ ਜਾਵੇ। ਇਸ ਦੀ ਉਲੰਘਣਾ ਕਰਨ ਵਾਲੇ ਖਿਲਾਫ ਆਰ. ਪੀ. ਐਕਟ 1951 ਦੀ ਧਾਰਾ 127-ਏ ਤਹਿਤ ਕਾਰਵਾਈ ਕੀਤੀ ਜਾਵੇਗੀ।

ਜ਼ਿਲਾ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ 20 ਤੋਂ 21 ਅਕਤੂਬਰ ਅਤੇ 24 ਅਕਤੂਬਰ 2019 ਨੂੰ ਗਿਣਤੀ ਵਾਲੇ ਦਿਨ 'ਡਰਾਈ ਡੇਅ' ਐਲਾਨ ਕੀਤਾ ਜਾਵੇਗਾ, ਜਿਸ ਅਨੁਸਾਰ ਸ਼ਰਾਬ 'ਤੇ ਪਾਬੰਦੀ ਲਾਈ ਜਾਵੇਗੀ ਅਤੇ ਸ਼ਰਾਬ ਨਾ ਤਾਂ ਖਰੀਦੀ ਅਤੇ ਨਾ ਹੀ ਵੇਚੀ ਜਾ ਸਕੇਗੀ। ਉਨ੍ਹਾਂ ਨੇ ਮੈਰਿਜ ਪੈਲੇਸਾਂ ਦੇ ਮਾਲਕਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਵੀ ਰਾਜਨੀਤਕ ਦਲ ਅਤੇ ਉਮੀਦਵਾਰ ਵੱਲੋਂ ਮੈਰਿਜ ਪੈਲੇਸ ਵਿਚ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤੀ ਜਾਵੇ।


author

shivani attri

Content Editor

Related News