ਕਿੰਨਰ ਗੈਂਗ ਦਾ ਕਾਲਾ ਕਾਰਨਾਮਾ ਆਇਆ ਸਾਹਮਣੇ, 4 ਮੈਂਬਰ ਚੜ੍ਹੇ ਅੜਿੱਕੇ

Saturday, Oct 19, 2019 - 11:57 AM (IST)

ਕਿੰਨਰ ਗੈਂਗ ਦਾ ਕਾਲਾ ਕਾਰਨਾਮਾ ਆਇਆ ਸਾਹਮਣੇ, 4 ਮੈਂਬਰ ਚੜ੍ਹੇ ਅੜਿੱਕੇ

ਲਾਂਬੜਾ (ਵਰਿੰਦਰ)— ਲਾਂਬੜਾ ਪੁਲਸ ਨੇ ਨਸ਼ਾ ਸਪਲਾਈ ਕਰਨ ਵਾਲੇ ਕਿੰਨਰ ਗੈਂਗ ਦੇ 4 ਮੈਂਬਰਾਂ ਨੂੰ ਨਸ਼ਾ ਅਤੇ ਹੋਰ ਸਾਮਾਨ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਸੁਰਿੰਦਰਪਾਲ ਡੀ. ਐੱਸ. ਪੀ. ਕਰਤਾਰਪੁਰ ਨੇ ਦੱਸਿਆ ਕਿ ਥਾਣਾ ਮੁਖੀ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ, ਜਿਸ ਕਾਰਨ ਇਲਾਕੇ 'ਚ ਸਪੈਸ਼ਲ ਨਾਕਾਬੰਦੀ ਕੀਤੀ ਗਈ। ਸਥਾਨਕ ਬਾਜ਼ਾਰ ਦੇ ਚਿੱਟੀ ਮੋੜ 'ਤੇ ਲਾਏ ਨਾਕੇ ਦੌਰਾਨ ਪੁਲਸ ਪਾਰਟੀ ਵੱਲੋਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 44 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਵਿਸ਼ਾਲ ਪੁੱਤਰ ਸਤਪਾਲ ਵਾਸੀ ਵਾਰਡ ਨੰ. 2 ਗੜ੍ਹਸ਼ੰਕਰ ਵਜੋਂ ਹੋਈ, ਜਿਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ |
ਡੀ. ਐੱਸ. ਪੀ. ਸੁਰਿੰਦਰਪਾਲ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਹ ਹੈਰੋਇਨ ਰਣਜੀਤ ਸਿੰਘ ਉਰਫ ਹੈਪੀ ਪੁੱਤਰ ਸੁੱਚਾ ਸਿੰਘ ਵਾਸੀ ਵਾਰਡ ਨੰਬਰ 10 ਮੁਹੱਲਾ ਗੁਰੂ ਨਾਨਕ ਨਗਰ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਕੋਲੋਂ ਸਸਤੇ ਭਾਅ 'ਤੇ ਲਿਆ ਕੇ ਆਪਣੇ ਗਾਹਕਾਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਹੈ। ਰਣਜੀਤ ਸਿੰਘ ਨੇ ਨਸ਼ਾ ਸਪਲਾਈ ਕਰਨ ਲਈ ਆਪਣੇ ਨਾਲ ਦੋ ਕਿੰਨਰ ਰੱਖੇ ਹੋਏ ਹਨ, ਜੋ ਐਕਟਿਵਾ 'ਤੇ ਘੁੰਮ ਕੇ ਹੈਰੋਇਨ ਸਪਲਾਈ ਕਰਦੇ ਹਨ।

ਜਦ ਪੁਲਸ ਪਾਰਟੀ ਸਪੈਸ਼ਲ ਨਾਕਾਬੰਦੀ ਦੌਰਾਨ ਚਿੱਟੀ ਮੋੜ 'ਤੇ ਮੌਜੂਦ ਸੀ ਤਾਂ ਇਕ ਐਕਟਿਵਾ 'ਤੇ ਇਕ ਮੋਨਾ ਨੌਜਵਾਨ, ਇਕ ਨਕਲੀ ਕਿੰਨਰ ਅਤੇ ਇਕ ਅਸਲੀ ਕਿੰਨਰ ਸਵਾਰ ਸੀ, ਜੋ ਨਕੋਦਰ ਸਾਈਡ ਵੱਲੋਂ ਆਏ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਐਕਟਿਵਾ ਚਾਲਕ ਨੇ ਆਪਣਾ ਨਾਂ ਰਣਜੀਤ ਸਿੰਘ ਉਰਫ ਹੈਪੀ ਪੁੱਤਰ ਸੁੱਚਾ ਸਿੰਘ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਗੜ੍ਹਸ਼ੰਕਰ ਦੱਸਿਆ, ਜਿਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 47 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਦੇ ਨਾਲ ਬੈਠੇ ਅਸਲੀ ਕਿੰਨਰ ਨੇ ਆਪਣਾ ਨਾਂ ਗੀਤਾ ਰਾਣੀ ਉਰਫ਼ ਗੀਤ ਕੁਮਾਰੀ ਪੁੱਤਰੀ ਨਿਰਮਲ ਸਿੰਘ ਵਾਸੀ ਨਾਰੂ ਨੰਗਲ ਜ਼ਿਲਾ ਹੁਸ਼ਿਆਰਪੁਰ ਹਾਲ ਵਾਸੀ ਗੁਰੂ ਨਾਨਕ ਨਗਰ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੱਸਿਆ, ਜਿਸ ਦੀ ਤਲਾਸ਼ੀ ਕਰਨ 'ਤੇ ਉਸ ਪਾਸੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਨ੍ਹਾਂ ਦੇ ਨਾਲ ਨਕਲੀ ਕਿੰਨਰ ਨੇ ਆਪਣਾ ਨਾਂ ਵੰਸ਼ ਉਰਫ ਰੂਹੀ ਪੁੱਤਰ ਤੇਜਿੰਦਰ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਨੇੜੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਦੱਸਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 41 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਕਿੰਨਰਾਂ ਨਾਲ ਰਲ ਕੇ ਹੈਰੋਇਨ ਸਪਲਾਈ ਕਰਦਾ ਸੀ ਤਾਂ ਜੋ ਇਸ ਦੀ ਭਿਣਕ ਪੁਲਸ ਨੂੰ ਨਾ ਲੱਗ ਸਕੇ। ਪੁਲਸ ਵਲੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਮੁਲਜ਼ਮ ਰਣਜੀਤ ਸਿੰਘ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਕਿੰਨਰਾਂ ਰਾਹੀਂ ਹੈਰੋਇਨ ਦਿੱਲੀ ਤੋਂ ਨਾਈਜੀਰੀਅਨ ਅਭੀ ਕੋਲੋਂ 10 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਦਾ ਸੀ ਅਤੇ ਅੱਗੇ ਮਹਿੰਗੇ ਰੇਟ 'ਤੇ ਵੇਚਦਾ ਸੀ। ਉਹ ਕਿੰਨਰਾਂ ਨੂੰ ਇਸ ਲਈ ਇਸਤੇਮਾਲ ਕਰਦਾ ਸੀ ਕਿਉਂਕਿ ਪੁਲਸ ਇਨ੍ਹਾਂ 'ਕ੍ਰਤੇ ਸ਼ੱਕ ਨਹੀਂ ਕਰਦੀ। ਪੁਲਸ ਵੱਲੋਂ ਮੁਲਜ਼ਮਾਂ ਦਾ ਇਕ ਦਿਨ ਦਾ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਅਗਲੀ ਪੁੱਛਗਿੱਛ ਵਿਚ ਹੋਰ ਕਈ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।


author

shivani attri

Content Editor

Related News